ਬਿਉਰੋ ਰਿਪੋਰਟ – ਬਠਿੰਡਾ ਤੀਜੀ ਸ਼ਤਾਬਦੀ ਵਿੱਚ ਹੋਂਦ ਵਿੱਚ ਆਇਆ। ਅੱਜ 21ਵੀਂ ਸ਼ਤਾਬਦੀ ਚੱਲ ਰਹੀ ਹੈ। ਤਤਕਾਲੀ ਰਾਜੇ ਬਾਲ ਰਵ ਭੱਟੀ ਨੇ ਜੰਗਲਾਂ ਨੂੰ ਸਾਫ ਕਰਕੇ ਇਸ ਸ਼ਹਿਰ ਨੂੰ ਹੋਂਦ ਵਿੱਚ ਲਿਆਏ ਅਤੇ ਇਸ ਨੂੰ ਬਠਿੰਡਾ ਨਾਂ ਦਿੱਤਾ। ਭਾਰਤ ਦੇ ਤਖ਼ਤ ‘ਤੇ ਰਾਜ ਕਰਨ ਵਾਲੀ ਪਹਿਲੀ ਮਹਿਲਾ ਰਜ਼ੀਆ ਸੁਲਤਾਨਾ ਨੂੰ ਇਸੇ ਸ਼ਹਿਰ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ। 2024 ਦੀ ਬਠਿੰਡਾ ਹਲਕੇ ਦੀ ਲੋਕਸਭਾ ਚੋਣ ਕਿਸੇ ਸਿਆਸੀ ਇਤਿਹਾਸਕ ਘਟਨਾ ਤੋਂ ਘੱਟ ਨਹੀਂ ਹੈ। ਪੰਜਾਬ ਦੇ ਸਭ ਤੋਂ ਵੱਡੇ ਸਿਆਸੀ ਖ਼ਾਨਦਾਰ ਬਾਦਲ ਪਰਿਵਾਰ ਦੀ ਸਾਖ ਦਾਅ ’ਤੇ ਹੈ।
2 ਸਾਲ ਪਹਿਲਾਂ ਬਠਿੰਡਾ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਰਿਕਾਰਡ ਫ਼ਰਕ ਨਾਲ ਹੂੰਝਾਫੇਰ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਲਈ ਇਹ ਸੀਟ ਵੱਡਾ ਸਿਆਸੀ ਟੈਸਟ ਹੈ। 28 ਸਾਲ ਤੋਂ ਜਿੱਤ ਲਈ ਤਰਸ ਰਹੀ ਕਾਂਗਰਸ ਕਈ ਵਾਰ ਜਿੱਤ ਮੁੱਠੀ ਵਿੱਚ ਆਉਂਦੇ ਆਉਂਦੇ ਖਿਸਕਦੀ ਰਹੀ, ਇਸ ਵਾਰ ਮੁੜ ਤੋਂ ਕਾਂਗਰਸ ਜਿੱਤ ਦੀ ਉਮੀਦਵਾਰ ਨਾਲ ਮੈਦਾਨ ਵਿੱਚ ਉੱਤਰੀ ਹੈ।
ਬਠਿੰਡਾ ਦੇ ਮੌਜੂਦਾ ਸਿਆਸੀ ਸਮੀਕਰਣ ਅਤੇ ਜਿੱਤ ਅਤੇ ਹਾਰ ਦੇ ਸੰਕੇਤ ਤੱਕ ਪਹੁੰਚਣ ਦੇ ਲਈ ਸਾਨੂੰ ਪੁਰਾਣੇ ਸਿਆਸੀ ਇਤਿਹਾਸ ਦੀ ਨਬਜ਼ ਨੂੰ ਟਟੋਲਨ ਲਈ ਸਭ ਤੋਂ ਪਹਿਲਾਂ ਬਠਿੰਡਾ ਹਲਕੇ ਦੇ ਸਿਆਸੀ ਸੁਭਾਅ ਨੂੰ ਸਮਝਣਾ ਹੋਵੇਗਾ, ਫਿਰ ਇਸ ਵਾਰ ਦੇ ਸਮੀਕਰਣ ਦੀ ਪਰਚੋਲ ਕਰਕੇ ਇੱਕ ਨਿਰਪੱਖ ਸਿਆਸੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ।
28 ਸਾਲ ਤੋਂ ਜਿੱਤ ਲਈ ਤਰਸ ਰਹੀ ਹੈ ਕਾਂਗਰਸ
ਬਠਿੰਡਾ ਲੋਕਸਭਾ ਹਲਕੇ ਵਿੱਚ 14 ਲੱਖ ਦੇ ਕਰੀਬ ਵੋਟਰ ਹਨ। 1952 ਲੈਕੇ 2019 ਤੱਕ ਹਣ ਤੱਕ 19 ਵਾਰ ਚੋਣਾਂ ਹੋਈਆਂ ਹਨ। ਕਾਂਗਰਸ ਸਿਰਫ਼ 2 ਵਾਰ ਜਿੱਤੀ ਹੈ, 1996 ਤੋਂ 1919 ਤੱਕ 28 ਸਾਲਾਂ ਵਿੱਚ ਕਾਂਗਰਸ ਇਸ ਸੀਟ ’ਤੇ ਇੱਕ ਵਾਰ ਵੀ ਜਿੱਤ ਹਾਸਲ ਨਹੀਂ ਕਰ ਸਕੀ ਹੈ। ਯਾਨੀ ਇੱਕ ਗੱਲ ਸਾਫ਼ ਹੈ ਪੰਜਾਬ ਦੀ ਬਠਿੰਡਾ ਸੀਟ ਅਜਿਹੀ ਹੈ ਜਿੱਥੇ ਕਾਂਗਰਸ ਸਭ ਤੋਂ ਜ਼ਿਆਦਾ ਕਮਜ਼ੋਰ ਹੈ। ਇਸ ਦੌਰਾਨ 2 ਵਾਰ CPI ਨੇ ਵੀ ਬਠਿੰਡਾ ਸੀਟ ਜਿੱਤੀ ਹੈ ਪਹਿਲੀ ਵਾਰ 1971 ਵਿੱਚ ਭਾਨ ਸਿੰਘ ਭੋਹਰਾ ਜਿੱਤੇ। ਫਿਰ 28 ਸਾਲ ਮੁੜ ਤੋਂ 1999 ਵਿੱਚ CPI ਦੀ ਟਿਕਟ ’ਤੇ ਭਾਨ ਸਿੰਘ ਭੋਹਰਾ ਨੇ ਹੀ ਜਿੱਤ ਹਾਸਲ ਕੀਤੀ। 1977 ਵਿੱਚ ਪਹਿਲੀ ਵਾਰ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ।
ਫਿਰ 1996 ਅਤੇ 1998 ਅਤੇ ਹੁਣ 2004 ਤੋਂ ਲੈਕੇ 2019 ਤੱਕ ਲਗਾਤਾਰ 5 ਵਾਰ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ। 1952 ਤੋਂ 1989 ਤੱਕ ਚਾਰ ਵਾਰ ਅਜ਼ਾਦ ਉਮੀਦਵਾਰ ਵੀ ਜਿੱਤੇ। ਕੁੱਲ ਮਿਲਾ ਕੇ ਬਠਿੰਡਾ ਸੀਟ ਪਿਛਲੇ 25 ਸਾਲਾਂ ਵਿੱਚ ਅਕਾਲੀ ਦਲ ਦਾ ਮਜ਼ਬੂਤ ਕਿਲ੍ਹਾ ਸਾਬਿਤ ਹੋਇਆ ਹੈ। ਇਸ ਦੇ ਪਿੱਛੇ ਬਾਦਲ ਪਰਿਵਾਰ ਦਾ ਆਪਣਾ ਵੱਡਾ ਸਿਆਸੀ ਕੱਦ ਰਿਹਾ ਹੈ। ਬਠਿੰਡਾ ਨੂੰ ਕੋਈ ਮਤਲਬ ਨਹੀਂ ਹੈ ਕਿ ਕੇਂਦਰ ਅਤੇ ਸੂਬੇ ਵਿੱਚ ਕਿਸ ਦੀ ਸਰਕਾਰ ਹੈ। ਇਹ ਆਪਣਾ ਫੈਸਲਾ ਆਪਣੀ ਮਰਜ਼ੀ ਦੇ ਨਾਲ ਕਰਦੇ ਹਨ।
ਬਠਿੰਡਾ ਨਾਲ ਜੁੜੀ ਬਾਦਲ ਪਰਿਵਾਰ ਦੀ ਸਾਖ਼
2004 ਤੱਕ ਬਠਿੰਡਾ ਸੀਟ ਰਿਜ਼ਰਵਰ ਸੀ, ਯਾਨੀ ਐੱਸਸੀ ਉਮੀਦਵਾਰ (SC Candidate) ਹੀ ਮੈਦਾਨ ਵਿੱਚ ਹੁੰਦਾ ਸੀ। ਅਕਾਲੀ ਦਲ ਦੀ ਪਰਮਜੀਤ ਕੌਰ ਗੁਲਸ਼ਨ ਨੇ 2004 ਵਿੱਚ ਜਿੱਤ ਹਾਸਲ ਕੀਤੀ ਸੀ। 2009 ਵਿੱਚ ਬਠਿੰਡਾ ਜਨਰਲ ਸੀਟ ਬਣੀ। ਸੂਬੇ ਵਿੱਚ ਅਕਾਲੀ ਦਲ ਅਤੇ ਬੀਜੇਪੀ ਦੀ ਸਰਕਾਰ ਸੀ। ਇਸੇ ਸਾਲ ਵਿੱਚ ਪੰਜਾਬ ਦੀ ਸਭ ਤੋਂ ਵੱਡੀ ਸਿਆਸੀ ਲੜਾਈ ਬਠਿੰਡਾ ਵਿੱਚ ਹੋਈ, ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਮੈਦਾਨ ਵਿੱਚ ਉਤਾਰਿਆ ਤਾਂ ਕਾਂਗਰਸ ਨੇ ਚੁਣੌਤੀ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਨੂੰ ਖੜਾ ਕੀਤਾ।
ਹਰਸਿਮਰਤ ਕੌਰ ਬਾਦਲ ਨੇ 1 ਲੱਖ 20,948 ਦੇ ਫ਼ਰਕ ਨਾਲ ਰਣਇੰਦਰ ਨੂੰ ਹਰਾਇਆ। ਅਗਲੀਆਂ 2 ਚੋਣਾਂ 2014 ਅਤੇ 2019 ਵਿੱਚ ਹਰਸਿਮਰਤ ਕੌਰ ਬਾਦਲ ਜਿੱਤੀ, ਪਰ ਜਿੱਤ ਦਾ ਅੰਤਰ ਇੱਕ ਵਾਰ 19 ਅਤੇ ਦੂਜੀ ਵਾਰ 21 ਹਜ਼ਾਰ ਰਿਹਾ। ਵੋਟ ਫੀਸਦ ਦੇ ਰੂਪ ਵਿੱਚ ਸਿਰਫ਼ 1 ਫੀਸਦੀ ਦਾ ਮਾਰਜਨ ਸੀ। ਕਾਂਗਰਸ ਨੇ ਦੋਵੇਂ ਵਾਰ ਅਕਾਲੀ ਦਲ ਦਾ ਕਿਲ੍ਹਾ ਢਾਉਣ ਲਈ ਸਭ ਤੋਂ ਪਹਿਲਾਂ 2014 ਵਿੱਚ ਮਨਪ੍ਰੀਤ ਬਾਦਲ ਨੂੰ ਉਮੀਦਵਾਰ ਬਣਾਇਆ ਅਤੇ ਫਿਰ 2019 ਵਿੱਚ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰਿਆ।
ਉਸ ਸਮੇਂ ਇਹ ਦੋਵੇ ਬਾਦਲ ਪਰਿਵਾਰ ਦੇ ਕੱਟਰ ਵਿਰੋਧੀ ਸਨ ਅਤੇ ਹਰ ਹਾਲ ਵਿੱਚ ਜਿੱਤ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਨੇ ਪੂਰੀ ਸਿਆਸੀ ਵਾਹ ਲਾ ਦਿੱਤੀ ਪਰ ਥੋੜੇ ਅੰਤਰ ਨਾਲ ਹਾਰ ਗਏ। ਪਰ 2024 ਵਿੱਚ ਬਠਿੰਡਾ ਸਿਆਸੀ ਸੀਟ ’ਤੇ ਸਿਆਸੀ ਸਮੀਕਰਣ ਕਈ ਤਰ੍ਹਾਂ ਨਾਲ ਬਦਲੇ ਹਨ। ਸਿਆਸੀ ਕੱਟਰ ਦੁਸ਼ਮਣੀ ਦੀ ਕੁੜਤਨ ਖ਼ਤਮ ਹੋ ਚੁੱਕੀ ਹੈ।
1997 ਤੋਂ 2019 ਤੱਕ ਅਕਾਲੀ ਦਲ ਨੇ ਬੀਜੇਪੀ ਦੇ ਨਾਲ ਮਿਲ ਕੇ ਚੋਣ ਲੜੀ। ਪਾਰਟੀ ਨੂੰ ਸ਼ਹਿਰਾਂ ਵਿੱਚ ਬੀਜੇਪੀ ਦੇ ਵੋਟਾਂ ਨਾਲ ਫਾਇਦਾ ਹੋਇਆ। ਪੇਂਡੂ ਵੋਟ ਅਕਾਲੀ ਦਲ ਦਾ ਵੋਟ ਬੈਂਕ ਸੀ। ਬਠਿੰਡਾ ਲੋਕਸਭਾ ਹਲਕੇ ਵਿੱਚ ਬਠਿੰਡਾ ਸ਼ਹਿਰੀ ਅਤੇ ਮਾਨਸਾ ਹਿੰਦੂ ਭਾਈਚਾਰੇ ਦੇ ਵੋਟ ਵੱਡੀ ਗਿਣਤੀ ਵਿੱਚ ਹਨ। ਮੋਦੀ ਵੇਵ ਵਿੱਚ ਹਰਸਿਮਰਤ ਨੂੰ ਇੱਥੋਂ ਪਿਛਲੀਆਂ 2 ਚੋਣਾਂ ਵਿੱਚ ਕਾਫੀ ਵੋਟ ਮਿਲੇ।
2019 ਵਿੱਚ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਸ਼ਹਿਰੀ ਤੋਂ 63 ਹਜ਼ਾਰ ਵੋਟ ਮਿਲੇ ਜਦਕਿ ਕਾਂਗਰਸ ਨੂੰ 59 ਹਜ਼ਾਰ ਵੋਟਰ ਮਿਲੇ ਸਨ। ਮਾਨਸਾ ਵਿੱਚ ਹਰਸਿਮਰਤ ਕੌਰ ਬਾਦਲ ਨੂੰ 56 ਹਜ਼ਾਰ ਵੋਟ ਮਿਲੇ ਜਦਕਿ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੂੰ 59 ਹਜ਼ਾਰ ਵੋਟ ਮਿਲੇ। ਪਰ ਇਸ ਵਾਰ ਵਾਰ ਅਕਾਲੀ ਦਲ ਅਤੇ ਬੀਜੇਪੀ ਵੱਖ-ਵੱਖ ਚੋਣ ਲੜ ਰਹੇ ਹਨ। ਇਸ ਲਈ ਵੋਟ ਵੰਡੇ ਜਾਣਗੇ, ਪਰ ਕਾਂਗਰਸ ਦੇ ਹਿੰਦੂ ਤੇ ਸਿੱਖ ਵੋਟਰਾਂ ’ਤੇ ਇਸ ਦਾ ਅਸਰ ਘੱਟ ਹੀ ਵੇਖਣ ਨੂੰ ਮਿਲੇਗਾ।
ਵਿਰੋਧੀਆਂ ਦੇ ਕਮਜ਼ੋਰ ਉਮੀਦਵਾਰ ਹਰਸਿਮਰਤ ਲਈ ‘ਜੀਵਨਦਾਨ’
ਬਠਿੰਡਾ ਲੋਕਸਭਾ ਸੀਟ ’ਤੇ ਹਰਸਿਮਰਤ ਕੌਰ ਬਾਦਲ ਦੇ ਲਈ ਚੰਗੀ ਗੱਲ ਇਹ ਹੈ ਕਿ ਕਿਸੇ ਵੀ ਪਾਰਟੀ ਨੇ ਉਨ੍ਹਾਂ ਦੇ ਖਿਲਾਫ ਕੋਈ ਵੱਡਾ ਉਮੀਦਵਾਰ ਖੜਾ ਨਹੀਂ ਕੀਤਾ ਹੈ ਜਿਸ ਨੂੰ 2014 ਅਤੇ 2019 ਵਾਂਗ ਗੇਮ ਚੇਂਜਰ ਮੰਨਿਆ ਜਾਵੇ। ਸਿਆਸੀ ਮਾਹਿਰ ਇਸ ਨੂੰ ਸੁਖਬੀਰ ਬਾਦਲ ਦਾ ਇਲੈਕਸ਼ਨ ਮੈਨੇਜੈਂਟ ਦੱਸ ਰਹੇ ਹਨ। ਕੁਝ ਵਿਰੋਧੀ ਨਾਲ ਸੈਟਿੰਗ ਦੱਸ ਰਹੇ ਹਨ। ਕਈਆਂ ਦਾ ਕਹਿਣਾ ਹੈ ਕਿ 2022 ਵਿੱਚ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਵੱਡੀ ਸਿਆਸੀ ਧਿਰ ਬਣ ਕੇ ਉਭਰੀ ਹੈ ਉਸ ਤੋਂ ਬਾਅਦ ਅਕਾਲੀ ਦਲ ਅਤੇ ਕਾਂਗਰਸ ਨੇ ਅੰਦਰ ਖਾਤੇ ਹੱਥ ਮਿਲਾ ਲਿਆ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲਾ ਹਰਸਿਮਰਤ ਕੌਰ ਬਾਦਲ ਨੂੰ ਫਿਰੋਜ਼ਪੁਰ ਸ਼ਿਫਟ ਕਰਨ ਜਾ ਰਹੇ ਸਨ ਪਰ ਪਤਨੀ ਦੇ ਅੜ ਜਾਣ ਤੋਂ ਬਾਅਦ ਉਨ੍ਹਾਂ ਨੂੰ ਬਠਿੰਡਾ ਤੋਂ ਉਮੀਦਵਾਰ ਐਲਾਨਿਆ ਗਿਆ। ਦਰਅਸਲ ਅਕਾਲੀ ਦਲ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਨਾਂ ਦਾ ਇੰਤਜ਼ਾਰ ਕਰ ਰਿਹਾ ਸੀ। ਕਾਂਗਰਸ ਵੱਲੋਂ ਵੜਿੰਗ ਦਾ ਆਪਣਾ ਨਾਂ ਅਤੇ ਉਨ੍ਹਾਂ ਦੀ ਪਤਨੀ ਅਮ੍ਰਿਤਾ ਵੜਿੰਗ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਨਾਂ ਚੱਲ ਰਿਹਾ ਸੀ। ਪਰ ਅਖੀਰਲੇ 48 ਘੰਟੇ ਵਿੱਚ ਤਲਵੰਡੀ ਸਾਬੋਂ ਦੇ 4 ਵਾਰ ਦੇ ਵਿਧਾਇਕ ਅਤੇ ਪਿਛਲੀਆਂ 2 ਚੋਣਾਂ ਲਗਾਤਾਰ ਹਾਰਨ ਵਾਲੇ ਜੀਤ ਮਹਿੰਦਰ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਬਣਾ ਦਿੱਤਾ।
ਬੱਸ ਇੱਥੇ ਹੀ ਅਕਾਲੀ ਦਲ ਨੇ ਅੱਧੀ ਲੜਾਈ ਜਿੱਤ ਲਈ। ਹਾਲਾਂਕਿ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਅਜ਼ਾਦ ਖੜੇ ਹੋਣ ਦੀਆਂ ਖਬਰਾਂ ਆਈਆਂ ਸਨ, ਪਰ ਪ੍ਰਤਾਪ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਉਹ ਚੋਣ ਨਹੀਂ ਲੜਨਗੇ। ਪਰ ਹੁਣ ਵੀ ਇਹ ਤੈਅ ਨਹੀਂ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਚੋਣ ਨਹੀਂ ਲੜਨਗੇ, ਅਖ਼ੀਰਲੇ ਮੌਕੇ ਜੇ ਮਨ ਬਦਲਿਆ ਤਾਂ ਵੱਡਾ ਖੇਡ ਹੋ ਸਕਦਾ ਹੈ। ਨੁਕਸਾਨ ਕਾਂਗਰਸ ਦੇ ਨਾਲ ਅਕਾਲੀ ਦਲ ਨੂੰ ਵੀ ਹੋ ਸਕਦਾ ਸੀ।
ਬੀਜੇਪੀ ਨੇ ਹਵਾ ਵਿੱਚ ਤੀਰ ਮਾਰਿਆ
ਬੀਜੇਪੀ ਨੇ ਟਕਸਾਲੀ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਅਤੇ ਸਾਬਕਾ IAS ਪਰਮਪਾਲ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਹ ਵੀ ਕਿਤੇ ਨਾ ਕਿਤੇ ਹਰਸਿਮਰਤ ਦੇ ਹੱਕ ਵਿੱਚ ਹੈ। ਕਿਉਂਕਿ ਭਾਵੇਂ ਮਲੂਕਾ ਦਾ ਸਿਆਸੀ ਕੱਦ ਬਠਿੰਡਾ ਦੇ ਮੋੜ ਅਤੇ ਰਾਮਪੁਰਾ ਫੁੱਲ ਵਿੱਚ ਚੰਗਾ ਹੈ ਪਰ ਨੂੰਹ ਦਾ ਸਿਆਸੀ ਕੱਦ ਏਨਾ ਨਹੀਂ ਹੈ ਕਿ ਉਹ ਹਰਸਿਮਰਤ ਕੌਰ ਬਾਦਲ ਨੂੰ ਟੱਕਰ ਦੇ ਸਕਣ। ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਪਰਮਪਾਲ ਨੂੰ ਸਿਰਫ਼ ਕੱਟਰ ਬੀਜੇਪੀ ਦੇ ਹੀ ਵੋਟ ਪੈਣਗੇ।
ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਲੱਖਾ ਸਿਧਾਣਾ ਨੂੰ ਉਮੀਦਵਾਰ ਬਣਾਇਆ ਹੈ। ਲੱਖਾ ਸਿਧਾਣਾ ਨੇ ਮੋੜ ਤੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ 2022 ਦੀਆਂ ਵਿਧਾਨਸਭਾ ਚੋਣਾਂ ਲੜੀ ਸੀ ਅਤੇ ਦੂਜੇ ਨੰਬਰ ’ਤੇ ਰਹੇ ਸਨ। ਲੱਖੇ ਨੂੰ 2024 ਵਿੱਚ ਪੰਥਕ ਵੋਟ ਮਿਲ ਸਕਦੇ ਹਨ ਜਿਹੜੇ 2019 ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਮਿਲੇ ਸਨ। ਖਹਿਰਾ ਨੂੰ ਤਕਰੀਬਨ 38 ਹਜ਼ਾਰ ਵੋਟ ਮਿਲੇ ਸਨ, ਰਾਜਾ ਵੜਿੰਗ ਤਕਰੀਬਨ 21 ਹਜ਼ਾਰ ਵੋਟਾਂ ਦੇ ਅੰਤਰ ਤੋਂ ਹਰਸਿਮਰਤ ਤੋਂ ਹਾਰੇ ਸਨ। ਇਥੇ ਵੀ ਹਰਸਿਮਰਤ ਨੂੰ ਫਾਇਦਾ ਹੈ, ਜਿਹੜੇ ਪੰਥਕ ਵੋਟ ਅਕਾਲੀ ਦਲ ਤੋਂ ਨਰਾਜ਼ ਹਨ ਉਹ ਬੀਜੇਪੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਭੁਗਤਨ ਦੀ ਥਾਂ ਲੱਖੇ ਨੂੰ ਜਾਣਗੇ।
ਆਪ ਦਾ ਉਮੀਦਵਾਰ ਵੀ ਕਮਜ਼ੋਰ
ਆਮ ਆਦਮੀ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹਨ ਜਿਨ੍ਹਾਂ ਨੇ 2022 ਵਿੱਚ ਸਿਆਸਤ ਦੇ ਬਾਬਾ ਬੋਹੜ ਅਖਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਦਗੀ ਦਾ ਅਖੀਰਲੀ ਚੋਣ 11 ਹਜ਼ਾਰ ਵੋਟਾਂ ਦੇ ਨਾਲ ਹਰਾਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਉਮੀਦ ਹੈ ਕਿ ਖੁੱਡੀਆਂ ਇਹ ਹੀ ਕਰਿਸ਼ਮਾ ਬਠਿੰਡਾ ਲੋਕ ਸਭਾ ਚੋਣਾਂ ਵਿੱਚ ਵੀ ਕਰਕੇ ਵਿਖਾਉਣਗੇ। ਇਸੇ ਲਈ ਹੀ ਵਜ਼ਾਰਤ ਵਿੱਚ ਹੀ ਉਨ੍ਹਾਂ ਨੂੰ ਥਾਂ ਦਿੱਤੀ ਗਈ ਸੀ।
2022 ਵਿੱਚ ਬਠਿੰਡਾ ਲੋਕਸਭਾ ਹਲਕੇ ਅਧੀਨ ਆਉਣ ਵਾਲੇ 9 ਵਿਧਾਨ ਸਭਾ ਹਲਕਿਆਂ ਦੇ ਨਤੀਜਿਆਂ ਨੂੰ ਵੇਖਿਆ ਜਾਵੇ ਤਾਂ ਇਹ ਲੜਾਈ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇੱਕ ਪਾਸੜ ਲੜਾਈ ਨਜ਼ਰ ਆਉਂਦੀ ਹੈ। ਵਿਧਾਨਸਭਾ ਚੋਣਾਂ ਦੌਰਾਨ ਬਠਿੰਡਾ ਦੀ 2 ਗੇਮ ਚੇਂਜਰ ਵਿਧਾਨਸਭਾ ਹਲਕੇ ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ 63 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਜਦਕਿ ਮਾਨਸਾ ਵਿਧਾਨਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਵਿਜੇ ਸਿੰਗਲਾ ਨੇ 1 ਲੱਖ ਤੋਂ ਵੱਧ ਫਰਨ ਨਾਲ ਜਿੱਤ ਹਾਸਲ ਕੀਤੀ ਸੀ ਇਹ ਪੂਰੇ ਪੰਜਾਬ ਵਿੱਚ ਸਭ ਤੋਂ ਵੱਡਾ ਜਿੱਤ ਦਾ ਅੰਦਰ ਸੀ। ਮੌੜ ਵਿਧਾਨਸਭਾ ਹਲਕੇ ਵਿੱਚ ਵੀ ਆਮ ਆਦਮੀ ਪਾਰਟੀ ਦੀ 32 ਹਜ਼ਾਰ ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਹੋਈ ਸੀ, ਤਲਵੰਡੀ ਸਾਬੋਂ ਤੋਂ ਆਪ ਦੀ ਵਿਧਾਇਕ ਬਲਜਿੰਦਰ ਕੌਰ ਨੇ 14 ਹਜ਼ਾਰ ਦੇ ਫ਼ਰਕ ਨਾ ਜਿੱਤ ਹਾਸਲ ਕੀਤੀ ਸੀ। ਭੁੱਚੋ ਮੰਡੀ ਤੋਂ ਆਪ ਦੇ ਵਿਧਾਇਕ ਜਗਸੀਰ ਸਿੰਘ ਨੇ 50 ਹਜ਼ਾਰ ਦੇ ਫ਼ਰਕ ਨਾਲ ਜਿੱਤੇ।
ਸਿੱਧੂ ਮੂਸੇਵਾਲਾ ਦੇ ਕਤਲ ਦਾ ਵੱਡਾ ਅਸਰ
ਬਠਿਡਾ ਤੋਂ ਪੇਂਡੂ ਤੋਂ ਵੀ ਆਮ ਆਦਮੀ ਪਾਰਟੀ ਦੇ ਅਮਿਤ ਰਤਨ ਨੇ 66 ਹਜ਼ਾਰ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਪਰ 2 ਸਾਲ ਵਿੱਚ ਬਹੁਤ ਕੁਝ ਬਦਲ ਗਿਆ ਹੈ। ਮਾਨਸਾ ਸੀਟ ’ਤੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਕਾਫੀ ਗੁੱਸਾ ਹੈ। ਸਥਾਨਕ ਉਮੀਦਵਾਰ ਵਿਜੇ ਸਿੰਘਲਾ ਭ੍ਰਿਸ਼ਟਾਚਾਰ ਦੇ ਇਲਜ਼ਾਮ ਤੋਂ ਬਾਅਦ ਸਿਆਸਤ ਤੋਂ ਤਕਰੀਬਨ ਬਾਹਰ ਹਨ। ਸਿੱਧੂ ਮੂਸੇਵਾਲਾ ਦਾ ਅਸਰ ਪੂਰੇ ਬਠਿੰਡਾ ਲੋਕਸਭਾ ਚੋਣਾਂ ਵਿੱਚ ਨਜ਼ਰ ਆਵੇਗਾ। ਅਜਿਹੇ ਵਿੱਚ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਕਿ ਸਿੱਧੂ ਮੂਸੇਵਾਲਾ ਦੇ ਵੋਟਰ ਕਿਸ ਪਾਰਟੀ ਨੂੰ ਭੁਗਤਣਗੇ।
ਹਰਸਿਮਰਤ ਦੇ ਹੱਕ ਵਿੱਚ ਇੱਕ ਗੱਲ ਇਹ ਵੀ ਜਾਂਦੀ ਹੈ 15 ਸਾਲ ਵਿੱਚ ਅਕਾਲੀ ਦਲ ਦੀ ਸਰਕਾਰ ਵੇਲੇ ਬਠਿੰਡੇ ਦਾ ਵਿਕਾਸ ਕਾਫੀ ਹੋਇਆ ਹੈ। ਇੱਥੇ AIIMS ਵਰਗਾ ਵੱਡਾ ਮੈਡੀਕਲ ਅਧਾਰਾ ਆਇਆ ਹੈ। ਭਵਿੱਖ ਵਿੱਚ ਅਕਾਲੀ ਦਲ ਅਤੇ ਬੀਜੇਪੀ ਦੇ ਸਮਝੌਤੇ ਦੀ ਵੀ ਉਮੀਦ ਹੈ। ਅਜਿਹੇ ਵਿੱਚ ਹਿੰਦੂ, ਸਿੱਖ ਵੋਟਰ ਦਾ ਜੋੜ ਹਰਸਿਮਰਤ ਨੂੰ ਕਿਤੇ ਨਾ ਕਿਤੇ ਮਜ਼ਬੂਤ ਉਮੀਦਵਾਰ ਦੇ ਤੌਰ ਤੇ ਪੇਸ਼ ਕਰ ਰਿਹਾ ਹੈ। ਕੁੱਲ ਮਿਲਾ ਕੇ ਹਰਸਿਮਰਤ ਕੌਰ ਬਾਦਲ ਦੀ ਲੜਾਈ ਮੁਸ਼ਕਲ ਹੈ, ਪਰ ਵਿਰੋਧੀ ਧਿਰ ਤੋਂ ਤਗੜੇ ਉਮੀਦਵਾਰਾਂ ਦੀ ਗੈਰ ਹਾਜ਼ਰੀ ਅਤੇ ਸੁਖਬੀਰ ਬਾਦਲ ਦੀ ਸਿਆਸੀ ਵੋਟ ਮੈਨੇਜਮੈਂਟ ਉਨ੍ਹਾਂ ਦਾ ਬੇੜਾ ਪਾਰ ਲਗਾ ਸਕਦੀ ਹੈ।