Punjab

ਕੇਂਦਰ ਸਰਕਾਰ ਦਾ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਹੋਰ ਕੋਈ ਪੋਲਾ ਸਮਝੌਤਾ ਨਹੀਂ ਕਰਾਂਗੇ ਕਬੂਲ – ਪੰਧੇਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ, ਕਿਸਾਨਾਂ, ਮਜ਼ਦੂਰਾਂ, ਬੁੱਧੀਜੀਵੀਆਂ, ਲੇਖਕਾਂ ਨੂੰ ਅਤੇ ਪੰਜਾਬ ਦੇ ਚੇਤੰਨਵਰਗ ਨੂੰ ਸੁਚੇਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਫਿਰ ਤੋਂ ਧੋਖਾ ਕਰ ਰਹੀ ਹੈ। 1947 ਤੋਂ ਬਾਅਦ ਕੇਂਦਰ ਸਰਕਾਰ ਫਿਰ ਤੋਂ ਸਾਡੇ ਨਾਲ ਧੋਖਾ ਕਰ ਰਹੀ ਹੈ। ਕੇਂਦਰ ਸਰਕਾਰ ਖੇਤੀ ਕਾਨੂੰਨਾਂ ਵਿੱਚ ਸੋਧ ਕਰਕੇ, ਕਿਸਾਨਾਂ ਵੱਲੋਂ ਦੱਸੀਆਂ ਗਈਆਂ ਕਮੀਆਂ ਨੂੰ ਦੂਰ ਕਰਕੇ ਕਹੇਗੀ ਕਿ ਖੇਤੀ ਕਾਨੂੰਨ ਤਾਂ ਹੁਣ ਠੀਕ ਹੋ ਗਏ ਹਨ। ਪਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਪੈਣੇ ਹਨ, ਇਨ੍ਹਾਂ ਤੋਂ ਇਲਾਵਾ ਹੋਰ ਕੋਈ ਵੀ ਸਮਝੌਤਾ ਕਬੂਲ ਨਹੀਂ ਕੀਤਾ ਜਾਵੇਗਾ।

ਪੰਧੇਰ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੋਦੀ ਸਰਕਾਰ ਸਾਨੂੰ ਬਾਰਡਰਾਂ ‘ਤੇ ਬੈਠਿਆ ਨੂੰ ਯਾਦ ਰੱਖੇ ਅਤੇ ਉਹ ਸਾਨੂੰ ਮਾਰ ਕੇ ਵੀ ਬਾਰਡਰਾਂ ਤੋਂ ਨਹੀਂ ਉਠਾ ਸਕਦੀ। ਅਸੀਂ ਆਖਰੀ ਸਾਹਾਂ ਤੱਕ ਲੜਾਂਗੇ ਪਰ ਸਰਕਾਰ ਦਾ ਕੋਈ ਵੀ ਪੋਲਾ-ਪਤਲਾ ਸਮਝੌਤਾ ਕਬੂਲ ਨਹੀਂ ਕਰਾਂਗੇ।

ਪੰਧੇਰ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਬੋਲ ਰਿਹਾ ਹੈ, ਉਹ ਬਹੁਤ ਖਤਰਨਾਕ ਹੈ। ਰਾਹੁਲ ਗਾਂਧੀ ਕਹਿ ਰਿਹਾ ਹੈ ਕਿ ਜੇ ਖੇਤੀ ਕਾਨੂੰਨ ਵਾਪਸ ਨਾ ਹੋਏ ਤਾਂ ਦੇਸ਼ ਨਾਲ ਧੋਖਾ ਹੋਵੇਗਾ ਤੇ ਪ੍ਰਿਅੰਕਾ ਗਾਂਧੀ ਪਾਰਲੀਮੈਂਟ ਸੈਸ਼ਨ ਸੱਦਣ ਦੀ ਗੱਲ ਕਰ ਰਹੀ ਹੈ। ਪਰ ਕੈਪਟਨ ਕਹਿ ਰਿਹਾ ਹੈ ਕਿ ਕਿਸਾਨ ਜ਼ਿੱਦ ਛੱਡ ਦੇਣ, ਕਿਸਾਨ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹਨ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੈਪਟਨ ਦੀ ਕੇਂਦਰ ਸਰਕਾਰ ਦੇ ਨਾਲ ਸੰਧੀ ਹੋ ਗਈ ਹੈ। ਮੈਂ ਸੋਨੀਆ ਗਾਂਧੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਕੈਪਟਨ ਨੂੰ ਪੁੱਛ ਲੈਣ ਕਿ ਉਹ ਕਾਂਗਰਸੀ ਹੈ ਜਾਂ ਫਿਰ ਕਿਤੇ ਕੈਪਟਨ ਨੇ ਉਨ੍ਹਾਂ ਦੇ ਨਾਲ ਚੋਣ ਤਾਂ ਨਹੀਂ ਲੜਨੀ। ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੀ ਝੋਲੀ ਵਿੱਚ ਪਿਆ ਹੋਇਆ ਬੰਦਾ ਹੈ।

ਅੱਜ ਅਸੀਂ ਕੈਪਟਨ ਦੀਆਂ ਅਲੱਗ-ਅਲੱਗ ਥਾਂਵਾਂ ‘ਤੇ ਅਰਥੀਆਂ ਫੂਕਾਂਗੇ। ਕਿਸਾਨ ਅੰਦੋਲਨ ਵਿੱਚ ਮਾੜੇ-ਮੋਟੇ ਸਮਝੌਤੇ ਦੀ ਹਮਾਇਤ ਨਹੀਂ ਕਰਾਂਗੇ। 11 ਦਸੰਬਰ ਨੂੰ ਹਜ਼ਾਰਾਂ ਟਰਾਲੀਆਂ ਦਾ ਜਥਾ ਦਿੱਲੀ ਨੂੰ ਭੇਜਾਂਗੇ। ਸਾਡੇ ਬੰਦੇ ਲਗਾਤਾਰ ਦਿੱਲੀ ਵੱਲ ਨੂੰ ਚਾਲੇ ਪਾ ਰਹੇ ਹਨ। ਕਿਸਾਨੀ ਅੰਦੋਲਨ ਨੂੰ ਭਾਰਤ ਸਮੇਤ ਕੌਮਾਂਤਰੀ ਪੱਧਰ ‘ਤੇ ਵੀ ਸਮਰਥਨ ਮਿਲ ਰਿਹਾ ਹੈ।