Punjab

ਇੱਥੇ ਰਾਵਣ ਨੂੰ ਸਾੜਿਆ ਨਹੀਂ ਜਾਂਦਾ, ਪੂਜਾ ਕੀਤੀ ਜਾਂਦੀ ਹੈ, ਦੂਰੋਂ ਦੂਰੋਂ ਲੋਕ ਸੁੱਖਦੇ ਨੇ ਸੁੱਖਣਾ

‘ਦ ਖ਼ਾਲਸ ਬਿਊਰੋ : ਲੁਧਿਆਣਾ ਜ਼ਿਲ੍ਹੇ ਦੇ ਪਾਇਲ ਕਸਬੇ ਵਿੱਚ ਦੁਸਹਿਰੇ ਵਾਲੇ ਦਿਨ ਰਾਵਣ ਨਹੀਂ ਸਾੜਿਆ ਜਾਂਦਾ ਸਗੋਂ ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਹ ਪਿੰਡ ਰਾਵਣ ਨੂੰ ਹੀਰੋ ਮੰਨਦਾ ਹੈ। ਇਸ ਪਿੰਡ ਵਿੱਚ ਰਾਵਣ ਦੀ ਪੂਜਾ ਦੀ ਪਰੰਪਰਾ ਲਗਭਗ 189 ਸਾਲ ਪਹਿਲਾਂ ਤੋਂ ਸ਼ੁਰੂ ਹੋਈ ਸੀ, ਜੋ ਅੱਜ ਵੀ ਜਾਰੀ ਹੈ। ਦੁਸਹਿਰੇ ਵਾਲੇ ਦਿਨ ਰਾਵਣ ਦੀ ਪੂਜਾ ਸ਼ਰਾਬ ਦੀ ਬੋਤਲ ਅਤੇ ਬੱਕਰੇ ਦੇ ਖੂਨ ਨਾਲ ਕੀਤੀ ਜਾਂਦੀ ਹੈ। ਰਾਵਣ ਦੀ ਪੂਜਾ ਦੀ ਆਸਥਾ ਪੁੱਤਰ ਦੇ ਜਨਮ ਨਾਲ ਜੁੜੀ ਹੋਈ ਹੈ। ਜਦੋਂ ਇੱਕ ਵਾਰ ਕੁਝ ਸ਼ਰਾਰਤੀ ਅਨਸਰਾਂ ਨੇ ਰਾਵਣ ਦੀ ਮੂਰਤੀ ਨੂੰ ਤੋੜ ਦਿੱਤਾ ਸੀ, ਤਾਂ ਉਦੋਂ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਦੀ ਸਿਫਾਰਸ਼ ‘ਤੇ ਇਸ ਨੂੰ ਦੁਬਾਰਾ ਲਗਾਇਆ ਗਿਆ ਸੀ।

ਦੂਬੇ ਪਰਿਵਾਰ ਦੇ ਮੈਂਬਰ ਅਨਿਲ ਦੂਬੇ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖੇ ਹਕੀਮ ਬੀਰਬਲ ਦਾਸ ਨੂੰ 2 ਵਿਆਹਾਂ ਤੋਂ ਬਾਅਦ ਵੀ ਸੰਤਾਨ ਦਾ ਸੁੱਖ ਨਹੀਂ ਮਿਲਿਆ ਸੀ, ਜਿਸ ਕਾਰਨ ਉਹ ਸੰਨਿਆਸ ਲੈ ਕੇ ਚਲੇ ਗਏ ਸਨ। ਉੱਥੇ ਇੱਕ ਸੰਤ ਨੇ ਉਸਨੂੰ ਰਾਮਲੀਲਾ ਕਰਵਾਉਣ ਅਤੇ ਗ੍ਰਹਿਸਥੀ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਵਾਪਸ ਪਰਤ ਕੇ ਦੁਸਹਿਰੇ ਵਾਲੇ ਦਿਨ ਉਨ੍ਹਾਂ ਨੂੰ ਪੁੱਤਰ ਰਤਨ ਮਿਲਿਆ। ਇਸ ਦੇ ਪਿੱਛੇ ਉਸ ਨੇ ਰਾਵਣ ਦਾ ਆਸ਼ੀਰਵਾਦ ਮੰਨਿਆ। ਦੂਬੇ ਦੱਸਦੇ ਹਨ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪੂਰਵਜ ਦੇ ਚਾਰ ਪੁੱਤਰ ਸਨ, ਉਸੇ ਤਰ੍ਹਾਂ ਮਹਾਤਮਾ ਰਾਵਣ ਦੇ ਆਸ਼ੀਰਵਾਦ ਨਾਲ ਉਨ੍ਹਾਂ ਦੇ ਵੀ ਚਾਰ ਪੁੱਤਰ ਹਨ। ਦੂਬੇ ਦਾ ਕਹਿਣਾ ਹੈ ਕਿ ਇੱਥੇ ਲੋਕ ਪੁੱਤਰ ਪ੍ਰਾਪਤੀ ਲਈ ਸੁੱਖਣਾ ਸੁੱਖਣ ਆਉਂਦੇ ਹਨ। ਜਦੋਂ ਉਨ੍ਹਾਂ ਦੀ ਸੁੱਖਣਾ ਪੂਰੀ ਹੋ ਜਾਂਦੀ ਹੈ, ਤਾਂ ਦੁਸਹਿਰੇ ਵਾਲੇ ਦਿਨ ਇੱਥੇ ਸ਼ਰਾਬ ਦੀ ਬੋਤਲ ਚੜ੍ਹਾਈ ਜਾਂਦੀ ਹੈ। ਅਨਿਲ ਦੂਬੇ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਠਾਨਕੋਟ, ਚੰਡੀਗੜ੍ਹ, ਭੋਪਾਲ, ਕੈਨੇਡਾ ਅਤੇ ਆਸਟ੍ਰੇਲੀਆ ਤੋਂ ਦੁਸਹਿਰੇ ਵਾਲੇ ਦਿਨ ਇੱਥੇ ਜ਼ਰੂਰ ਪਹੁੰਚਦੇ ਹਨ।

ਅਨਿਲ ਦੂਬੇ ਦਾ ਕਹਿਣਾ ਹੈ ਕਿ ਉਹ ਖੁਦ ਵੀ ਚਾਰ ਭਰਾ ਹਨ। ਚਾਰਾਂ ਭਰਾਵਾਂ ਦਾ ਜਨਮ ਚਾਰ ਸਾਲ ਦੇ ਅੰਤਰ ਨਾਲ ਦੁਸਹਿਰੇ ਵਾਲੇ ਦਿਨ ਹੋਇਆ ਸੀ। ਉਨ੍ਹਾਂ ਦੇ ਚਾਰ ਪੁੱਤਰਾਂ ਦਾ ਜਨਮ ਵੀ ਦੁਸਹਿਰੇ ਮੌਕੇ ਹੋਇਆ ਹੈ। ਇਸ ਦਾ ਕਾਰਨ ਕਿਤੇ ਨਾ ਕਿਤੇ ਉਨ੍ਹਾਂ ਦਾ ਮਹਾਤਮਾ ਰਾਵਣ ਪ੍ਰਤੀ ਵਿਸ਼ਵਾਸ ਹੈ। ਦੂਬੇ ਮੁਤਾਬਕ ਜਿਸ ਕਿਸੇ ਦੇ ਵੀ ਔਲਾਦ ਨਹੀਂ ਹੈ, ਉਹ ਇਕ ਵਾਰ ਮਹਾਤਮਾ ਰਾਵਣ ਦਾ ਆਸ਼ੀਰਵਾਦ ਜ਼ਰੂਰ ਲਵੇ।

ਅਨਿਲ ਦੂਬੇ ਦਾ ਕਹਿਣਾ ਹੈ ਕਿ ਦੁਸਹਿਰੇ ਵਾਲੇ ਦਿਨ ਮਹਾਤਮਾ ਰਾਵਣ ਨੂੰ ਸ਼ਰਾਬ ਚੜ੍ਹਾਈ ਜਾਂਦੀ ਹੈ। ਵੈਸੇ ਹੁਣ ਸੰਕੇਤਕ ਤੌਰ ‘ਤੇ ਰਾਵਣ ਨੂੰ ਸ਼ਰਾਬ ਦੀ ਬੋਤਲ ‘ਚੋਂ ਛਿੱਟਾ ਅਤੇ ਬੱਕਰੀ ਦੇ ਕੰਨ ‘ਚੋਂ ਥੋੜ੍ਹਾ ਜਿਹਾ ਖੂਨ ਲੈ ਕੇ ਰਾਵਣ ਦੀ ਮੂਰਤੀ ਨੂੰ ਤਿਲਕ ਲਗਾਇਆ ਜਾਂਦਾ ਹੈ। ਦੂਰ-ਦੂਰ ਤੋਂ ਲੋਕ ਇੱਥੇ ਰਾਵਣ ਦੀ ਪੂਜਾ ਕਰਨ ਆਉਂਦੇ ਹਨ। ਇਹ ਰੀਤ ਦੇਰ ਸ਼ਾਮ ਤੱਕ ਪੂਰੀ ਹੋ ਜਾਂਦੀ ਹੈ।

ਦੱਸ ਦੇਈਏ ਕਿ 1835 ਵਿੱਚ ਦੂਬੇ ਪਰਿਵਾਰ ਦੇ ਹਕੀਮ ਬੀਰਬਲ ਦਾਸ ਨੇ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਕਰਵਾਇਆ ਸੀ। ਇਸ ਤੋਂ ਬਾਅਦ ਇੱਥੇ ਹੀ ਲੰਕਾਪਤੀ ਰਾਵਣ ਦੀ ਕਪਾਹ ਆਦਿ ਨਾਲ ਮੂਰਤੀ ਬਣਾ ਕੇ ਪੂਜਾ ਕੀਤੀ ਗਈ। ਕੁਝ ਸਾਲ ਬੀਤ ਜਾਣ ਤੋਂ ਬਾਅਦ ਇੱਥੇ ਸੀਮਿੰਟ ਦਾ ਰਾਵਣ ਦਾ ਪੁਤਲਾ ਪੱਕਾ ਹੀ ਸਥਾਪਿਤ ਕਰਵਾ ਦਿੱਤਾ ਗਿਆ। 187 ਸਾਲਾਂ ਤੋਂ ਹੁਣ ਹਰ ਸਾਲ ਇਸ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ। ਦੂਬੇ ਪਰਿਵਾਰ ਰਾਵਣ ਦੀ ਮੂਰਤੀ ਅਤੇ ਸ਼੍ਰੀ ਰਾਮ ਦੇ ਮੰਦਰ ਨੂੰ ਸੰਭਾਲ ਰਿਹਾ ਹੈ। ਇਹ ਪਰਿਵਾਰ ਹਕੀਮ ਬੀਰਬਲ ਦਾਸ ਜੀ ਦੀ 7ਵੀਂ ਪੀੜ੍ਹੀ ਹੈ।

ਪਿੰਡ ਦੇ ਵਸਨੀਕ ਯਸ਼ਪਾਲ ਨੇ ਦੱਸਿਆ ਕਿ 1968 ਵਿੱਚ ਕੁਝ ਅੰਧਵਿਸ਼ਵਾਸੀ ਲੋਕਾਂ ਨੇ ਇਸ ਨੂੰ ਸ਼ਹਿਰ ਦੀ ਤਰੱਕੀ ਵਿੱਚ ਅੜਿੱਕਾ ਦੱਸਦਿਆਂ ਰਾਤੋ-ਰਾਤ ਬੁੱਤ ਤੋੜ ਦਿੱਤਾ ਸੀ। ਦੂਬੇ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਅੰਤ ਵਿੱਚ ਰਾਮਾਕਾਂਤ ਦੂਬੇ ਨੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਸਿਰੀਮਾਵੋ ਬੰਦਰਨਾਇਕ ਨੂੰ ਟੈਲੀਗ੍ਰਾਮ ਰਾਹੀਂ ਸੰਦੇਸ਼ ਭੇਜਿਆ। ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਸਿਰੀਮਾਵੋ ਬੰਦਰਨਾਇਕ ਨੇ ਭਾਰਤ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸੰਦੇਸ਼ ਭੇਜਿਆ ਅਤੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਦਖਲ ਦੇ ਕੇ ਮਾਮਲਾ ਤੁਰੰਤ ਹੱਲ ਕਰਵਾਇਆ।

ਪਿੰਡ ਦੇ ਵਸਨੀਕ ਗੁਰਦੀਪ ਸਿੰਘ ਕਾਲੀ ਦੱਸਦੇ ਹਨ ਕਿ ਰਾਵਣ ਦਾ ਬੁੱਤ ਬਣਾਉਣ ਵਾਲੇ ਮਿਸਤਰੀ ਦੇ ਸੁਪਨੇ ਵਿੱਚ ਰਾਵਣ ਆਉਣ ਲੱਗੇ। ਮਿਸਤਰੀ ਡਰ ਗਿਆ ਅਤੇ ਮੰਦਰ ਵਿੱਚ ਆਇਆ ਅਤੇ ਆਪਣੇ ਆਪ ਦੱਸਣ ਲੱਗਾ ਕਿ ਰਾਵਣ ਉਸਦੇ ਸੁਪਨੇ ਵਿੱਚ ਆ ਰਿਹਾ ਹੈ। ਮਿਸਤਰੀ ਨੇ ਦੱਸਿਆ ਸੀ ਕਿ ਰਾਵਣ ਉਸ ਨੂੰ ਤੰਗ ਕਰ ਰਹੇ ਹਨ ਕਿਉਂਕਿ ਜਦੋਂ ਉਸ ਨੇ ਮਹਾਤਮਾ ਰਾਵਣ ਦੀ ਮੂਰਤੀ ਬਣਾਈ ਸੀ ਤਾਂ ਉਹ ਰਾਵਣ ਦੇ ਸਿਰ ‘ਤੇ ਜੁੱਤੀ ਸਮੇਤ ਚੜ੍ਹਿਆ ਸੀ। ਜਿਸ ਕਾਰਨ ਰਾਵਣ ਉਸ ਨਾਲ ਨਾਰਾਜ਼ ਸੀ। ਮਿਸਤਰੀ ਨੇ ਰਾਵਣ ਦੀ ਮੂਰਤੀ ਅੱਗੇ ਮਾਫੀ ਮੰਗੀ ਤਾਂ ਕਿਤੇ ਜਾ ਕੇ ਰਾਵਣ ਨੇ ਉਸਦਾ ਪਿੱਛਾ ਛੱਡਿਆ।