Punjab

ਅਕਾਲੀ ਦਲ ਲਈ ਵੋਟ ਮੰਗਣ ‘ਤੇ SGPC ‘ਤੇ ਖ਼ਫ਼ਾ ਮਾਨ ਸਰਕਾਰ

Akali Dal , SGPC , Punjab Government

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਪ੍ਰਚਾਰ ਕਰਨ ਨੂੰ ਲੈ ਕੇ ਸੀਐੱਮ ਮਾਨ ਵੱਲੋਂ ਚੁੱਕੇ ਸਵਾਲਾਂ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਪਹਿਲਾਂ ਸੀਐੱਮ ਮਾਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਸਵਾਲ ਕੀਤਾ ਸੀ, ਜਿਸਦਾ ਧਾਮੀ ਨੇ ਵੀ ਤੰਜ ਭਰਿਆ ਜਵਾਬ ਦਿੱਤਾ। ਉਸ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਸਰਕਾਰ ਵੱਲੋਂ ਧਾਮੀ ਨੂੰ ਜਵਾਬ ਦਿੱਤਾ ਹੈ।

ਧਾਲੀਵਾਲ ਨੇ ਕਿਹਾ ਕਿ SGPC ਦਾ ਕੰਮ ਸਿੱਖੀ ਦਾ ਪ੍ਰਚਾਰ ਕਰਨਾ ਸੀ, ਸਿੱਖ ਬੱਚਿਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਵਾਉਣਾ ਸੀ ਪਰ ਉਸਦੇ ਪ੍ਰਧਾਨ ਸਾਹਿਬ ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲਈ ਵੋਟਾਂ ਮੰਗ ਰਹੇ ਹਨ ਜੋ ਬਹੁਤ ਹੀ ਹੈਰਾਨੀਜਨਕ ਗੱਲ ਹੈ। ਕਿਸੇ ਧਾਰਮਿਕ ਆਗੂ ਨੂੰ ਰਾਜਨੀਤੀ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ।

ਇਹ ਵੋਟਾਂ ਵੀ ਉਨ੍ਹਾਂ ਲਈ ਮੰਗ ਰਹੇ ਹਨ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ। ਸ਼੍ਰੋਮਣੀ ਕਮੇਟੀ ਉਨ੍ਹਾਂ ਲੀਡਰਾਂ ਨਾਲ ਖੜੀ ਹੈ ਜਿਹੜੇ ਸਿੱਖ ਵਿਰੋਧੀ ਹਨ। ਬੇਅਦਬੀ ਦੇ ਮੁੱਦਿਆਂ ਉੱਤੇ ਸ਼੍ਰੋਮਣੀ ਕਮੇਟੀ ਕੁਝ ਨਹੀਂ ਕਰ ਰਹੀ ਪਰ ਆਪਣੇ ਆਕਾ ਲਈ ਵੋਟਾਂ ਮੰਗਣੀਆਂ ਬਹੁਤ ਗਲਤ ਗੱਲ ਹੈ। ਧਾਲੀਵਾਲ ਨੇ ਕਿਹਾ ਕਿ ਸਿੱਖ ਵਿੱਦਿਅਕ ਅਦਾਰਿਆਂ ਦੀ ਹਾਲਤ ਬਹੁਤ ਖਰਾਬ ਹੈ ਜਿਸ ‘ਤੇ ਸ਼੍ਰੋਮਣੀ ਕਮੇਟੀ ਨੇ ਕੋਈ ਧਿਆਨ ਨਹੀਂ ਦਿੱਤਾ।

ਜਿਵੇਂ ਧਾਮੀ ਅਕਾਲੀ ਦਲ ਲਈ ਵੋਟ ਮੰਗ ਰਹੇ ਹਨ, ਜੇ ਏਦਾਂ ਹੀ ਸਿੱਖੀ ਦਾ ਪ੍ਰਚਾਰ ਕਰਦੇ ਤਾਂ ਸ਼ਾਇਦ ਸਾਡੇ ਨੌਜਵਾਨ ਸਿੱਖੀ ਵੱਲ ਮੁੜੇ ਹੁੰਦੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗਲਤ ਕਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਪਾਰਟੀ ਲਈ ਵੋਟ ਨਹੀਂ ਮੰਗਣੀ ਚਾਹੀਦੀ।

ਧਾਲੀਵਾਲ ਨੇ ਧਾਮੀ ਨੂੰ ਸਵਾਲ ਪੁੱਛਿਆ ਕਿ ਜੇ ਤੁਸੀਂ ਵੋਟਾਂ ਮੰਗਣੀਆਂ ਹੀ ਹਨ, ਤਾਂ ਸਿਰਫ਼ ਅਕਾਲੀ ਦਲ ਲਈ ਹੀ ਵੋਟਾਂ ਕਿਉਂ ਮੰਗ ਰਹੇ ਹਨ, ਕੀ ਗੱਲ ਬਾਕੀ ਪਾਰਟੀਆਂ ਵਿੱਚ ਸਿੱਖ ਨਹੀਂ ਹਨ, ਕੀ ਗੱਲ ਅਸੀਂ ਸਿੱਖਾਂ ਦੇ ਬੱਚੇ ਨਹੀਂ ਹਾਂ। ਧਾਲੀਵਾਲ ਨੇ ਸ਼੍ਰੋਮਣੀ ਕਮੇਟੀ ਦੀ ਚੋਣਾਂ ਦੀ ਵੀ ਮੰਗ ਕੀਤੀ।