Punjab

ਕਿਸਾਨ ਜਥੇਬੰਦੀ ਨੇ ਚੁੱਕਿਆ ਆਹ ਕਦਮ,ਕਰ ਦਿੱਤੇ ਕਈ ਐਲਾਨ

ਅੰਮ੍ਰਿਤਸਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਟੋਲ ਪਲਾਜ਼ਿਆਂ ਤੇ ਡੀਸੀ ਦਫਤਰਾਂ ਅੱਗੇ ਲੱਗੇ ਧਰਨਿਆਂ ਨੂੰ ਅੱਜ ਚੱਕ ਲਿਆ ਗਿਆ ਹੈ ਤੇ 26 ਤੇ 29 ਜਨਵਰੀ ਤੇ ਹੋਣ ਵਾਲੇ ਪ੍ਰੋਗਰਾਮਾਂ ਨੂੰ ਲੈ ਕੇ ਵੀ ਵੱਡੇ ਐਲਾਨ ਕੀਤੇ ਗਏ ਹਨ।ਹਾਲਾਂਕਿ ਉਹਨਾਂ ਇਹ ਵੀ ਕਿਹਾ ਹੈ ਕਿ ਮੰਗਾਂ ਲਈ ਸੰਘਰਸ਼ ਨੂੰ ਨਿਰੰਤਰ ਜਾਰੀ ਰਖਿਆ ਜਾਵੇਗਾ ।

ਪਿਛਲੇ 51 ਦਿਨ ਤੋਂ ਪੰਜਾਬ ਦੇ ਕਿਸਾਨਾਂ ਮਜਦੂਰਾਂ ਤੇ ਆਮ ਵਰਗ ਦੀਆਂ ਹੱਕੀ ਮੰਗਾਂ ਨੂੰ ਲੈ ਕੇ, ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਸ਼ੁਰੂ ਹੋਏ ਪੰਜਾਬ ਪੱਧਰੀ ਅੰਦੋਲਨ,ਜਿਸ ਵਿੱਚ 10 ਜਿਲ੍ਹਿਆਂ ਵਿਚ ਲੱਗੇ ਡੀਸੀ ਦਫਤਰਾਂ ਦੇ ਮੋਰਚੇ ਅਤੇ 15 ਦਸੰਬਰ ਤੋਂ 15 ਜਨਵਰੀ ਤੱਕ ਲਈ ਐਲਾਨੇ ਗਏ ਟੋਲ ਪਲਾਜ਼ਿਆ ਦੇ ਮੋਰਚੇ ਸ਼ਾਮਲ ਸਨ,ਚੱਕ ਲਏ ਗਏ ਹਨ |

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਸੀ ਕਿ ਜਥੇਬੰਦੀ ਦੀ ਅਗਵਾਈ ਵਿਚ ਲੱਗੇ ਇਹਨਾਂ ਮੋਰਚਿਆਂ ਦੌਰਾਨ ਇਹ ਪ੍ਰਾਪਤੀ ਰਹੀ ਹੈ ਕਿ ਲੋਕਾਂ ਦੀ ਸੋਚ ਬਦਲੀ ਹੈ ਤੇ ਉਹ ਹੁਣ ਸਰਕਾਰਾਂ ਦੀਆਂ ਚਾਲਾਂ ਸਮਝ ਗਏ ਹਨ | ਉਹਨਾਂ ਕਿਹਾ ਕਿ ਅੱਜ ਸਿਰਫ ਅੰਦੋਲਨ ਦੇ ਇਹ ਵਾਲੇ ਰੂਪ ਦੇ ਪੜਾਅ ਪੂਰੇ ਹੋਏ ਹਨ ਜਦਕਿ ਲੋਕ ਮੰਗਾਂ ਦੀ ਪੂਰਤੀ ਲਈ ਅੰਦੋਲਨ ਦੂਜੇ ਵੱਖ ਵੱਖ ਬਦਲਵੇਂ ਰੂਪਾਂ ਵਿਚ ਜਾਰੀ ਹਨ ਅਤੇ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਹੋ ਚੁੱਕੀ ਹੈ | ਭਾਵੇਂ ਅੱਜ ਜਥੇਬੰਦੀ ਆਪਣੇ ਐਲਾਨ ਅਨੁਸਾਰ ਟੋਲ ਪਲਾਜ਼ੇ ਖਾਲੀ ਕਰ ਰਹੀ ਹੈ ਪਰ ਜਥੇਬੰਦੀ ਦੀ ਮੰਗ ਹੈ ਕਿ ਸਰਕਾਰ ਸੜਕਾਂ ਖੁਦ ਬਣਾਵੇ ਅਤੇ ਜਾ ਟੋਲ ਪਲਾਜ਼ਿਆ ਨੂੰ ਜਨਤਕ ਅਦਾਰੇ ਐਲਾਨ ਕੇ, ਰੇਟ 75% ਘਟਾਵੇ, ਮੁਲਾਜ਼ਮਾਂ ਦੀਆਂ ਨੌਕਰੀਆਂ ਪੱਕੀਆਂ ਕਰੇ ਅਤੇ ਆਵਾਜਾਈ ਦੇ ਸਾਧਨਾਂ ਦੀ ਰਜਿਸਟਰੇਸ਼ਨ ‘ਤੇ ਰੋਡ ਟੈਕਸ ਲੈਣਾ ਬੰਦ ਕਰੇ |

ਉਹਨਾਂ ਦੱਸਿਆ ਕਿ ਲਗਭਗ ਸਾਰੇ ਟੋਲ ਪਲਾਜ਼ਾ ਕੰਪਨੀਆਂ ਕੋਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਪੁਆ ਦਿੱਤੀਆਂ ਗਈਆਂ ਹਨ ਅਤੇ ਟੋਲ ਫੀਸ ਨਾ ਵਧਾਉਣ ਦੀ ਗਰੰਟੀ ਕੀਤੀ ਗਈ ਹੈ ਪਰ ਅਗਰ ਕੋਈ ਕੰਪਨੀ ਇਸੇ ਉਲਟ ਜਾਂਦੀ ਹੈ ਤਾਂ ਉਸਦੇ ਟੋਲ ਦੋਬਾਰਾ ਬੰਦ ਕਰਵਾਏ ਜਾਣਗੇ | ਉਹਨਾਂ ਕਿਹਾ ਕਿ ਜਥੇਬੰਦੀ ਆਪਣਾ ਫਰਜ਼ ਨਿਭਾਉਂਦੇ ਹੋਏ ਜੀਰਾ ਮੋਰਚੇ ਵਿਚ ਪੂਰੀ ਸਰਗਰਮੀ ਨਾਲ ਹਿੱਸੇਦਾਰੀ ਪਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਦਿਤੇ ਜਾਣ ਵਾਲੇ ਪੰਜਾਬ ਪੱਧਰੀ ਐਕਸ਼ਨ ਪ੍ਰੋਗਰਾਮਾਂ ਵਿਚ ਜ਼ੀਰਾ ਮਸਲਾ ਹੱਲ ਕਰਵਾਉਣ, ਐੱਮਐੱਸਪੀ ਗਰੰਟੀ ਕ਼ਾਨੂਨ ਬਣਵਾਉਣਾ, ਕਿਸਾਨਾਂ ਮਜਦੂਰਾਂ ਦਾ ਕਰਜ਼ਾ ਖਤਮ ਕਰਵਾਉਣਾ, ਮਜ਼ਦੂਰਾਂ ਲਈ ਸਾਲ 365 ਦਿਨ ਰੁਜ਼ਗਾਰ, ਨਸ਼ੇ ‘ਤੇ ਪੂਰਨ ਕੰਟਰੋਲ ਤੇ ਮੰਗ ਪੱਤਰ ਵਿਚ ਦਰਜ਼ ਮੰਗਾਂ ‘ਤੇ ਸੰਘਰਸ਼ ਜਾਰੀ ਰਹੇਗਾ |

ਉਹਨਾਂ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚ 26 ਜਨਵਰੀ ਨੂੰ ਵੱਡੇ ਇੱਕਠ ਕਰਕੇ ਲੋਕ ਰੋਹ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ 29 ਜਨਵਰੀ ਨੂੰ ਪੰਜਾਬ ਭਰ ਵਿੱਚ ਰੋਲਾਂ ਰੋਕੀਆਂ ਜਾਣਗੀਆਂ ਤੇ ਗੁਰਦਾਸਪੁਰ ਵਿੱਚ ਰੇਲਾਂ ਰੋਕ ਕੇ ਪੱਕਾ ਅੰਦੋਲਨ ਅਣਮਿਥੇ ਸਮੇਂ ਲਈ ਸ਼ੁਰੂ ਕਰ ਦਿੱਤਾ ਜਾਵੇਗਾ।