India Punjab

24 ਘੰਟੇ ਅੰਦਰ ਪਲਟੀ ਹਰਿਆਣਾ ਸਰਕਾਰ ! ਕਿਸਾਨਾਂ ਖਿਲਾਫ ਸਖਤ ਕਾਨੂੰਨ ਲਗਾਉਣ ਦਾ ਫੈਸਲਾ ਵਾਪਸ !

ਬਿਉਰੋ ਰਿਪੋਰਟ : ਹਰਿਆਣਾ ਪੁਲਿਸ ਨੇ ਅੰਦੋਲਨ ਕਰ ਰਹੇ ਕਿਸਾਨਾਂ ‘ਤੇ ਕੌਮੀ ਸੁਰੱਖਿਆ ਕਾਨੂੰਨ (NSA) ਲਗਾਉਣ ਦਾ ਫੈਸਲਾ ਵਾਪਸ ਲੈ ਲਿਆ ਹੈ । ਅੰਬਾਲਾ ਰੇਂਡ ਦੇ IG ਸਿਬਾਸ਼ ਕਬਿਰਾਜ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ । ਇਸ ਤੋਂ ਪਹਿਲਾਂ ਵੀਰਵਾਰ ਨੂੰ ਅੰਬਾਲਾ ਪੁਲਿਸ ਨੇ ਪ੍ਰਦਰਸ਼ਨ ਦੌਰਾਨ ਜਾਇਦਾਦ ਦੇ ਨੁਕਸਾਨ ਦੀ ਭਰਪਾਈ ਦੇ ਲਈ ਅੰਦੋਲਨ ਕਰ ਰਹੇ ਕਿਸਾਨ ਆਗੂਆਂ ਦੇ ਘਰ ਪਹੁੰਚੀ ਸੀ ਅਤੇ ਉਨ੍ਹਾਂ ਦੀ ਜਾਇਦਾਦ ਕੁਰਕ ਅਤੇ ਖਾਤੇ ਸੀਲ ਕਰਨ ਦਾ ਨੋਟਿਸ ਲਗਾਇਆ ਗਿਆ ਸੀ। IG ਨੇ ਕਿਹਾ ‘ਹਰਿਆਣਾ ਪੁਲਿਸ ਸਾਰੇ ਪ੍ਰਦਰਸ਼ਨਕਾਰੀਆਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਸ਼ਾਂਤੀ ਅਤੇ ਕਾਨੂੰਨੀ ਹਾਲਾਤ ਠੀਕ ਰੱਖਣ ਦੀ ਬੇਨਤੀ ਕਰਦੀ ਹੈ।

ਉਧਰ ਪੂਰੇ ਭਾਰਤ ਵਿੱਚ ਸ਼ੁਭਕਰਨ ਦੀ ਮੌਤ ਦੇ ਮਾਮਲੇ ਵਿੱਚ SKM ਨੇ ਬੀਤੇ ਦਿਨੀਂ ਸ਼ੁਕਰਵਾਰ ਨੂੰ ਕਾਲਾ ਦਿਵਸ ਬਣਾਉਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਅੱਜ SKM ਗੈਰ ਰਾਜਨੀਤਿਕ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਸੀ ਕਿ ਹਾਈਕੋਰਟ ਦੇ ਵਕੀਲ ਵੱਲੋਂ ਬਲੈਕ ਡੇਅ ਦੀ ਹਮਾਇਤ ਕੀਤੀ ਗਈ ਹੈ ਅਤੇ ਸ਼ੁਕਰਵਾਰ ਨੂੰ ਕੰਮ-ਕਾਜ ਠੱਪ ਕੀਤਾ ਗਿਆ ਹੈ । ਉਨ੍ਹਾਂ ਨੇ ਬਾਕ ਐਸੋਸੀਏਸ਼ਨ ਦਾ ਧੰਨਵਾਦ ਕਰਦੇ ਹੋਏ ਪੰਜਾਬ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ੁਭਕਰਨ ਦੀ ਮੌਤ ਦੇ ਵਿਰੋਧੀ ਆਪੋ-ਆਪਣੇ ਘਰਾਂ ਅਤੇ ਗੱਡੀਆਂ ‘ਤੇ ਕਾਲੇ ਝੰਡੇ ਲਗਾਉਣ । ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਆਪਣੀ ਗੱਡੀ ‘ਤੇ ਕਾਲੇ ਝੰਡੇ ਦੀ ਫੋਟੋ ਵੀ ਜਨਤ ਕੀਤੀ ਹੈ । ਉਧਰ ਕਿਸਾਨਾਂ ਦੇ ਹੱਕ ਵਿੱਚ ਇੱਕ ਦਿਨ ਕੰਮ-ਕਾਜ ਰੋਕਣ ਦੇ ਬਾਰ ਐਸੋਸੀਏਸ਼ਨ ਦੇ ਫੈਸਲੇ ਦਾ ਹਰਿਆਣਾ ਦੇ AG ਨੇ ਵਿਰੋਧ ਕੀਤਾ ਹੈ ।

ਹਰਿਆਣਾ ਦੇ AG ਬਲਦੇਵ ਰਾਜ ਮਹਾਜਨ ਨੇ ਕਿਹਾ ਸਾਡੀ ਕਿਸਾਨਾਂ ਨਾਲ ਪੂਰੀ ਹਮਦਰਦੀ ਹੈ ਪਰ ਇਸ ਤਰ੍ਹਾਂ ਅਸੀਂ ਕੰਮ ਨਹੀਂ ਰੋਕ ਸਕਦੇ ਹਾਂ। ਸਾਡੀ ਸਰਕਾਰ ਦੇ ਲਾਅ ਅਫਸਰ ਅਦਾਲਤ ਵਿੱਚ ਮੌਜੂਦ ਹਨ ਅਤੇ ਕੰਮ-ਕਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਨੇ ਕੰਮ-ਕਾਜ ਰੋਕਣ ਦਾ ਕੋਈ ਨੋਟਿਸ ਨਹੀਂ ਦਿੱਤਾ ਸੀ,ਕੋਈ ਮੀਟਿੰਗ ਨਹੀਂ ਬੁਲਾਈ ਗਈ ਸਿਰਫ਼ ਕਾਰਜਕਾਰਣੀ ਦੇ ਮੈਂਬਰ ਨੇ ਐਲਾਨ ਕਰ ਦਿੱਤਾ । ਉਨ੍ਹਾਂ ਨੇ ਕਿਹਾ ਜੇਕਰ ਇਸੇ ਤਰ੍ਹਾਂ ਕੰਮ-ਕਾਜ ਰੋਕਿਆ ਜਾਵੇਗਾ ਤਾਂ ਮੁਸ਼ਕਿਲ ਹੋ ਜਾਵੇਗੀ । ਉਧਰ ਬਾਰ ਐਸੋਸੀਏਸ਼ਨ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਜਿਹੜਾ ਵਕੀਲ ਕੰਮ-ਕਾਜ ਕਰੇਗਾ ਉਸ ‘ਤੇ 10 ਹਜ਼ਾਰ ਦਾ ਜੁਰਮਾਨਾ ਲਗਾਇਆ ਜਾਵੇਗਾ ।