Punjab

ਪੰਜਾਬ ਸਰਕਾਰ ਨੇ ਮਿੱਟੀ ਦੀ ਪੁਟਾਈ ਸਬੰਧੀ ਪ੍ਰਕਿਰਿਆ ਨੂੰ ਕੀਤਾ ਸੁਖਾਲਾ,ਜਾਰੀ ਕੀਤਾ WhatsApp ਨੰਬਰ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਕਰਨ ਦੇ ਲਈ ਇੱਕ ਨਵਾਂ ਫੈਸਲਾ ਲਿਆ ਹੈ ।ਜਿਸ ਨਾਲ ਹੁਣ ਪੰਜਾਬ ਦੇ ਵਿੱਚ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਵਿੱਚੋਂ ਮਿੱਟੀ ਦੀ ਖੁਦਾਈ ਕਰਨ ਵਿੱਚ ਸੌਖ ਹੋ ਜਾਵੇਗੀ।

ਇਸ ਫ਼ੈਸਲੇ ਨਾਲ ਪੰਜਾਬ ਸੂਬੇ ਵਿੱਚ ਹੁਣ 2 ਏਕੜ ਤੱਕ ਦੇ ਰਕਬੇ ਵਿੱਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਵਟਸਐਪ ਮੈਸਜ਼ ਰਾਹੀਂ ਲਈ ਜਾ ਸਕੇਗੀ। ਪੰਜਾਬ ਰਾਜ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ।

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਭਾਵੇਂ ਕਾਂਗਰਸ ਸਰਕਾਰ ਵੱਲੋਂ ਸੂਬੇ ਵਿੱਚ ‘ਸੈਂਡ ਐਂਡ ਗਰੇਵਲ ਮਾਨਿਇੰਗ ਪਾਲਿਸੀ-2021’ ਤਹਿਤ 2 ਏਕੜ ਤੱਕ ਦੇ ਖੇਤਰ ਵਿੱਚ 3 ਫੁੱਟ ਤੱਕ ਹੱਥੀਂ ਮਿੱਟੀ ਕੱਢਣ ਦੀ ਪ੍ਰਵਾਨਗੀ ਪਹਿਲਾਂ ਹੀ ਦਿੱਤੀ ਗਈ ਸੀ ਪਰ ਇਸ ਨਾਲ ਆਮ ਲੋਕ ਬਹੁਤ ਖਜਲ ਹੁੰਦੇ ਸੀ ਤੇ ਉਹਨਾਂ ਨੂੰ ਦਫ਼ਤਰਾਂ ਦੇ ਕਈ ਕਈ ਚੱਕਰ ਵੀ ਕੱਟਣੇ ਪੈਂਦੇ ਸਨ। ਜੇ ਕੋਈ ਵਿਅਕਤੀ ਇਸ ਲਈ ਮਸ਼ੀਨ ਦੀ ਵਰਤੋਂ ਕਰਦਾ ਸੀ, ਤਾਂ ਉਸ ਦੇ ਖ਼ਿਲਾਫ਼ ਮਾਈਨਿੰਗ ਦਾ ਪਰਚਾ ਦਰਜ ਕਰ ਦਿੱਤਾ ਜਾਂਦਾ ਸੀ।

ਸੋ ਲੋਕਾਂ ਨੂੰ ਦਰਪੇਸ਼ ਆ ਰਹੀ ਇਸ ਮੁਸ਼ਕਿਲ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਮਸ਼ੀਨਾਂ ਦੀ ਵਰਤੋਂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਇਸ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣ ਲਈ ਹੁਣ 2 ਏਕੜ ਤੱਕ ਦੇ ਰਕਬੇ ਵਿੱਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਵਟਸਐਪ ਮੈਸਜ਼ ਰਾਹੀਂ ਦੇਣ ਦਾ ਦਫ਼ਤਰੀ ਹੁਕਮ ਜਾਰੀ ਕੀਤਾ ਗਿਆ ਹੈ।

ਪ੍ਰਵਾਨਗੀ ਲੈਣ ਲਈ ਬੇਨਤੀ ਕਰਤਾ ਨੂੰ ਆਪਣਾ ਅਤੇ ਪਿਤਾ ਦਾ ਨਾਮ, ਪਿੰਡ ਦਾ ਨਾਮ, ਪਿੰਡ ਦੇ ਸਰਪੰਚ ਦਾ ਨਾਮ, ਤਹਿਸੀਲ ਤੇ ਜ਼ਿਲ੍ਹੇ ਦਾ ਨਾਮ, ਆਧਾਰ ਕਾਰਡ ਨੰਬਰ, ਮੋਬਾਈਲ ਨੰਬਰ ਅਤੇ ਜਿਸ ਥਾਂ ਦੀ ਖੁਦਾਈ ਕੀਤੀ ਜਾਣੀ , ਉਸ ਦੀ ਮਾਲ ਰਿਕਾਰਡ ਅਨੁਸਾਰ ਨੰਬਰ ਹਦਬਸਤ ਵਟਸਐਪ ਨੰਬਰ 99140-09095 ’ਤੇ ਭੇਜਣਾ ਹੋਵੇਗਾ। ਇਸ ਨਾਲ ਆਮ ਲੋਕਾਂ ਅਤੇ ਜਿੰਮੀਦਾਰਾਂ ਨੂੰ ਆਪਣੇ ਘਰਾਂ ਜਾਂ ਹੋਰ ਕੰਮਾਂ ਲਈ ਖੇਤਾਂ ਵਿੱਚੋਂ ਮਿੱਟੀ ਲੈ ਜਾਣਾ ਆਸਾਨ ਹੋ ਜਾਵੇਗਾ।

ਪੰਜਾਬ ਦੇ ਕੈਬਨਿਟ ਬੈਂਸ ਅਨੁਪਾਰ ਸੂਚਨਾ ਮੁਕੰਮਲ ਅਤੇ ਸਹੀ ਪਾਏ ਜਾਣ ਦੀ ਸੂਰਤ ਵਿੱਚ ਬੇਨਤੀ ਕਰਤਾ ਨੂੰ ਨੋਡਲ ਅਫ਼ਸਰ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਵਟਸਟਐਪ ਜਾਂ ਮੈਸੇਜ ਰਾਹੀਂ ਭੇਜੇਗਾ। ਬੈਂਸ ਨੇ ਇਹ ਗੱਲ ਵੀ ਸਾਫ਼ ਤੌਰ ਤੇ ਕਹੀ ਹੈ ਕਿ ਕੋਈ ਗਲਤ ਜਾਣਕਾਰੀ ਦੇ ਕੇ ਪੁਟਾਈ ਸੰਬਧੀ ਪ੍ਰਵਾਨਗੀ ਲੈਣ ਵਾਲੇ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਵਿਭਾਗੀ ਜਾਂਚ ਦੌਰਾਨ ਵੱਧ ਖੁਦਾਈ ਕਰਨ ਦਾ ਮਾਮਲਾ ਸਾਹਮਣੇ ਆਉਣ ‘ਤੇ ਸਬੰਧਤ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਹੋਵੇਗੀ।