Punjab

ਕਾਂਗਰਸ ਦੇ ਬਾਗ਼ੀ ਵਿਧਾਇਕ ਬਿਕਰਮ ਚੌਧਰੀ ਖਿਲਾਫ ਵੱਡੀ ਕਾਰਵਾਈ !

ਬਿਉਰੋ ਰਿਪੋਰਟ – ਫਿਲੌਰ (Phillur) ਤੋਂ ਕਾਂਗਰਸ (Congress) ਦੇ ਮੌਜੂਦਾ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ (Bikram chaudhary) ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ ਅਤੇ ਪਾਰਟੀ ਤੋਂ ਵੀ ਸਸਪੈਂਡ (suspend) ਕਰ ਦਿੱਤਾ ਗਿਆ ਹੈ । ਪੰਜਾਬ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਨੇ ਬਿਕਰਮਜੀਤ ਸਿੰਘ ਚੌਧਰੀ ਦੇ ਖ਼ਿਲਾਫ਼ ਇਹ ਕਾਰਵਾਈ ਕੀਤੀ ਹੈ। ਬਿਕਰਮ ਚੌਧਰੀ ਦੀ ਮਾਂ ਕਰਮਜੀਤ ਕੌਰ ਚੌਧਰੀ (Karamjeet kaur chaudhary) ਨੂੰ ਕਾਂਗਰਸ ਦੀ ਜਲੰਧਰ ਤੋਂ ਟਿਕਟ ਨਾ ਮਿਲਣ ਦੀ ਵਜ੍ਹਾ ਕਰਕੇ ਉਹ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। ਜਿਸ ਤੋਂ ਬਾਅਦ ਬਿਕਰਮਜੀਤ ਚੌਧਰੀ ਜਲੰਧਰ ਤੋਂ ਲਗਾਤਾਰ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਬਿਆਨ ਬਾਜ਼ੀਆਂ ਕਰ ਰਹੇ ਸਨ।

ਬਿਕਰਮਜੀਤ ਸਿੰਘ ਚੌਧਰੀ ਖ਼ਿਲਾਫ਼ ਕੀਤੀ ਗਈ ਕਾਰਵਾਈ ਵਾਲੀ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਵਾਰ-ਵਾਰ ਚਿਤਾਵਨੀ ਦੇ ਬਾਵਜੂਦ ਤੁਸੀਂ ਪਾਰਟੀ ਵਿਰੋਧੀ ਬਿਆਨ ਦਿੰਦੇ ਰਹੇ ਹੋ ਜਿਸ ਨਾਲ ਲੋਕਾਂ ਵਿੱਚ ਗਲਤ ਸੁਨੇਹਾ ਜਾ ਰਿਹਾ ਸੀ । ਬਿਕਰਮਜੀਤ ਸਿੰਘ ਚੌਧਰੀ ਸਾਬਕਾ ਐੱਮਪੀ ਸੰਤੋਖ ਚੌਧਰੀ ਦੇ ਪੁੱਤਰ ਹਨ। 2023 ਵਿੱਚ ਸੰਤੋਖ ਚੌਧਰੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ । ਜਿਸ ਤੋਂ ਬਾਅਦ ਹੋਈ ਜ਼ਿਮਨੀ ਚੋਣ ਵਿੱਚ ਪਾਰਟੀ ਨੇ ਪਤਨੀ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਇਆ ਸੀ ਪਰ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਤੋਂ ਹਾਰ ਗਏ ਸਨ । ਇਸ ਵਾਰ ਵੀ ਚੌਧਰੀ ਪਰਿਵਾਰ ਟਿਕਟ ਦੀ ਮੰਗ ਕਰ ਰਿਹਾ ਸੀ ਪਰ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ।

2 ਦਿਨ ਪਹਿਲਾਂ ਜਲੰਧਰ ਤੋਂ ਹੀ ਕਾਂਗਰਸ ਦੇ 2009 ਵਿੱਚ ਜੇਤੂ ਐੱਮਪੀ ਮਹਿੰਦਰ ਸਿੰਘ ਕੇ.ਪੀ ਵੀ ਟਿਕਟ ਨਾ ਮਿਲਣ ਤੋਂ ਨਰਾਜ਼ ਹੋ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਅਕਾਲੀ ਦਲ ਨੇ ਕੇ.ਪੀ ਨੂੰ ਜਲੰਧਰ ਤੋਂ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਹੈ । ਉਧਰ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੋਂ ‘ਆਪ’ ਵਿੱਚ ਸਾਮਲ ਹੋਏ ਪਵਨ ਟੀਨੂੰ ਨੂੰ ਆਪਣੀ ਉਮੀਦਵਾਰ ਬਣਾਇਆ ਹੈ, ਜਦਕਿ ਸੁਸ਼ੀਲ ਕੁਮਾਰ ਰਿੰਕੂ ‘ਆਪ’ ਵੱਲੋਂ ਦੂਜੀ ਵਾਰ ਟਿਕਟ ਮਿਲਣ ਦੇ ਬਾਵਜੂਦ ਬੀਜੇਪੀ ਵਿੱਚ ਸ਼ਾਮਲ ਹੋ ਗਏ ਅਤੇ ਉਹ ਹੁਣ ਬੀਜੇਪੀ ਦੇ ਉਮੀਦਵਾਰ ਹਨ ।