ਅਲ-ਮੁਸਤਫਾ ਇੰਟਰਨੈਸ਼ਨਲ ਯੂਨੀਵਰਸਿਟੀ ਈਰਾਨ ਦੇ ਵਾਈਸ ਚਾਂਸਲਰ ਡਾ. ਰਜਾ ਸੇਕਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਗੁਰਮੁਖੀ ਪੰਜਾਬੀ ਬੋਲੀ ਤੇ ਫ਼ਾਰਸੀ ਭਾਸ਼ਾ ਵਿੱਚ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਉਤੇ ਜ਼ੋਰ ਦਿੱਤਾ ਹੈ। ਇਸ ਮੌਕੇ ਵਿਰਾਸਤ ਸਿੱਖੀਜ਼ਮ ਟਰੱਸਟ ਦੇ ਚੇਅਰਮੈਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਕਨਵੀਨਰ ਰਜਿੰਦਰ ਸਿੰਘ ਵਿਰਾਸਤ ਵੀ ਮੌਜੂਦ ਸਨ।
ਅੰਮ੍ਰਿਤਸਰ ਪੁੱਜ ਕੇ ਵਾਈਸ ਚਾਂਸਲਰ ਡਾ. ਰਜ਼ਾ ਸੇਕਰੀ ਨੇ ਗਿਆਨੀ ਰਘਬੀਰ ਸਿੰਘ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਦੌਰਾਨ ਈਰਾਨ ਯੂਨੀਵਰਸਿਟੀ ਦੇ ਪਾਠਕ੍ਰਮ ਵਿੱਚ ਵੀ ਗੁਰਮੁਖੀ ਪੰਜਾਬੀ ਬੋਲੀ ਨੂੰ ਸਨਮਾਨਯੋਗ ਸਥਾਨ ਦੇਣ ਦਾ ਵਾਅਦਾ ਕੀਤਾ ਹੈ।
ਇਸ ਮੌਕੇ ਗਿਆਨੀ ਰਘਬੀਰ ਸਿੰਘ ਨੇ ਗੁਰਬਾਣੀ, ਗੁਰੂ ਇਤਿਹਾਸ ਤੇ ਸਿੱਖ ਇਤਿਹਾਸ ਵਿੱਚ ਫ਼ਾਰਸੀ ਬੋਲੀ ਦੀ ਵਰਤੋਂ ਕਰਨ ਦੇ ਸਬੰਧ ਵਿੱਚ ਆਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜ਼ਫ਼ਰਨਾਮਾ ਫ਼ਾਰਸੀ ਬੋਲੀ ਦੀ ਇਕ ਸ਼ਾਹਕਾਰ ਰਚਨਾ ਹੈ, ਜਿਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਅੱਜ ਵੀ ਫ਼ਾਰਸੀ ਤੇ ਗੁਰਮੁਖੀ ਪੰਜਾਬੀ ਬੋਲੀ ਨੂੰ ਆਪਸ ਵਿੱਚ ਨੇੜੇ ਲਿਆਉਣ ਦੀ ਲੋੜ ਹੈ।
ਇਸ ਮੌਕੇ ਵਾਈਸ ਚਾਂਸਲਰ ਡਾ. ਰਜ਼ਾ ਸੇਕਰੀ ਨੇ ਕਿਹਾ ਕਿ ਸਾਡਾ ਮਨੋਰਥ ਫ਼ਾਰਸੀ ਤੇ ਪੰਜਾਬੀ ਦੀ ਸਾਂਝ ਨੂੰ ਹੋਰ ਵਧੇਰੇ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯੂਨੀਵਰਸਿਟੀ ਵਿੱਚ ਸਿੱਖ ਇਤਿਹਾਸ ਦੇ ਫ਼ਾਰਸੀ ਸਰੋਤਾਂ ਦੇ ਅਧਿਐਨ ਨੂੰ ਸੁਖਾਲਾ ਬਣਾਉਣ ਲਈ ਸਿੱਖ ਇਤਿਹਾਸ ਦੇ ਖੋਜਕਾਰਾਂ ਨੂੰ ਫ਼ਾਰਸੀ ਸਿਖਾਉਣ ਦਾ ਉਪਰਾਲਾ ਵੀ ਕੀਤਾ ਜਾਵੇਗਾ।
ਉਨ੍ਹਾਂ ਨੇ ਗਿਆਨੀ ਰਘਬੀਰ ਸਿੰਘ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਨੂੰ ਈਰਾਨ ਆਉਣ ਦਾ ਅਲ ਮੁਸਤਫ਼ਾ ਯੂਨੀਵਰਸਿਟੀ ਦੇ ਪ੍ਰਮੁੱਖ ਆਗੂ ਡਾ. ਅੱਬਾਸੀ ਵਲੋਂ ਸੱਦਾ ਦਿੱਤਾ ਤਾਂ ਜੋ ਆਪਸੀ ਇਤਿਹਾਸਕ ਸਬੰਧਾਂ ਨੂੰ ਹੋਰ ਨਿੱਘਾ ਬਣਾਉਣ ਦੀ ਸ਼ੁਰੂਆਤ ਕੀਤੀ ਜਾ ਸਕੇ।
ਇਸ ਮੌਕੇ ਗਿਆਨੀ ਰਘਬੀਰ ਸਿੰਘ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਦਾ ਸੱਦਾ ਭੇਜਣ ਲਈ ਧੰਨਵਾਦ ਕਰਦਿਆਂ ਆਖਿਆ ਕਿ ਗੁਰਮੁਖੀ ਪੰਜਾਬੀ ਬੋਲੀ ਤੇ ਫ਼ਾਰਸੀ ਬੋਲੀ ਦੀ ਆਪਸੀ ਸਾਂਝ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਈਰਾਨ ਦੇ ਨਾਲ ਸਬੰਧਾਂ ਨੂੰ ਹੋਰ ਨੇੜਤਾ ਵਿੱਚ ਲਿਆਉਣ ਲਈ ਉਪਰਾਲੇ ਕੀਤੇ ਜਾਣਗੇ।