India

ਹਸਪਤਾਲ ‘ਚ ਇਲਾਜ ਲਈ ਤੜਫਦਾ ਰਿਹਾ ਮਾਸੂਮ, ਡਾਕਟਰ ਨਹੀਂ ਪਹੁੰਚਿਆ, ਮਾਂ ਦੀ ਗੋਦੀ ‘ਚ ਤੋੜਿਆ ਦਮ

ਮੱਧ ਪ੍ਰਦੇਸ਼ :-  ਅੱਜ ਦੇ ਮੈਡੀਕਲ ਯੁੱਗ ਵਿੱਚ ਇੱਕ ਮਾਸੂਮ ਬੱਚੇ ਨੂੰ ਸਹੀ ਇਲਾਜ ਨਾ ਮਿਲਣ ਕਰਕੇ ਆਪਣੀ ਜ਼ਿੰਦਗੀ ਤੋਂ ਹੱਥ ਧੌਣਾ ਪਿਆ ਹੈ। ਮਾਂ ਦੇ ਲਈ ਆਪਣੇ ਜਿਗਰ ਦੇ ਟੋਟੇ ਵੱਲੋਂ ਇਸ ਤਰ੍ਹਾਂ ਅਲਵਿਦਾ ਕਹਿ ਜਾਣਾ ਬੇਹੱਦ ਅਸਹਿਣਯੋਗ ਹੈ। ਦਰਅਸਲ, ਮੱਧ ਪ੍ਰਦੇਸ਼ (Madhya Pradesh) ਦੇ ਜਬਲਪੁਰ ਵਿੱਚ ਸਥਿਤ ਬਰਗੀ ਸਿਹਤ ਕੇਂਦਰ ਵਿੱਚ ਇੱਕ ਮਾਂ ਦੀ ਗੋਦ ਵਿੱਚ ਉਸਦੇ ਮਾਸੂਮ ਬੱਚੇ ਨੇ ਦਮ ਤੋੜ ਦਿੱਤਾ। ਇਲਾਜ ਨਾ ਮਿਲਣ ਕਰਕੇ ਬੱਚੇ (Child) ਦੀ ਮੌਤ ਹੋ ਗਈ ਹੈ। ਮ੍ਰਿਤਕ ਦਾ ਨਾਂ ਰਿਸ਼ੀ ਠਾਕੁਰ ਹੈ, ਜੋ ਤਿਨਹੇਟਾ ਦੇਵਰੀ ਦਾ ਰਹਿਣ ਵਾਲਾ ਹੈ। ਡਾਕਟਰ ਇਲਾਜ ਲਈ ਸਮੇਂ ਸਿਰ ਸਿਹਤ ਕੇਂਦਰ ਨਹੀਂ ਪਹੁੰਚੇ, ਜਿਸ ਕਾਰਨ ਇਲਾਜ ਸ਼ੁਰੂ ਨਹੀਂ ਹੋ ਸਕਿਆ ਅਤੇ ਬੱਚੇ ਦੀ ਮੌਤ ਹੋ ਗਈ। ਮਾਸੂਮ ਪੁੱਤਰ ਦੀ ਲਾਸ਼ ਹੱਥ ‘ਚ ਫੜੀ ਮਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਸਵੇਰ ਤੋਂ ਹੀ ਮਾਂ ਮਾਸੂਮ ਨੂੰ ਗੋਦ ‘ਚ ਲੈ ਕੇ ਇਲਾਜ ਲਈ ਬੈਠੀ ਸੀ।

ਮ੍ਰਿਤਕ ਬੱਚੇ ਦੇ ਵਾਰਸਾਂ ਨੇ ਬਰਗੀ ਹਸਪਤਾਲ ਦੇ ਡਾਕਟਰਾਂ ‘ਤੇ ਡਿਊਟੀ ‘ਤੇ ਨਾ ਹੋਣ ਅਤੇ ਸੂਚਨਾ ਦੇ ਬਾਵਜੂਦ ਸਮੇਂ ਸਿਰ ਨਾ ਪਹੁੰਚਣ ਦਾ ਦੋਸ਼ ਲਗਾਇਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਇਲਾਜ ਮਿਲਣ ਨਾਲ ਬੱਚੇ ਦੀ ਜਾਨ ਬਚਾਈ ਜਾ ਸਕਦੀ ਸੀ ਪਰ ਅਣਗਹਿਲੀ ਕਾਰਨ ਵੱਡੀ ਘਟਨਾ ਵਾਪਰ ਗਈ ਹੈ। ਜਬਲਪੁਰ ਦੇ ਥਾਣਾ ਬਰਗੀ ਦੇ ਅਰੋਗਯਮ ਹਸਪਤਾਲ ਪ੍ਰਬੰਧਨ ‘ਤੇ ਲਾਪਰਵਾਹੀ ਦੇ ਦੋਸ਼ ਲੱਗੇ ਹਨ। ਮਾਂ ਦੀ ਗੋਦ ‘ਚ ਮਾਸੂਮ ਦੀ ਲਾਸ਼ ਅਤੇ ਮਾਂ ਦੇ ਰੋਣ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਹਾਲਾਂਕਿ, ਖੇਤਰੀ ਡਾਇਰੈਕਟਰ ਸਿਹਤ ਡਾ: ਸੰਜੇ ਮਿਸ਼ਰਾ ਨੇ ਦੱਸਿਆ ਕਿ ਡਾ: ਲੋਕੇਸ਼ ਸ੍ਰੀਵਾਸਤਵ ਸਿਹਤ ਕੇਂਦਰ ‘ਚ ਸਵੇਰ ਤੋਂ ਹੀ ਡਿਊਟੀ ਕਰ ਰਹੇ ਸਨ। ਬੱਚੇ ਨੂੰ ਮ੍ਰਿਤਕ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ। ਉਹ ਸੈਪਟੀਸੀਮੀਆ ਦਾ ਸ਼ਿਕਾਰ ਸੀ। ਇਸ ਸਬੰਧੀ ਮਾਪਿਆਂ ਨੂੰ ਜਾਣੂ ਕਰਵਾਇਆ ਗਿਆ ਸੀ।

ਡਾਕਟਰ ਦੀ ਗੱਲ ਤੋਂ ਸੰਤੁਸ਼ਟ ਹੋ ਕੇ ਮਾਪੇ ਹਸਪਤਾਲ ਤੋਂ ਵਾਪਸ ਚਲੇ ਗਏ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਮਾਪਿਆਂ ਨੂੰ ਵਾਪਸ ਬੁਲਾ ਕੇ ਮਾਮਲਾ ਉਲਝਾਇਆ। ਜਦੋਂ ਵਿਵਾਦ ਵਧਣ ਲੱਗਾ ਤਾਂ ਡਿਊਟੀ ਡਾਕਟਰ ਨੇ ਪੋਸਟਮਾਰਟਮ ਦੀ ਗੱਲ ਕਹੀ ਪਰ ਪਰਿਵਾਰ ਵਾਲੇ ਨਹੀਂ ਮੰਨੇ ਅਤੇ ਮਾਮਲਾ ਵੱਧ ਗਿਆ।