Punjab

ਕੌਮੀ ਇਨਸਾਫ਼ ਮੋਰਚਾ ਦੀ 22 ਨੂੰ ਸਾਂਝੀ ਮੀਟਿੰਗ! 4 ਅਗਸਤ ਨੂੰ ਵੀ ਉਲੀਕਿਆ ਵੱਡਾ ਪ੍ਰੋਗਰਾਮ

ਬਿਊਰੋ ਰਿਪੋਰਟ: ਤਾਲਮੇਲ ਕਮੇਟੀ ਕੌਮੀ ਇਨਸਾਫ਼ ਮੋਰਚਾ ਵੱਲੋਂ 22 ਜੁਲਾਈ ਕਿਸਾਨ ਭਵਨ ਚੰਡੀਗੜ੍ਹ ਵਿੱਚ ਧਾਰਮਿਕ ਸ਼ਖ਼ਸੀਅਤਾਂ, ਕਿਸਾਨ ਜੱਥੇਬੰਦੀਆਂ, ਸਮਾਜਿਕ ਅਤੇ ਮਨੁੱਖੀ ਅਧਿਕਾਰ ਜੱਥੇਬੰਦੀਆਂ, ਹਿੰਦੂ ਮੁਸਲਮਾਨ ਪ੍ਰਤੀਨਿਧ, ਵਪਾਰੀ ਜੱਥੇਬੰਦੀਆਂ, ਮਜ਼ਦੂਰ ਯੂਨੀਅਨਾਂ ਅਤੇ ਦਲਿਤ ਜੱਥੇਬੰਦੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਸੱਦੀ ਗਈ ਹੈ।

ਤਾਲਮੇਲ ਕਮੇਟੀ ਇਨਸਾਫ਼ ਮੋਰਚਾ ਵੱਲੋਂ ਜਾਰੀ ਬਿਆਨ ਮੁਤਾਬਕ ਮੋਰਚੇ ਵੱਲੋਂ 4 ਅਗਸਤ ਨੂੰ ਜ਼ਿਲ੍ਹਾ ਹੈਡ ਕੁਆਰਟਰਾਂ ਤੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਪੁਤਲੇ ਸਾੜਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਤੋਂ ਇਲਾਵਾ 15 ਅਗਸਤ ਨੂੰ ਮੋਰਚੇ ਵਿੱਚ ਰੋਸ ਰੈਲੀ ਵੀ ਕੱਢੀ ਜਾਵੇਗੀ।

ਦੱਸ ਦੇਈਏ ਚੰਡੀਗੜ੍ਹ ਦੀ ਹੱਦ ਉੱਪਰ ਪਿਛਲੇ ਤਿੰਨ ਸਾਲਾਂ ਤੋਂ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ। ਮੋਰਚੇ ਦੀਆਂ ਮੰਗਾਂ ਹਨ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਦੀਆਂ ਰਿਹਾਈਆਂ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਰੇ ਧਰਮਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਕਰੜੀਆਂ ਸਜਾਵਾਂ ਦੇਣ ਲਈ ਸਖ਼ਤ ਕਾਨੂੰਨ ਬਣਾਉਣਾ ਅਤੇ ਬਹਿਬਲ ਕਲਾਂ ਕੋਟਕਪੂਰਾ ਦੇ ਸ਼ਾਂਤਮਈ ਧਰਨੇ ਉੱਪਰ ਗੋਲ਼ੀ ਚਲਾਉਣ ਵਾਲੇ ਸਰਕਾਰ ਦੀ ਬਣਾਈ ਹੋਈ ਸਿੱਟ ਮੁਤਾਬਿਕ ਦੇਸ਼ੀਆਂ ਨੂੰ ਸਜ਼ਾਵਾਂ ਦੇਣਾ। ਪਰ ਚੋਣਾਂ ਤੋਂ ਪਹਿਲਾਂ ਕੇਜਰੀਵਾਲ- ਭਗਵੰਤ ਸਿੰਘ ਮਾਨ ਵੱਲੋਂ ਕੀਤੇ ਵਾਅਦਿਆਂ ਦੇ ਉਲ਼ਟ ਜਾ ਕੇ ਅੱਜ ਤੱਕ ਸਰਕਾਰ ਗੱਲ ਕਰਨ ਲਈ ਵੀ ਤਿਆਰ ਨਹੀਂ।

ਤਾਲਮੇਲ ਕਮੇਟੀ ਇਨਸਾਫ਼ ਮੋਰਚਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ੰਭੂ-ਖਨੌਰੀ ਬਾਰਡਰ ਉੱਪਰ ਬੈਠੇ ਕਿਸਾਨਾਂ ਨੂੰ ਗੱਲਬਾਤ ਲਈ ਸੱਦ ਕੇ ਗ੍ਰਿਫ਼ਤਾਰ ਕਰਨਾ ਅਤੇ ਕਿਸਾਨਾਂ ਦੇ ਸਮਾਨ ਨੂੰ ਪੁਲਿਸ ਮਦਦ ਨਾਲ ਲੁੱਟਣ ਦੀ ਖੁੱਲ੍ਹ ਦੇਣ ਵਾਲੀ ਇਖਲਾਕ ਹੀਣ ਸਰਕਾਰ ਤੋਂ ਸਾਨੂੰ ਇਨਸਾਫ ਦੀ ਉਮੀਦ ਨਹੀਂ ਹੈ। ਮੋਦੀ ਸਰਕਾਰ ਜੰਗ ਦੇ ਹਾਲਾਤ ਪੈਦਾ ਕਰਕੇ ਪੰਜਾਬ ਅਤੇ ਮਨੁੱਖਤਾ ਦੀ ਤਬਾਹੀ ਦਾ ਮੁੱਢ ਬੰਨ੍ਹ ਰਹੀ ਹੈ। ਅੱਜ ਪੰਜਾਬ ਸਰਕਾਰ ਨੂੰ ਬਾਹਰੋਂ ਆਏ ਹਾਰੇ ਅਤੇ ਭ੍ਰਿਸ਼ਟਚਾਰੀ ਆਗੂ ਚਲਾ ਰਹੇ ਹਨ ਅਤੇ ਮੋਦੀ ਸਰਕਾਰ ਨੂੰ ਕਾਰਪੋਰੇਟ ਘਰਾਣੇ ਚਲਾ ਰਹੇ ਹਨ। ਇਸ ਲਈ ਕਿਸਾਨ ਅੰਦੋਲਨ ਵਾਂਗ ਇੱਕ ਵਾਰ ਫਿਰ ਪੰਜਾਬ ਵਿੱਚ ਘਰ ਘਰ ਨੂੰ ਅੰਦੋਲਨ ਦਾ ਹਿੱਸਾ ਬਣਾਉਣ ਨਾਲ ਹੀ ਸਰਕਾਰਾਂ ਦੇ ਹੰਕਾਰ ਨੂੰ ਤੋੜਿਆ ਜਾ ਸਕਦਾ ਹੈ।