Punjab

ਮੋਰਿੰਡਾ ਵਾਂਗ ਗੁਰਦਾਸਪੁਰ ਵਿੱਚ ਬੇਅਦਬੀ ! ਮੁਲਜ਼ਮ ਦਾ ਸੰਗਤਾਂ ਨੇ ਕੀਤਾ ਇਹ ਹਾਲ

ਗੁਰਦਾਸਪੁਰ : ਮੋਰਿੰਡਾ ਅਤੇ ਫਰੀਦਕੋਟ ਤੋਂ ਬਾਅਦ ਮੁੜ ਤੋਂ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ । ਇਸ ਵਾਰ ਗੁਰਦਾਸਪੁਰ ਦੇ ਪਿੰਡ ਸ਼ਹੂਰ ਕਲਾਂ ਤੋਂ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਉਸ ਨੂੰ ਖੇਤ ਵਿੱਚ ਸੁੱਟ ਦਿੱਤਾ ਗਿਆ ਹੈ । ਸੰਗਤਾਂ ਨੇ ਬੇਅਦਬੀ ਕਰਨ ਵਾਲੇ ਸ਼ਖਸ ਨੂੰ ਫੜ੍ਹ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ, ਪੁਲਿਸ ਨੇ ਮੁਲਜ਼ਮ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਸੰਗਤਾਂ ਦਾ ਕਹਿਣਾ ਹੈ ਕਿ ਕੁਝ ਲੋਕ ਮਾਹੌਲ ਖਰਾਬ ਕਰਨ ਦੇ ਲਈ ਅਜਿਹੀਆਂ ਹਰਕਤਾਂ ਕਰ ਰਹੇ ਹਨ । ਉਧਰ ਬੀਕੇਯੂ ਚੜੂਨੀ ਦੇ ਯੂਥ ਪ੍ਰਧਾਨ ਇੰਦਰਪਾਲ ਸਿੰਘ ਨੇ ਲਗਾਤਾਰ ਵੱਧ ਰਹੀਆਂ ਬੇਅਦਬੀ ਦੀ ਘਟਨਾਵਾਂ ‘ਤੇ ਸਵਾਲ ਚੁੱਕ ਦੇ ਹੋਏ ਕਿਹਾ ਇਹ ਸਾਡੀ ਸਮਝ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਕਿ ਕਿਹੜੇ ਮੰਦ ਬੁੰਧੀ ਲੋਕ ਹਨ ਜੋ ਸਿਰਫ ਸਿੱਖਾਂ ਦੇ ਹੀ ਧਾਰਮਿਕ ਗ੍ਰੰਥਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ ।

ਪੁਲਿਸ ਦਾ ਬਿਆਨ

ਗੁਰਦਾਸਪੁਰ ਦੇ ਐੱਸਪੀ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਹੁੰਚ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਧਾਰਾ 295 A ਲਗਾਈ ਗਈ ਹੈ । ਪਿੰਡ ਵਾਲਿਆਂ ਨੇ ਹੀ ਮੁਲਜ਼ਮਾਂ ਨੂੰ ਕਾਬੂ ਕੀਤਾ ਅਤੇ ਪੁਲਿਸ ਦੇ ਹਵਾਲੇ ਕੀਤਾ । ਐੱਸਪੀ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ । ਪੰਜਾਬ ਸਰਕਾਰ ਨੇ 295 A IPC ਦੀ ਧਾਰਾ ਵਿੱਚ ਸੋਧ ਕਰਕੇ ਬੇਅਦਬੀ ਦੀ ਘਟਨਾ ਦੇ ਲਈ 2018 ਨੂੰ ਕੇਂਦਰ ਸਰਕਾਰ ਨੂੰ ਉਮਰ ਕੈਦ ਦੀ ਸਜ਼ਾ ਦਾ ਕਾਨੂੰਨ ਭੇਜਿਆ ਸੀ ਪਰ ਹੁਣ ਤੱਕ ਰਾਸ਼ਟਰਪਤੀ ਨੇ ਇਸ ਨੂੰ ਮਨਜ਼ੂਰ ਨਹੀਂ ਕੀਤੀ ਹੈ, ਕੈਪਟਨ ਸਰਕਾਰ ਤੋਂ ਇਲਾਵਾ ਭਗਵੰਤ ਮਾਨ ਸਰਕਾਰ ਵੀ ਇਸ ਨੂੰ ਪਾਸ ਕਰਨ ਦੀ ਮੰਗ ਕਰ ਚੁੱਕੇ ਹਨ । ਹੁਣ ਇੱਕ ਵਾਰ ਮੁੜ ਤੋਂ ਜਦੋਂ ਬੇਅਦਬੀ ਦੀਆਂ ਘਟਨਾਵਾਂ ਨੇ ਜੋੜ ਫੜਿਆ ਹੈ ਤਾਂ ਇਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਦੀ ਮੰਗ ਉੱਠ ਰਹੀ ਹੈ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਬੇਅਦਬੀ ਦੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ।