Punjab

ਮੰਤਰੀ ਬੈਂਸ ਨੇ ਕੇਂਦਰ ਅੱਗੇ ਸਿੱਖਿਆ ਨੂੰ ਲੈ ਕੇ ਚੁੱਕਿਆ ਮੁੱਦਾ, ਰੱਖੀ ਇਹ ਮੰਗ…

Harjot Bains raised the issue of education before the Centre, put this demand...

ਚੰਡੀਗੜ੍ਹ : ਪੰਜਾਬ ਸਰਕਾਰ ਦੀਆਂ ਕਈ ਮੰਗਾਂ ਕੇਂਦਰ ਕੋਲ ਪੈਂਡਿੰਗ ਹਨ। ਪਰ ਹੁਣ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰ ਤੋਂ ਦੇਸ਼ ਦੇ ਸਕੂਲੀ ਸਿਲੇਬਸ ਵਿੱਚ ਪੰਜਾਬੀ ਇਤਿਹਾਸ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਮੰਗ ਕੇਂਦਰੀ ਸਿੱਖਿਆ ਰਾਜ ਮੰਤਰੀ ਅੰਨਪੂਰਨਾ ਨੂੰ ਕੀਤੀ ਹੈ।

ਪੰਜਾਬ ਸਰਕਾਰ ਨੇ ਇਹ ਮੰਗ ਭਾਰਤ ਸਰਕਾਰ ਦੀ ਨੈਸ਼ਨਲ ਐਜੂਕੇਸ਼ਨ ਐਂਡ ਰਿਸਰਚ ਕੌਂਸਲ ਦੀ 58ਵੀਂ ਜਨਰਲ ਕੌਂਸਲ ਦੀ ਆਨਲਾਈਨ ਮੀਟਿੰਗ ਦੌਰਾਨ ਕੀਤੀ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਹਾਲਾਂਕਿ ਇਸ ਮੰਗ ਦੀ ਪੂਰਤੀ ਨੂੰ ਲੈ ਕੇ ਕੇਂਦਰ ਤੋਂ ਕੋਈ ਭਰੋਸਾ ਨਹੀਂ ਮਿਲਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਚਾਰ ਮਹਾਨ ਖਿਡਾਰੀਆਂ ਦੀਆਂ ਜੀਵਨੀਆਂ ਨੂੰ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿੱਚ ਨੌਵੀਂ ਜਮਾਤ ਦੀ ਪਾਠ ਪੁਸਤਕ ਵਿੱਚ ਤਿੰਨ ਵਾਰ ਦੇ ਓਲੰਪਿਕ ਸੋਨ ਤਗ਼ਮਾ ਜੇਤੂ ਬਲਬੀਰ ਸਿੰਘ ਸੀਨੀਅਰ, ਪ੍ਰਸਿੱਧ ਅਥਲੀਟ ਮਿਲਖਾ ਸਿੰਘ, ਹਾਕੀ ਦੀ ਖੇਡ ਵਿੱਚ ਪ੍ਰਸਿੱਧ ਏਸ਼ੀਅਨ ਚੈਂਪੀਅਨ ਮੁੱਕੇਬਾਜ਼ ਕੌਰ ਸਿੰਘ ਅਤੇ ਦਸਵੀਂ ਜਮਾਤ ਦੀ ਸਰੀਰਕ ਸਿੱਖਿਆ ਦੀ ਪਾਠ ਪੁਸਤਕ ਵਿੱਚ ਭਾਰਤ ਦੇ ਪਹਿਲੇ ਅਰਜੁਨ ਐਵਾਰਡੀ ਓਲੰਪੀਅਨ ਅਥਲੀਟ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਸ਼ਾਮਿਲ ਹਨ।

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਕੇਂਦਰ ਤੋਂ ਆਈਲੈਟਸ ਨੂੰ ਸਕੂਲ ਦਾ ਵਿਸ਼ਾ ਬਣਾਉਣ ਦੀ ਮੰਗ ਅਜੇ ਵੀ ਲਟਕ ਰਹੀ ਹੈ। ਆਈਲੈਟਸ ਦੀ ਆੜ ‘ਚ ਲੋਕਾਂ ਨਾਲ ਹੋਣ ਵਾਲੀ ਠੱਗੀ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਇਸ ਨੂੰ ਸਕੂਲ ਦਾ ਵਿਸ਼ਾ ਬਣਾਉਣ ਦੀ ਮੰਗ ਕੀਤੀ ਸੀ। ਪਰ ਹੁਣ ਤੱਕ ਇਸ ‘ਤੇ ਕੇਂਦਰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।

ਪੰਜਾਬ ਸਰਕਾਰ ਨੇ ਕੇਂਦਰ ਤੋਂ ਪੇਂਡੂ ਵਿਕਾਸ ਫੰਡ (ਆਰ.ਡੀ.ਐਫ.), ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ.) ਫੰਡ ਅਤੇ ਵਿਸ਼ੇਸ਼ ਪੂੰਜੀ ਸਹਾਇਕ ਸਮੇਤ ਕਰੋੜਾਂ ਰੁਪਏ ਦੇ ਫੰਡ ਜਾਰੀ ਕਰਨ ਦੀ ਵੀ ਮੰਗ ਕੀਤੀ ਹੈ। ਕੇਂਦਰ ਦਾ ਰਾਜ ਵੱਲ 5800 ਕਰੋੜ ਰੁਪਏ ਦਾ ਬਕਾਇਆ ਫੰਡ ਹੈ। ਪਰ ਇਸ ਮੰਗ ਨੂੰ ਵੀ ਫਿਲਹਾਲ ਪ੍ਰਵਾਨ ਨਹੀਂ ਕੀਤਾ ਗਿਆ ਹੈ।