ਨਵੀਂ ਦਿੱਲੀ : ਪਿਆਰ ‘ਚ ਪਾਗਲ ਹੋਏ ਇਕ ਸਿਰਫਿਰੇ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ 16 ਸਾਲਾ ਲੜਕੀ ‘ਤੇ ਗੋਲੀ ਚਲਾ ਕੇ ਉਸ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਇਹ ਦੁਮਕਾ ਵਰਗੀ ਘਟਨਾ ਰਾਸ਼ਟਰੀ ਰਾਜਧਾਨੀ ਦਿੱਲੀ (Delhi) ਦੇ ਸੰਗਮ ਵਿਹਾਰ ਇਲਾਕੇ ‘ਚ ਸਾਹਮਣੇ ਆਈ ਹੈ। ਗੋਲੀ ਲੱਗਣ ਨਾਲ ਲੜਕੀ ਜ਼ਖ਼ਮੀ ਹੋ ਗਈ। ਗੋਲੀ ਚਲਾਉਣ ਦੇ ਮੁਲਜ਼ਮ ਅਮਾਨਤ ਅਲੀ (Amanat Ali) ਨੂੰ ਪੁਲਿਸ (Police) ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਉਸ ਦੇ ਦੋਵੇਂ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਹੁਣ ਇਸ ਮਾਮਲੇ ਵਿੱਚ ਤੀਜੀ ਗ੍ਰਿਫ਼ਤਾਰੀ ਹੋਈ ਹੈ।

ਮੁਲਜ਼ਮ ਨੇ ਪੁਲਿਸ ਕੋਲ ਕੀਤਾ ਇਹ ਖੁਲਾਸਾ

ਉੱਤਰ ਪ੍ਰਦੇਸ਼ ਦੇ ਮੇਰਠ ਨਾਲ ਸਬੰਧਿਤ ਮੁਲਜ਼ਮ ਅਮਾਨਤ ਅਲੀ ਈ ਬਲਾਕ ਸੰਗਮ ਵਿਹਾਰ ਵਿੱਚ ਰਹਿੰਦਾ ਹੈ। ਉਸ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਜਿਸ ਲੜਕੀ ਨੂੰ ਉਸ ਨੇ ਗੋਲੀ ਮਾਰੀ ਸੀ, ਉਹ ਸੋਸ਼ਲ ਮੀਡੀਆ ਰਾਹੀਂ ਉਸ ਦੇ ਸੰਪਰਕ ਵਿੱਚ ਆਈ ਸੀ। ਬਾਅਦ ਵਿਚ ਉਸ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ, ਜਿਸ ‘ਤੇ ਅਮਾਨਤ ਅਲੀ ਨੇ ਉਸ ਨੂੰ ਸਬਕ ਸਿਖਾਉਣ ਅਤੇ ਬਦਲਾ ਲੈਣ ਦੀ ਯੋਜਨਾ ਬਣਾਈ। ਦੱਖਣੀ ਦਿੱਲੀ ਦੀ ਡੀਸੀਪੀ ਬੇਨੀਤਾ ਮੈਰੀ ਜੈਕਰ ਮੁਤਾਬਕ 25 ਅਗਸਤ ਨੂੰ ਕਰੀਬ 15:47 ‘ਤੇ ਸੰਗਮ ਵਿਹਾਰ ਇਲਾਕੇ ਦੇ ਤਿਗਰੀ ਥਾਣੇ ‘ਚ 16 ਸਾਲਾ ਲੜਕੀ ਨੂੰ ਗੋਲੀ ਮਾਰ ਦਿੱਤੀ ਗਈ ਸੀ। ਪੁਲੀਸ ਟੀਮ ਮੌਕੇ ’ਤੇ ਪੁੱਜੀ ਜਿੱਥੇ ਪਤਾ ਲੱਗਾ ਕਿ ਲੜਕੀ ਦੇ ਮੋਢੇ ’ਤੇ ਗੋਲੀ ਲੱਗੀ ਹੈ। ਪੀੜਤ ਨੂੰ ਬੱਤਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਬੱਤਰਾ ਹਸਪਤਾਲ ਪਹੁੰਚ ਕੇ ਪੀੜਤਾ ਦੇ ਬਿਆਨ ਦਰਜ ਕੀਤੇ।

ਪੀੜਤ ਲੜਕੀ ਨੇ ਪੁਲਿਸ ਨੂੰ ਇਹ ਦੱਸਿਆ..

ਲੜਕੀ ਨੇ ਦੱਸਿਆ ਕਿ ਉਹ ਕੈਂਬਰਿਜ ਇੰਟਰਨੈਸ਼ਨਲ ਸਕੂਲ, ਦਿਓਲੀ ਰੋਡ, ਨਵੀਂ ਦਿੱਲੀ ਤੋਂ 11ਵੀਂ ਜਮਾਤ ਵਿੱਚ ਪੜ੍ਹਦੀ ਹੈ। ਜਦੋਂ ਉਹ ਸਕੂਲ ਤੋਂ ਘਰ ਜਾ ਰਹੀ ਸੀ ਤਾਂ ਉਸ ਨੂੰ ਲੱਗਾ ਕਿ ਮੋਟਰਸਾਈਕਲ ‘ਤੇ ਸਵਾਰ ਤਿੰਨ ਲੜਕੇ ਉਸ ਦਾ ਪਿੱਛਾ ਕਰ ਰਹੇ ਹਨ। ਜਦੋਂ ਉਹ ਸੰਗਮ ਵਿਹਾਰ ਦੇ ਬੀ ਬਲਾਕ ਕੋਲ ਪਹੁੰਚੀ ਤਾਂ ਇਕ ਲੜਕੇ ਨੇ ਪਿਸਤੌਲ ਨਾਲ ਉਸ ‘ਤੇ ਗੋਲੀ ਚਲਾ ਦਿੱਤੀ ਅਤੇ ਸਾਰੇ ਮੋਟਰਸਾਈਕਲ ‘ਤੇ ਮੌਕੇ ਤੋਂ ਫਰਾਰ ਹੋ ਗਏ। ਉਸ ਨੇ ਅੱਗੇ ਦੱਸਿਆ ਕਿ ਉਹ ਅਮਾਨਤ ਅਲੀ ਨਾਂ ਦੇ ਲੜਕੇ ਨੂੰ ਜਾਣਦੀ ਸੀ, ਜੋ ਸੋਸ਼ਲ ਮੀਡੀਆ ਰਾਹੀਂ ਦੋ ਸਾਲਾਂ ਤੋਂ ਉਸ ਦੇ ਸੰਪਰਕ ਵਿੱਚ ਸੀ। ਪਰ 4-5 ਮਹੀਨਿਆਂ ਤੋਂ ਉਹ ਉਸ ਨਾਲ ਗੱਲ ਨਹੀਂ ਕਰ ਰਹੀ ਸੀ, ਪਰ ਫਿਰ ਵੀ ਉਹ ਲਗਾਤਾਰ ਉਸ ਦਾ ਪਿੱਛਾ ਕਰ ਰਿਹਾ ਸੀ।

ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਲੜਕੀ ਦੇ ਬਿਆਨਾਂ ‘ਤੇ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਬੌਬੀ ਨੂੰ ਸੰਗਮ ਵਿਹਾਰ ਦੇ ਕੇ ਬਲਾਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਦੇ ਮੌਕੇ ’ਤੇ ਹੀ ਦੂਜੇ ਮੁਲਜ਼ਮ ਪਵਨ ਉਰਫ ਸੁਮਿਤ ਨੂੰ ਵੀ ਸੰਗਮ ਵਿਹਾਰ ਤੋਂ ਕਾਬੂ ਕੀਤਾ ਗਿਆ।

ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਖੁਲਾਸਾ

ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਪੀੜਤਾ 2 ਸਾਲ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਤੀਜੇ ਮੁਲਜ਼ਮ ਅਮਾਨਤ ਅਲੀ ਦੇ ਸੰਪਰਕ ਵਿੱਚ ਆਈ ਸੀ ਅਤੇ 5-6 ਮਹੀਨੇ ਪਹਿਲਾਂ ਅਰਮਾਨ ਅਲੀ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਅਮਾਨਤ ਅਲੀ ਲੜਕੀ ਦੀ ਇਸ ਹਰਕਤ ਤੋਂ ਨਾਰਾਜ਼ ਸੀ। ਉਸ ਨੇ ਮੁਲਜ਼ਮ ਬੌਬੀ ਅਤੇ ਪਵਨ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੀ ਮਦਦ ਨਾਲ ਆਪਣੀ ਯੋਜਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ।