Punjab

ਜਲੰਧਰ ‘ਚ ਫੈਕਟਰੀ ਨੂੰ ਲੱਗੀ ਅੱਗ, ਬੁਝਾਉਣ ਦੀ ਕੋਸ਼ਿਸ਼ ਜਾਰੀ

ਜਲੰਧਰ (Jalandhar) ਦੇ ਲੈਦਰ ਕੰਪਲੈਕਸ (Leather Complex) ਨੇੜੇ UMA ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਨੂੰ ਬੁਲਾਇਆ ਗਿਆ। ਅੱਗ ਲੱਗਣ ਦੇ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦੇ ਸਮੇਂ ਫੈਕਟਰੀ ‘ਚ ਦਰਜਨਾਂ ਕਰਮਚਾਰੀ ਕੰਮ ਕਰ ਰਹੇ ਸਨ।ਜਿਨ੍ਹਾਂ ਨੂੰ ਬਚਾ ਲਿਆ ਗਿਆ ਹੈ। ਫਾਇਰ ਬ੍ਰਿਗੇਡ ਦੇ ਕਈ ਕਰਮਚਾਰੀ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਜਾਣਕਾਰੀ ਮੁਤਾਬਕ ਫੈਕਟਰੀ ਦੇ ਉੱਪਰਲੇ ਹਿੱਸੇ ਵਿੱਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਇਸ ਦੀ ਚੰਗਿਆੜੀ ਕਾਰਨ ਅੱਗ ਲੱਗਣ ਦਾ ਖਦਸ਼ਾ ਜਤਾਇਆ ਗਿਆ ਸੀ। ਫ਼ਿਲਹਾਲ ਫਾਇਰ ਬ੍ਰਿਗੇਡ ਵੱਲੋਂ ਇਸ ਸਬੰਧੀ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ।

ਇਸ ਫੈਕਟਰੀ ਵਿੱਚ ਖੇਡਾਂ ਦਾ ਸਮਾਨ ਬਣਾਇਆ ਜਾਂਦਾ ਸੀ, ਜਿਸ ਕਾਰਨ ਫੈਕਟਰੀ ਵਿੱਚ ਭਾਰੀ ਮਾਤਰਾ ਵਿੱਚ ਰਬੜ ਅਤੇ ਜਲਣਸ਼ੀਲ ਸਮੱਗਰੀ ਪਈ ਹੋਈ ਸੀ। ਇਸੇ ਕਾਰਨ ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ ਵਿੱਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਾਇਰ ਬ੍ਰਿਗੇਡ ਵੱਲੋਂ ਹੁਣ ਤੱਕ 25 ਗੱਡੀਆਂ ਨੂੰ ਬੁਲਾ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਵਿੱਚ ਫੈਕਟਰੀ ਮਾਲਕ ਦਾ ਭਾਰੀ ਨੁਕਸਾਨ ਹੋਇਆ ਹੈ।