ਬਿਊਰੋ ਰਿਪੋਰਟ : ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਦੇਸ਼ ਅਤੇ ਵਿਦੇਸ਼ ਬੈਠੇ ਸਿੱਖਾਂ ਨੂੰ ਅਹਿਮ ਸੁਨੇਹਾ ਦਿੱਤਾ ਹੈ । ਉਨ੍ਹਾਂ ਨੇ ਸਭ ਤੋਂ ਪਹਿਲਾਂ ਸਿੱਖਾਂ ਨੂੰ ਕਿਹਾ ਹੈ ਕਿ ਤੁਸੀਂ ਜਜ਼ਬਾਤੀ ਹੋ ਕੇ ਕੋਈ ਵੀ ਅਜਿਹਾ ਕਦਮ ਨਾ ਚੁੱਕੋ ਜਿਸ ਨਾਲ ਸਿੱਖਾਂ ਬਾਰੇ ਕੋਈ ਗਲਤ ਨੈਰੇਟਿਵ ਸਿਰਜਿਆ ਜਾਵੇ । ਉਨ੍ਹਾਂ ਨੇ ਕਿਹਾ ਠੰਢੇ ਹੋ ਕੇ ਜੰਗ ਜਿੱਤੀ ਜਾਂਦਾ ਹੈ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਮੈਨੂੰ ਸ਼ਿਕਾਇਤ ਮਿਲੀ ਹੈ ਕਿ ਅਮਰੀਕਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਬੱਚਿਆਂ ਬਾਰੇ ਬਹੁਤ ਕੁਝ ਮਾੜਾ ਬੋਲਿਆ ਜਾ ਰਿਹਾ ਹੈ ਇਹ ਬੇਵਕੂਫੀ ਹੈ । ਜੇਕਰ ਅਸੀਂ ਕਹਿੰਦੇ ਹਾਂ ਸਾਡੇ ਨੌਜਵਾਨ ਬੇਕਸੂਰ ਹਨ ਤਾਂ ਉਹ ਵੀ ਬੇਕਸੂਰ ਹਨ। ਕਿਸੇ ਦੀ ਕੁੜੀ ਨੂੰ ਮਾੜਾ ਬੋਲਣਾ ਠੀਕ ਨਹੀਂ ਹੈ । ਸਾਡਾ ਧਰਮ ਸਾਨੂੰ ਇਹ ਨਹੀਂ ਸਿਖਾਉਂਦਾ ਹੈ । ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਦੇਸ਼ ਵਿੱਚ ਬੈਠੇ ਸਿੱਖਾਂ ਨੂੰ ਵੀ ਅਹਿਮ ਸੁਨੇਹਾ ਦਿੱਤਾ ।

ਜਥੇਦਾਰ ਦਾ ਵਿਦੇਸ਼ ਵਿੱਚ ਬੈਠੇ ਸਿੱਖਾਂ ਨੂੰ ਸੁਨੇਹਾ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਦੇਸ਼ ਵਿੱਚ ਪ੍ਰਦਰਸ਼ਨ ਕਰ ਰਹੇ ਸਿੱਖ ਭਾਈਚਾਰੇ ਨੂੰ ਕਿਹਾ ਸਾਨੂੰ ਟਾਰਗੇਟ ਕਰਨ ਵਾਲਾ ਸ਼ਾਤਰ ਹੈ ਇਸ ਲਈ ਸਾਨੂੰ ਜਜ਼ਬਾਤੀ ਤਾਂ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਹੈ,ਠੰਢੇ ਰਹਿਕੇ ਜੰਗ ਜਿੱਤ ਸਕਦੇ ਹਾਂ,ਮਾਹੌਲ ਇੱਦਾ ਦਾ ਨਹੀਂ ਹੈ, ਜਦੋਂ ਸ਼ਸਤਰ ਦੀ ਜ਼ਰੂਰਤ ਹੋਵੇਗੀ ਤਾਂ ਵੇਖਾਂਗੇ,ਠੰਢੇ ਰਹਿਕੇ ਸਾਰੇ ਮਾਹੌਲ ਨੂੰ ਵੇਖਣ ਦੀ ਜ਼ਰੂਰਤ ਹੈ। ਸਰਕਾਰਾਂ ਵੱਲੋਂ ਜਾ ਫਿਰ ਸਿੱਖ ਵਿਰੋਧੀਆਂ ਵੱਲੋਂ ਜਿਹੜਾ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਉਸ ਨੂੰ ਇਕੱਠੇ ਹੋ ਕੇ ਤੋੜਨ ਦੀ ਜ਼ਰੂਰਤ ਹੈ । ਜਥੇਦਾਰ ਸਾਹਿਬ ਦਾ ਇਹ ਬਿਆਨ ਵਿਦੇਸ਼ ਵਿੱਚ ਭਾਰਤੀ ਦੂਤਾਵਾਸ ਨੂੰ ਨੁਕਸਾਨ ਪਹੁੰਚਾਉਣ ‘ਤੇ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਇਸ ਨਾਲ ਸਾਡਾ ਮੈਸੇਜ ਉਲਟ ਗਿਆ ਹੈ,ਪ੍ਰਦਰਸ਼ਨ ਕਰੋ,ਮੌਕਾ ਨਾ ਮਿਲੇ propaganda ਕਰਨ ਦਾ । ਜੇਕਰ ਤੁਸੀਂ ਅਜਿਹਾ ਕਰ ਰਹੇ ਹੋ ਤਾਂ ਤੁਸੀਂ ਮਾਮਲੇ ਨੂੰ ਸਮਝ ਨਹੀਂ ਰਹੇ ਜਾਂ ਫਿਰ ਜਜ਼ਬਾਤੀ ਹੋ, ਜਜ਼ਬਾਤੀ ਹੋ ਕੇ ਗਲਤ ਕਦਮ ਚੁੱਕ ਰਹੇ ਹੋ,ਇਹ ਕੋਈ ਤਰੀਕਾ ਨਹੀਂ ਹੈ,ਜਜ਼ਬਾਤੀ ਨਾ ਹੋਵੋ,ਦਿਮਾਗ ਤੋਂ ਕੰਮ ਲਓ। ਜਥੇਦਾਰ ਨੇ ਉਨ੍ਹਾਂ ਦਾ ਟਵੀਟ ਡਿਲੀਟ ਕਰਨ ਨੂੰ ਲੈਕੇ ਵੀ ਅਹਿਮ ਬਿਆਨ ਦਿੱਤਾ ।

ਟਵੀਟ ਹਟਾਉਣ ਤੇ ਜਥੇਦਾਰ ਸਾਹਿਬ ਦਾ ਬਿਆਨ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਮੇਰਾ ਟਵੀਟ ਡਲੀਟ ਕਰ ਦਿੱਤਾ ਮੈਨੂੰ ਕੋਈ ਫਰਕ ਨਹੀਂ ਪੈਦਾ, ਹਜ਼ਾਰਾਂ ਆਵਾਜ਼ ਬੁਲੰਦ ਕਰਨ ਵਾਲਿਆਂ ਦੇ ਪੇਜ਼ ਬੰਦ ਕਰ ਦਿੱਤੇ, ਟਵੀਟਰ ਹੈਂਡਲ ਬਲੌਕ ਕਰ ਦਿੱਤੇ, ਮੈਨੂੰ ਕੋਈ ਫਰਕ ਨਹੀਂ ਪੈਦਾ ਤੇ ਨਾ ਹੀ ਕੌਮ ਦੀ ਆਵਾਜ਼ ਬੰਦ ਹੋਣੀ ਇਸ ਨਾਲ,ਉਨ੍ਹਾਂ ਕਿਹਾ ਦੇਸ਼ ਵਿਦੇਸ਼ਾਂ ਵਿੱਚ ਬੈਠੇ ਸਿੱਖ ਇਸ ਨੂੰ ਹੋਰ ਦੁੱਗਣੇ ਤਰੀਕੇ ਨਾਲ ਮੇਰੀ ਆਵਾਜ਼ ਪਹੁੰਚਾ ਦੇਣਗੇ ।

ਮੁੱਖ ਮੰਤਰੀ ਦਿਮਾਗ ਤੋਂ ਸਿੱਖਾਂ ਪ੍ਰਤੀ ਇਹ ਧਾਰਨਾ ਕੱਢਣ

ਪੰਜਾਬੀ ਪੱਤਰਕਾਰ ਰਤਨਦੀਪ ਸਿੰਘ ਨਾਲ ਇੰਟਰਵਿਊ ਦੌਰਾਨ ਜਥੇਦਾਰ ਸਾਹਿਬ ਨੇ ਕਿਹਾ ਮੁੱਖ ਮੰਤਰੀ ਨੂੰ ਮੈਂ ਕਹਿੰਦਾ ਹਾਂ ਕਿ ਸਾਡੇ ਗੁਰੂਆਂ ਨੇ ਆਪਣਾ ਖੂਨ ਡੋਲਿਆ, ਇਸ ਲਈ ਸਿੱਖ ਪੰਜਾਬ ਨੂੰ ਬਰਬਾਦ ਹੁੰਦਾ ਨਹੀਂ ਦੇਖ ਸਕਦੇ, ਮਨ ‘ਚ ਜਿਹੜੀ ਧਾਰਨਾ ਬਣੀ ਹੈ ਕਿ ਸਿੱਖ ਮਾਹੌਲ ਖਰਾਬ ਕਰਦੇ ਇਸ ਨੂੰ ਕੱਢ ਦਿਓ, ਜਦੋਂ ਸਿੱਖਾਂ ‘ਤੇ ਕੋਈ ਹਮਲਾ ਕਰਦਾ ਤਾਂ ਹੀ ਜਵਾਬ ਦਿੰਦੇ ਹਾਂ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਅਕਾਲ ਤਖ਼ਤ V/s ਸੂਬਾ ਜਾਂ ਅਕਾਲ ਤਖ਼ਤ V/s ਭਾਰਤ ਇਹ ਮਸਲਾ ਬਣਾਇਆ ਨਹੀਂ ਜਾ ਸਕਦਾ, ਹਿੰਦੂਸਤਾਨ ‘ਚ ਕਿੰਨੀਆਂ ਸਟੇਟ ਨੇ ਪਰ ਅਕਾਲ ਤਖ਼ਤ ਇੱਕ ਹੀ ਹੈ। ਸੂਬਾ ਜਾਂ ਦੇਸ਼ ਦੀ ਸਰਕਾਰ ਨਾਲ ਅਕਾਲ ਤਖ਼ਤ ਦੀ ਤੁਲਨਾ ਨਹੀ ਹੋ ਸਕਦੀ । ਗਿਆਨੀ ਹਰਪ੍ਰੀਤ ਸਿੰਘ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਕੇਂਦਰ ਸਰਕਾਰ ਨੂੰ ਵੀ ਨਸੀਹਤ ਦਿੰਦੇ ਹੋਏ ਕਿਹਾ ਜੇਕਰ ਭਾਰਤ ਨੂੰ ਅਖੰਡ ਰੱਖਣਾ ਹੈ ਤਾਂ ਇਹ ਜ਼ਰੁਰੀ ਨਹੀਂ ਵੱਖ ਵੱਖ ਕਲਚਰ ਨੂੰ ਖਤਮ ਕਰਕੇ ਇੱਕ ਕਲਚਰ ਬਣਾਇਆ ਜਾਵੇ। ਉਨ੍ਹਾਂ ਕਿਹਾ ਦੇਸ਼ ਵਿੱਚ ਇੱਕ ਨੈਰੇਟਿਵ ਸਿਰਜਿਆ ਜਾਂਦਾ ਕਿ ਜਿਹੜਾ ਵੀ ਪੱਖਪਾਤ ਹੋਇਆ ਉਹ ਸਿੱਖਾਂ ਨਾਲ ਵਾਪਰਿਆ, ਮਸਲਨ ਪਾਣੀਆਂ ਦਾ ਮੁੱਦਾ, ਭਾਸ਼ਾ ਦਾ ਮਸਲਾ ਇਸ ਨੂੰ ਸਿੱਖਾਂ ਨਾਲ ਜੋੜ ਕੇ ਪੇਸ਼ ਕੀਤਾ ਗਿਆ, ਗੁਰਮੁਖੀ ਸਾਡੀ ਭਾਸ਼ਾ ਇਸ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਹੋ ਰਹੀ, ਇਸੇ ਕਰਕੇ ਸਿੱਖਾਂ ਅੰਦਰ ਬੇਗਾਨੀ ਦਾ ਮਾਹੌਲ ਬਣਿਆ ।