Punjab

ਵਿਵਾਦ ‘ਚ ਘਿਰੇ ਹਰਿਆਣੇ ਦੇ ਖੇਡ ਮੰਤਰੀ,ਲੱਗਾ ਵੱਡਾ ਇਲਜ਼ਾਮ,ਕਿਹਾ ਮਾਣਹਾਨੀ ਦਾ ਕਰਨਗੇ ਦਾਅਵਾ

ਹਰਿਆਣਾ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਤੇ ਇੱਕ ਮਹਿਲਾ ਕੋਚ ਨੇ ਛੇੜਛਾੜ ਦੇ ਗੰਭੀਰ ਇਲਜ਼ਾਮ ਲਗਾਏ ਹਨ ਹਾਲਾਂਕਿ ਖੇਡ ਮੰਤਰੀ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਉਹ ਹਮੇਸ਼ਾ ਸਾਰਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਮਹਿਲਾ ਆਪਣੀ ਮਨਪਸੰਦ ਥਾਂ ‘ਤੇ ਪੋਸਟਿੰਗ ਚਾਹੁੰਦੀ ਸੀ ਤੇ ਇਸ ਸਾਰੇ ਘਟਨਾਕ੍ਰਮ ਦੇ ਪਿੱਛੇ ਸਿਆਸਤ ਹੈ ਤੇ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਮਹਿਲਾ ਕੋਚ ਨੇ ਇਲਜ਼ਾਮ ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਖੇਡ ਮੰਤਰੀ ਅਕਸਰ ਉਸ ਦੀ ਫਿਟਨੈਸ ਦੀ ਤਾਰੀਫ ਕਰਦੇ ਸੀ ਤੇ ਉਹਨਾਂ ਦੀ ਪਹਿਲਾਂ ਗੱਲਬਾਤ ਇੰਸਟਾਗ੍ਰਾਮ ‘ਤੇ ਹੁੰਦੀ ਸੀ ਪਰ ਬਾਅਦ ਵਿੱਚ ਮੰਤਰੀ ਨੇ ਉਸ ਨੂੰ ਸਨੈਪਚੈਟ ‘ਤੇ ਆਉਣ ਲਈ ਕਿਹਾ। ਜਦੋਂ ਉਸ ਨੇ ਸਨੈਪਚੈਟ ‘ਤੇ ਆਈਡੀ ਬਣਾ ਕੇ ਮੈਸੇਜ ਕੀਤਾ ਤਾਂ  ਖੇਡ ਮੰਤਰੀ ਨੇ ਉਸ ਨੂੰ ਗਲਤ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ । ਮਹਿਲਾ ਦਾ ਇਹ ਵੀ ਦਾਅਵਾ ਸੀ ਕਿ ਮੰਤਰੀ ਨੇ ਆਪਣੀ ਫੇਕ ਆਈਡੀ ਬਣਾਈ ਹੋਈ ਸੀ ਤੇ ਉਸ ਤੋਂ ਹੀ ਉਸ ਨੂੰ ਮੈਸੇਜ ਕੀਤੇ ਜਾਂਦੇ ਸੀ,ਜਿਹਨਾਂ ਵਿੱਚ ਵਾਰ ਵਾਰ ਮਿਲਣ ਬਾਰੇ ਪੁੱਛਿਆ ਜਾ ਰਿਹਾ ਸੀ । ਮਹਿਲਾ ਨੇ ਬਾਅਦ ਵਿੱਚ ਸਨੈਪਚੈਟ ਹੀ ਆਪਣੇ ਫੋਨ ਤੋਂ ਡਿਲੀਟ ਕਰ ਦਿੱਤਾ।

ਦੂਸਰੇ ਪਾਸੇ ਹਰਿਆਣੇ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਇੱਕ ਨਿਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਇਸ ਸਾਰੇ ਮਾਮਲੇ ‘ਚ ਲੱਗੇ ਹੋਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ ਤੇ ਕਿਹਾ ਹੈ ਕਿ ਇਹ ਸਾਰੀਆਂ ਗੱਲਾਂ ਮਨਘੜਤ ਤੇ ਝੂਠ ਹਨ। ਉਹਨਾਂ ਕਿਹਾ ਕਿ ਇਸ ਮਹਿਲਾ ਦੀ 3 ਮਹੀਨੇ ਪਹਿਲਾਂ ਹੀ ਨਿਯੁਕਤੀ ਹੋਈ ਸੀ ਤੇ ਜਿਸ ਜਗਾ ਹੋਈ ਸੀ,ਉਥੇ ਇਹ ਖੁਸ਼ ਨਹੀਂ ਸੀ ਤੇ ਆਪਣੀ ਬਦਲੀ ਕਿਧਰੇ ਹੋਰ ਕਰਵਾਉਣਾ ਚਾਹੁੰਦੀ ਸੀ,ਜਿਸ ਨੂੰ ਲੈ ਕੇ ਇਹ ਮਿਲੀ ਵੀ ਸੀ ਪਰ ਇੱਕ ਖੇਡ ਮੰਤਰੀ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਇੱਕ ਅਰਜ਼ੀ ਲਿਖਣ ਨੂੰ ਕਿਹਾ ਸੀ ਤਾਂ ਜੋ ਬਦਲੀ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ ਪਰ ਹੁਣ ਇਸ ਨੇ ਇਸ ਤਰਾਂ ਦੇ ਇਲਜ਼ਾਮ ਲਗਾਏ ਹਨ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਇਲਜ਼ਾਮ ਰਾਜਨੀਤੀ ਤੋਂ ਪ੍ਰੇਰਿਤ ਹਨ ਤੇ ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਮਹਿਲਾ ਕੋਚ ਦੀਆਂ ਗੱਲਾਂ ਵਿੱਚ ਸੱਚ ਹੁੰਦਾ ਤਾਂ ਉਹ ਪੁਲਿਸ ਕੋਲ ਜਾਂਦੀ ਨਾ ਕਿ ਇਸ ਤਰਾਂ ਨਾਲ ਪ੍ਰੈਸ ਕਾਨਫਰੰਸ ਕਰਦੀ। ਇਹਨਾਂ ਇਲਜ਼ਾਮਾਂ ਕਾਰਨ ਉਹਨਾਂ ਨੇ ਇਸ ਮਹਿਲਾ ‘ਤੇ ਮਾਣਹਾਨੀ ਦਾ ਮੁਕਦਮਾ ਕਰਨ ਦੀ ਗੱਲ ਵੀ ਆਖੀ ਹੈ ਤੇ ਕਿਹਾ ਹੈ ਕਿ ਉਹ ਸੱਚਾਈ ਦਾ ਪਤਾ ਲਗਾ ਕੇ ਰਹਿਣਗੇ।