Punjab

ਆਸ਼ੂ ਦਾ ਕਥਿਤ ਪੀਏ ਗ੍ਰਿਫਤਾਰ ! ਸਾਬਕਾ ਮੰਤਰੀ ਦੀਆਂ ਵਧੀਆਂ ਮੁਸੀਬਤਾਂ

ਲੁਧਿਆਣਾ : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਦੋਹਰਾ ਝਟਕਾ ਲਗਿਆ ਹੈ। ਇੱਕ ਪਾਸੇ ਜਿਥੇ ਸਾਬਕਾ ਮੰਤਰੀ ਦੇ ਪੀਏ ਨੇ ਲੁਧਿਆਣਾ ਵਿੱਚ ਐਸਐਸਪੀ ਵਿਜੀਲੈਂਸ ਦਫ਼ਤਰ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ,ਉਥੇ ਹਾਈ ਕੋਰਟ ਨੇ ਵੀ ਸਾਬਕਾ ਮੰਤਰੀ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ ਤੇ ਪੰਜਾਬ ਸਰਕਾਰ ਨੂੰ ਵੀ ਸਟੇਟਸ ਰਿਪੋਰਟ ਦਾਖਲ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਹੈ ।ਹੁਣ ਇਸ ਕੇਸ ਦੀ ਅਗਲੀ ਸੁਣਵਾਈ 12 ਜਨਵਰੀ ਨੂੰ ਹੋਵੇਗੀ।

ਸਾਬਕਾ ਮੰਤਰੀ  ਦੇ ਪੀਏ ਨੇ ਲੁਧਿਆਣਾ ਵਿੱਚ ਐਸਐਸਪੀ ਵਿਜੀਲੈਂਸ ਦਫ਼ਤਰ ਵਿੱਚ ਆਤਮ ਸਮਰਪਣ ਕੀਤਾ ਹੈ। ਪੀਏ ਮੀਨੂੰ ਮਲਹੋਤਰਾ ਨੂੰ ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਤੇ ਵਿਜੀਲੈਂਸ ਵਿਭਾਗ ਨੇ ਉਸ ਨੂੰ ਭਗੌੜਾ ਕਰਾਰ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। 25 ਦਸੰਬਰ ਤੱਕ ਦਾ ਸਮਾਂ ਵੀ ਉਸ ਨੂੰ ਪੇਸ਼ ਹੋਣ ਲਈ ਦਿੱਤਾ ਗਿਆ ਸੀ।

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਲਗਾਤਾਰ ਪਿਛਲੇ 4 ਮਹੀਨਿਆਂ ਤੋਂ ਫਰਾਰ ਸਨ ਤੇ ਵਿਜੀਲੈਂਸ ਦੀ ਟੀਮ ਲਗਾਤਾਰ ਉਹਨਾਂ ਦੀ ਭਾਲ ਕਰ ਰਹੀ ਸੀ ਕਿਉਂਕਿ ਮੀਨੂੰ ਨੂੰ ਸਾਬਕਾ ਮੰਤਰੀ ਦੇ ਕਾਫੀ ਨਜ਼ਦੀਕ ਮੰਨਿਆ ਜਾ ਰਿਹਾ ਸੀ। ਉਸ ਤੋਂ ਕਈ ਅਹਿਮ ਜਾਣਕਾਰੀਆਂ ਤੇ ਸੁਰਾਗ ਮਿਲਣ ਦੀ ਵਿਭਾਗ ਨੂੰ ਉਮੀਦ ਸੀ।

ਹੁਣ ਮੀਨੂੰ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਇਹ ਗ੍ਰਿਫਤਾਰੀ ਪਹਿਲਾਂ ਤੋਂ ਹੀ ਪੁਲਿਸ ਦੀ ਗ੍ਰਿਫਤ ਵਿੱਚ ਚੱਲ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਕਰ ਸਕਦੀ ਹੈ ਕਿਉਂਕਿ ਮੀਨੂੰ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਸੀ । ਵਿਜੀਲੈਂਸ ਨੇ ਸਾਬਕਾ ਕੈਬਨਿਟ ਮੰਤਰੀ ਖਿਲਾਫ਼ 18 ਸ਼ਿਕਾਇਤਾਂ ਮਿਲਣ ਦਾ ਦਾਅਵਾ ਕੀਤੀ ਸੀ । ਫੂਡ ਐਂਡ ਸਿਵਲ ਸਪਲਾਈ ਮੰਤਰੀ ਰਹਿੰਦੇ ਹੋਏ ਆਸ਼ੂ ‘ਤੇ ਟੈਂਡਰਾਂ ਵਿੱਚ ਗੱੜਬੜੀ ਕਰਨ ਦੇ ਕਈ ਇਲਜ਼ਾਮ ਸਾਹਮਣੇ ਆਏ ਸਨ।ਆਸ਼ੂ ਖਿਲਾਫ਼ 2 ਹਜ਼ਾਰ ਕਰੋੜ ਦੇ ਟੈਂਡਰ ਘੁਟਾਲੇ ਦਾ ਇਲਜ਼ਾਮ ਲਗਾਇਆ ਗਿਆ ਸੀ ਤੇ ਵਿਜੀਲੈਂਸ ਇਸ ਦੀ ਜਾਂਚ ਕਰ ਰਹੀ ਹੈ।

ਇਸੇ ਮਾਮਲੇ ‘ਚ ਭਾਰਤ ਭੂਸ਼ਣ ਆਸ਼ੂ ਦੇ ਇੱਕ ਹੋਰ ਕਰੀਬੀ ਅਫਸਰ ਰਾਕੇਸ਼ ਸਿੰਗਲਾ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਪਰ ਉਹ ਦੇਸ਼ ਤੋਂ ਬਾਹਰ ਹੋਣ ਕਾਰਨ ਬਚ ਗਏ ਸੀ ।

ਦੋਸ਼ੀ ਠੇਕੇਦਾਰਾਂ ਵਿੱਚੋਂ ਇੱਕ ਤੇਲੂ ਰਾਮ ਨੇ ਆਪਣੇ ਬਿਆਨ ਵਿੱਚ ਦਾਅਵਾ ਕੀਤਾ ਸੀ ਕਿ ਉਸ ਨੇ ਆਸ਼ੂ ਨਾਲ ਮੁਲਾਕਾਤ ਕਰਵਾਉਣ ਲਈ ਮਲਹੋਤਰਾ ਨੂੰ 6 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ।

ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿੱਚ ਸਾਬਕਾ ਮੰਤਰੀ ਆਸ਼ੂ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ 1,556 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ਵਿੱਚ, ਵਿਜੀਲੈਂਸ ਨੇ ਕਿਹਾ ਕਿ ਭਾਵੇਂ ਮਲਹੋਤਰਾ ਨੂੰ ਕਦੇ ਵੀ ਆਸ਼ੂ ਦੇ “ਅਧਿਕਾਰਤ” ਪੀਏ ਵਜੋਂ ਨਿਯੁਕਤ ਨਹੀਂ ਕੀਤਾ ਗਿਆ ਸੀ ਪਰ ਉਹ ਜਨਤਾ ਦੇ ਸਾਹਮਣੇ ਪੀਏ ਵਜੋਂ ਆਪਣੀ ਜਾਣ-ਪਛਾਣ ਕਰਾਉਂਦਾ ਸੀ ਅਤੇ ਸਾਬਕਾ ਮੰਤਰੀ ਦੇ ਦਫ਼ਤਰੀ ਕੰਮ ਨੂੰ ਸੰਭਾਲਦਾ ਸੀ।