Punjab

ਸਿੱਧੂ ਦੇ ਪਿਤਾ ਨੇ ਦਿੱਤਾ ਪੁਲਿਸ ਨੂੰ ਹੋਰ ਸਮਾਂ,ਮਾਸਟਰਮਾਈਂਡ ‘ਤੇ ਕਾਰਵਾਈ ਦੀ ਕੀਤੀ ਮੰਗ

Sidhu's father gave the police more time demanded action against the mastermind

ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ( Sidhu Moose wala )  ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਘਰ ਵਿੱਚ ਮਿਲਣ ਆਏ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਪੁਲਿਸ ਨੂੰ ਹੋਰ ਸਮਾਂ ਦਿੱਤਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਡੀਜੀਪੀ ਪੰਜਾਬ ਨੂੰ ਜਿਹੜੇ ਨੁਕਤੇ ਦੱਸੇ, ਉਸ ‘ਤੇ ਕੰਮ ਚੱਲ ਰਿਹਾ। ਉਨ੍ਹਾਂ ਕਿਹਾ ਕਿ ਕੇਸ ਬੇਹੱਦ ਉਲਝਿਆ ਹੋਇਆ ਹੈ।

ਆਪਣੀ ਇੰਗਲੈਂਡ ਯਾਤਰਾ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਸਿੱਧੂ ਸਿਰਫ਼ ਪੰਜਾਬ ਦਾ ਹੀ ਨਹੀਂ ,ਸਗੋਂ ਸਾਰੇ ਵਿਸ਼ਵ ਦਾ ਚਹੇਤਾ ਸੀ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਸਿੱਧੂ ਕੋਲ ਇੰਗਲੈਂਡ ਦੀ ਪੀਆਰ ਸੀ,ਜਿਸ ਬਾਰੇ ਉਹਨਾਂ ਨੂੰ ਵੀ ਪਤਾ ਨਹੀਂ ਸੀ। ਸ਼ਾਇਦ ਉਹ ਪਿੰਡ ਚ ਹੀ ਰਹਿਣਾ ਚਾਹੁੰਦਾ ਸੀ।

ਪਿਤਾ ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਵਧਦੀ ਉਮਰ ਦੇ ਨਾਲ ਸਿੱਧੂ ਆਮ ਲੋਕਾਂ ਦੇ ਕੁੱਖ ਦਰਦ ਦੇ ਹੋਰ ਵੀ ਨੇੜੇ ਹੋਣ ਲੱਗ ਪਿਆ ਸੀ ਤੇ ਸ਼ਾਇਦ ਉਸ ਨੂੰ ਆਪਣੀ ਹੋਣੀ ਦਾ ਅੰਦਾਜ਼ਾ ਪਹਿਲਾਂ ਹੀ ਹੋਣ ਗਿਆ ਸੀ,ਇਸ ਦੀ ਨਿਸ਼ਾਨੀ ਉਸ ਦੇ ਅੰਤ ਸਮੇਂ ਲਿਖੇ ਗਏ ਗੀਤਾਂ ਵਿੱਚੋਂ ਮਿਲਦੀ ਹੈ।

ਮੇਰੇ ਪੁੱਤ ਨੂੰ ਘਿਨੌਣੀ ਮੌਤ ਕਿਉਂ ਦਿੱਤੀ ਗਈ। ਬਲਕੌਰ ਸਿੰਘ ਨੇ ਕਿਹਾ ਕਿ ਮਾਸਟਰਮਾਈਂਡ ‘ਤੇ ਕਾਰਵਾਈ ਹੋਵੇ। ਜੇ ਸਿੱਧੂ ਨੂੰ ਇਨਸਾਫ਼ ਨਾ ਮਿਲਿਆ ਤਾਂ ਆਮ ਲੋਕ ਕੀ ਆਸ ਕਰਨਗੇ। ਸਾਨੂੰ ਤਾਂ ਇਹ ਵੀ ਨਹੀਂ ਪਤਾ ਸਿੱਧੂ ਨੂੰ ਕਿਉਂ ਮਾਰਿਆ।

ਉਨ੍ਹਾਂ ਗੰਨ ਕਲਚਰ ਤੇ ਗੱਲ ਕਰਦਿਆਂ ਕਿਹਾ ਕਿ ਹਥਿਆਰ ਵਾਪਸ ਲੈ ਕੇ ਨਿਹੱਥਾ ਕਰਨ ਵਾਲੀ ਗੱਲ ਹੈ।ਪਹਿਲਾਂ ਹੀ ਲੋਕਾਂ ਨੂੰ ਹਥਿਆਰਾਂ ਦੇ ਲਾਇਸੈਂਸ ਬੜੇ ਔਖੇ ਮਿਲਦੇ ਸਨ ,ਹੁਣ ਤਾਂ ਜਮਾ ਹੀ ਮੁਸ਼ਕਲ ਹੋ ਜਾਣੀ ਹੈ। ਉਹਨਾਂ ਕਿਹਾ ਕਿ ਗੈਂਗਸਟਰਾਂ ਕੋਲ ਵਿਦੇਸ਼ੀ ਹਥਿਆਰ ਹਨ ਪਰ ਉਹਨਾਂ ਦੇ ਟਾਕਰੇ ਆਪਣੀ ਸੁਰੱਖਿਆ ਲਈ ਆਮ ਲੋਕਾਂ ਕੋਲ ਹਥਿਆਰ ਵੀ ਮਾਮੂਲੀ ਜਿਹੇ ਹਨ।ਉਹਦੇ ਤੇ ਵੀ ਹੁਣ ਸਰਕਾਰ ਜਮਾਂ ਕਰਵਾਉਣ ਨੂੰ ਕਹਿ ਦਿੰਦੀ ਹੈ। ਜੇ ਰੋਕ ਲਾਉਣੀ ਹੈ ਤਾਂ ਗੈਂਗਸਟਰਾਂ ਕੋਲ ਜਿਥੋਂ ਹਥਿਆਰ ਆਉਂਦੇ ਹਨ,ਇਸ ਤੇ ਰੋਕ ਲਗਾਈ ਜਾਵੇ ਜਾ ਫਿਰ ਅਜਿਹਾ ਮਾਹੌਲ ਤਿਆਰ ਕੀਤਾ ਜਾਵੇ ਕਿ ਇਹਨਾਂ ਦੀ ਲੋੜ ਹੀ ਨਾ ਪਵੇ।

ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਲੋਕ ਸਿੱਧੂ ਨੂੰ ਪਿਆਰ ਕਰਦੇ ਹਨ ਤੇ ਉਸ ਨੂੰ ਯਾਦ ਕਰਦੇ ਹਨ ਪਰ ਇਥੇ,ਆਪਣੇ ਮੁਲਕ ਵਿੱਚ ਉਸ ਦੇ ਗਾਣੇ ਚੋਰੀ ਕੀਤੇ ਜਾ ਰਹੇ ਹਨ ਤੇ ਉਸ ਦੇ ਨਾਮ ਦੀ ਵਰਤੋਂ ਹੋ ਰਹੀ ਹੈ।
ਆਪਣੇ ਸੰਬੋਧਨ ਦੇ ਅਖੀਰ ਵਿੱਚ ਉਹਨਾਂ ਸਾਰਿਆਂ ਦੇ ਸਾਹਮਣੇ ਇਹ ਸਵਾਲ ਰੱਖਿਆ ਕਿ ਉਹਨਾਂ ਨੂੰ ਹਾਲੇ ਤੱਕ ਇਹ ਸਮਝ ਨਹੀਂ ਕਿ ਸਿੱਧੂ ਨੂੰ ਮਾਰਿਆ ਕਿਉਂ ਗਿਆ ਹੈ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਮਿਲ ਕੇ ਸਿੱਧੂ ਨੂੰ ਇਨਸਾਫ਼ ਦੇਣ ਲਈ ਦੁਆ ਕਰਨ ਤੇ ਸਾਥ ਦੇਣ।