Punjab

ਮੂਸੇਵਾਲਾ ਮਾਮਲੇ ‘ਚ ਬਹੁਤ ਲੋੜੀਂਦਾ ਵਿਅਕਤੀ ਲੱਗਿਆ ਹੱਥ

Jagtar Singh arrested in Sidhu Moosewala murder case

ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਪ੍ਰਾਪਤੀ ਹਾਸਿਲ ਹੋਈ ਹੈ। ਮੂਸੇਵਾਲਾ ਕਤਲ ਮਾਮਲੇ ਵਿਚ ਨਾਮਜ਼ਦ ਪਿੰਡ ਮੂਸਾ ਦੇ ਜਗਤਾਰ ਸਿੰਘ ਨੂੰ ਪੁਲਿਸ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। ਜਗਤਾਰ ਸਿੰਘ ਅੰਮ੍ਰਿਤਸਰ ਏਅਰਪੋਰਟ ਦੀ ਪੁਲਿਸ ਚੌਂਕੀ ਦੀ ਹਿਰਾਸਤ ਵਿਚ ਹੈ ਅਤੇ ਮਾਨਸਾ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਹੈ, ਜਿਸ ਤੋਂ ਬਾਅਦ ਜਗਤਾਰ ਸਿੰਘ ਨੂੰ ਮਾਨਸਾ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਿਕ ਉਕਤ ਵਿਅਕਤੀ ਸਵੇਰੇ 8 ਵਜੇ ਦੁਬਈ ਨੂੰ ਰਵਾਨਾ ਹੋਣ ਵਾਲੀ ਸਪਾਈਸ ਜੈੱਟ ਰਾਹੀਂ ਦੁਬਈ ਭੱਜਣ ਦੀ ਤਾਕ ‘ਚ ਸੀ, ਪਰ ਇਮੀਗ੍ਰੇਸ਼ਨ ਵਿਭਾਗ ਵੱਲੋਂ ਉਸਨੂੰ ਕਾਬੂ ਕਰ ਲਿਆ ਗਿਆ ਤੇ ਕਾਬੂ ਕਰਨ ਤੋਂ ਬਾਅਦ ਪੁਲਿਸ ਥਾਣਾ ਹਵਾਈ ਅੱਡਾ ਦੇ ਹਵਾਲੇ ਕੀਤਾ ਗਿਆ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁਲਿਸ ਨੂੰ ਦੱਸਿਆ ਸੀ ਕਿ ਮੂਸਾ ਦੇ ਜਗਤਾਰ ਸਿੰਘ ਜੋ ਕਿ ਉਨ੍ਹਾਂ ਦਾ ਗੁਆਂਢੀ ਸੀ, ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ, ਜਿਸ ਤੋਂ ਬਾਅਦ ਜਗਦਾਰ ਸਿੰਘ ਫਰਾਰ ਚੱਲ ਰਿਹਾ ਸੀ।

ਲੁਧਿਆਣਾ ਤੋਂ ਸਪਲਾਈ ਹੋਏ ਸਨ ਹਥਿਆਰ

ਉੱਧਰ, ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਪੁੱਛ ਪੜਤਾਲ ਦੌਰਾਨ ਵੱਡਾ ਦਾਅਵਾ ਕੀਤਾ ਹੈ ਕਿ ਮੂਸੇਵਾਲਾ ਦੇ ਕਤਲ ਲਈ ਵਰਤੇ ਗਏ ਹਥਿਆਰ ਲੁਧਿਆਣਾ ਤੋਂ ਲਿਆਂਦੇ ਗਏ ਸਨ। ਸੂਤਰਾਂ ਮੁਤਾਬਕ ਜੱਗੂ ਭਗਵਾਨਪੁਰੀਆ ਨੇ ਰਿਮਾਂਡ ਦੌਰਾਨ ਕਬੂਲ ਕੀਤਾ ਹੈ ਕਿ ਜੱਗੂ ਨੇ ਲਾਰੈਂਸ ਅਤੇ ਗੋਲਡੀ ਬਰਾੜ ਦੇ ਕਹਿਣ ‘ਤੇ ਲੁਧਿਆਣਾ ਤੋਂ ਹਥਿਆਰ ਭੇਜੇ ਸਨ ਜਿਸ ਨਾਲ ਸਿੱਧੂ ਦਾ ਕਤਲ ਕੀਤਾ ਜਾਣਾ ਸੀ।