Punjab

ਟਰੂਡੋ ਵੱਲੋਂ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ‘ਤੇ ਭਾਰਤ ਵਿਦੇਸ਼ੀ ਮੰਤਰਾਲੇ ਨੇ ਕੋਰੋਨਾ ਦੇ ਮੁੱਦੇ ‘ਤੇ ਹੋਣ ਵਾਲੀ ਬੈਠਕ ਦਾ ਕੀਤਾ ਬਾਈਕਾਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਅਤੇ ਭਾਰਤ ਸਰਕਾਰ ਨੂੰ ਜਲਦ ਤੋਂ ਜਲਦ ਇਸ ਦਾ ਹੱਲ ਕੱਢਣ ਦੇ ਬਿਆਨ ਤੋਂ ਬਾਅਦ ਭਾਰਤ ਸਰਕਾਰ ਨੇ ਕੈਨੇਡਾ ਖ਼ਿਲਾਫ਼ ਸਖ਼ਤ ਰੁੱਖ ਅਖ਼ਤਿਆਰ ਕਰਦਿਆ ਭਾਰਤੀ ਵਿਦੇਸ਼ੀ ਮੰਤਰਾਲੇ ਨੇ 7 ਦਸੰਬਰ ਨੂੰ ਕੈਨੇਡਾ ਵਿੱਚ ਕੋਰੋਨਾ ਦੇ ਮੁੱਦੇ ‘ਤੇ ਹੋਣ ਵਾਲੀ ਬੈਠਕ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਭਾਰਤ ਨੇ ਵਿਦੇਸ਼ ਮੰਤਰੀ ਦੀ ਚਿਤਾਵਨੀ ਦੇ ਬਾਵਜੂਦ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਵਾਰ ਮੁੜ ਤੋਂ ਕਿਸਾਨਾਂ ਦੇ ਹੱਕ ਵਿੱਚ ਬਿਆਨ ਦੇਣ ‘ਤੇ ਇਹ ਫ਼ੈਸਲਾ ਲਿਆ ਹੈ।

ਭਾਰਤ ਸਰਕਾਰ ਨੇ ਕੈਨੇਡਾ ਦੇ ਸਫ਼ੀਰ ਨੂੰ ਤਲਬ ਕਰਕੇ ਆਪਣਾ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਕੈਨੇਡਾ ਸਰਕਾਰ  ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣ ਦੀ ਚਿਤਾਵਨੀ ਦਿੱਤੀ ਗਈ ਸੀ।

ਜਸਟਿਨ ਟਰੂਡੋ ਨੇ ਕੀ ਅਪੀਲ ਕੀਤੀ ਸੀ ?

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦਿਆਂ ਕਿਹਾ ਸੀ ਕਿ “ਹਾਲਾਤ ਚਿੰਤਾਜਨਕ ਹਨ। ਅਸੀਂ ਪਰਿਵਾਰ ਅਤੇ ਦੋਸਤਾਂ ਨੂੰ ਲੈ ਕੇ ਪਰੇਸ਼ਾਨ ਹਾਂ। ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੀ ਰਾਖੀ ਲਈ ਕੈਨੇਡਾ ਹਮੇਸ਼ਾ ਹੀ ਖੜਾ ਰਹੇਗਾ। ਅਸੀਂ ਗੱਲਬਾਤ ‘ਤੇ ਵਿਸ਼ਵਾਸ ਰੱਖਦੇ ਹਾਂ। ਅਸੀਂ ਭਾਰਤੀ ਅਧਿਕਾਰੀਆਂ ਸਾਹਮਣੇ ਆਪਣੀ ਚਿੰਤਾਵਾਂ ਰੱਖੀਆਂ ਹਨ।”

 ਭਾਰਤ ਨੇ ਦਿੱਤਾ ਜਵਾਬ

ਭਾਰਤ ਨੇ ਟਰੂਡੋ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ” ਕੈਨੇਡਾ ਦੇ ਲੀਡਰਾਂ ਦੀ ਸਾਡੇ ਕਿਸਾਨਾਂ ਨਾਲ ਸੰਬੰਧਿਤ ਟਿੱਪਣੀਆਂ ਗੁੰਮਰਾਹ ਕਰਨ ਵਾਲੀਆਂ ਜਾਣਕਾਰੀਆਂ ‘ਤੇ ਆਧਾਰਿਤ ਹਨ। ਇਹ ਟਿੱਪਣੀਆਂ ਇੱਕ ਲੋਕਤੰਤਰੀ ਮੁਲਕ ਦੇ ਅੰਦਰੂਨੀ ਮਾਮਲਿਆਂ ਨਾਲ ਸੰਬੰਧਿਤ ਹਨ।”

 ਕੈਨੇਡਾ ਦੇ ਲੀਡਰਾਂ ਨੇ ਕਿਸਾਨਾਂ ਦੇ ਹੱਕ ਚ ਕੀ ਕਿਹਾ

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਟਵੀਟ ਕਰਕੇ ਕਿਸਾਨੀ ਅੰਦੋਲਨ ਦੀ ਹਿਮਾਇਤ ਕੀਤੀ ਸੀ। ਉਨ੍ਹਾਂ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ‘ਤੇ ਵਾਟਰ ਕੈਨਨ ਅਤੇ ਹੰਝੂ ਗੈਸ ਛੱਡੇ ਜਾਣ ਦੀ ਨਿੰਦਾ ਵੀ ਕੀਤੀ ਸੀ।

ਕੈਨੇਡਾ ਦੇ NDP ਦੇ ਆਗੂ ਜਗਮੀਤ ਸਿੰਘ ਵੱਲੋਂ ਵੀ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਕੀਤੀ ਗਈ ਪੁਲਿਸ ਵਰਤੋਂ ਨੂੰ ਗ਼ਲਤ ਦੱਸਦੇ ਹੋਏ ਕਿਹਾ ਸੀ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਹਾਂ।