Another problem faced by the jailed former minister Ashu, now a new scam has come to light

ਚੰਡੀਗੜ੍ਹ: ਪੰਜਾਬ ਵਿਚ ਕਾਂਗਰਸੀ ਰਾਜ ਦੌਰਾਨ ਹੋਏ ਅਨਾਜ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘਪਲੇ(Grain market transportation tender scam)’ਚੋਂ ਹੁਣ ਨਵਾਂ ਫਰਜ਼ੀ ਖ਼ਰੀਦ ਘੁਟਾਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਪਟਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ(Former Cabinet Minister Bharat Bhushan Ashu) ਨਵੀਂ ਮੁਸੀਬਤ ਵਿਚ ਘਿਰ ਗਏ ਜਾਪਦੇ ਹਨ। ਵਿਜੀਲੈਂਸ ਬਿਊਰੋ(vigilance bureau )ਪੰਜਾਬ ਨੇ ਪਹਿਲਾਂ ਹੀ ਟੈਂਡਰ ਅਲਾਟਮੈਂਟ ਘੁਟਾਲੇ ਵਿਚ ਸਾਬਕਾ ਮੰਤਰੀ ਖਿਲਾਫ਼ ਕੇਸ ਦਰਜ ਕੀਤਾ ਹੋਇਆ ਹੈ। ਤਤਕਾਲੀ ਕਾਂਗਰਸੀ ਸਰਕਾਰ ਦੌਰਾਨ ਪੰਜਾਬ ਵਿਚ ਝੋਨੇ ਦੀ ਪੈਦਾਵਾਰ ਅਤੇ ਖ਼ਰੀਦ ’ਚ ਵੱਡਾ ਫਰਕ ਸਾਹਮਣੇ ਆਇਆ ਹੈ ਜਿਸ ਵਿਚ ਨਵੇਂ ਘਪਲੇ ਦਾ ਧੂੰਆਂ ਉੱਠਣ ਲੱਗਾ ਹੈ। ਲੰਘੇ ਦਿਨੀਂ ਟੈਂਡਰ ਘੁਟਾਲੇ ਵਿਚ ਵਿਜੀਲੈਂਸ ਨੇ ਆੜ੍ਹਤੀ ਕ੍ਰਿਸ਼ਨ ਲਾਲ ਧੋਤੀਵਾਲਾ ਨੂੰ ਗ੍ਰਿਫ਼ਤਾਰ ਕੀਤਾ ਸੀ।

ਵਿਜੀਲੈਂਸ ਅਧਿਕਾਰੀ ਦੱਸਦੇ ਹਨ ਕਿ ਧੋਤੀਵਾਲਾ ਦੀ ਗ੍ਰਿਫ਼ਤਾਰੀ ਨਾਲ ਝੋਨੇ ਦੀ ਖ਼ਰੀਦ ਵਿਚ ਘਪਲਾ ਹੋਣ ਦੀ ਗੱਲ ਉੱਭਰੀ ਹੈ। ਚੇਤੇ ਰਹੇ ਕਿ ਕੇਂਦਰ ਸਰਕਾਰ ਵੱਲੋਂ ਇਹ ਮੁੱਦਾ ਚੁੱਕਿਆ ਜਾਂਦਾ ਰਿਹਾ ਸੀ ਕਿ ਪੰਜਾਬ ਵਿਚ ਝੋਨੇ ਦੀ ਪੈਦਾਵਾਰ ਘੱਟ ਹੋਈ ਹੈ ਜਦੋਂ ਕਿ ਝੋਨੇ ਦੀ ਖ਼ਰੀਦ ਜ਼ਿਆਦਾ ਹੋ ਰਹੀ ਹੈ। ਕੇਂਦਰ ਸਰਕਾਰ ਨੇ ਪਹਿਲਾਂ ਹੀ ਇਸ ਬਾਰੇ ਸ਼ੱਕ ਜ਼ਾਹਿਰ ਕੀਤਾ ਸੀ ਅਤੇ ਪੰਜਾਬ ਵੱਲੋਂ ਝੋਨੇ ਦੀ ਖ਼ਰੀਦ ਲਈ ਰੱਖੇ ਟੀਚਿਆਂ ਵਿਚ ਵੀ ਕਟੌਤੀ ਕਰ ਦਿੱਤੀ ਸੀ।

Former Cabinet Minister Bharat Bhushan Ashu
ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ

ਵਿਜੀਲੈਂਸ ਜਾਂਚ ਵਿਚ ਹੁਣ ਸਾਹਮਣੇ ਆਇਆ ਹੈ ਕਿ ਦੂਜੇ ਸੂਬਿਆਂ ’ਚੋਂ 1100-1200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨਾ ਖ਼ਰੀਦ ਕੇ ਪੰਜਾਬ ਲਿਆਇਆ ਜਾਂਦਾ ਸੀ ਅਤੇ ਸੂਬੇ ਦੇ ਖ਼ਰੀਦ ਕੇਂਦਰਾਂ ਵਿਚ ਸਰਕਾਰੀ ਭਾਅ ’ਤੇ ਵੇਚ ਦਿੱਤਾ ਜਾਂਦਾ ਸੀ। ਪ੍ਰਤੀ ਕੁਇੰਟਲ ਪਿੱਛੇ ਕਰੀਬ 600 ਤੋਂ 700 ਰੁਪਏ ਦੀ ਰਕਮ ਜੇਬ ਵਿਚ ਚਲੀ ਜਾਂਦੀ ਸੀ। ਇੱਕ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਇਸ ਖ਼ਰੀਦ ’ਤੇ ਪਰਦਾ ਪਾਉਣ ਲਈ ਫਰਜ਼ੀ ਰਿਕਾਰਡ ਤਿਆਰ ਕੀਤਾ ਜਾਂਦਾ ਸੀ ਅਤੇ ਬਾਹਰੋਂ ਲਿਆਂਦਾ ਝੋਨਾ ਸਥਾਨਕ ਕਿਸਾਨਾਂ ਤੋਂ ਖ਼ਰੀਦਿਆ ਦਿਖਾਇਆ ਜਾਂਦਾ ਸੀ।

vigilance bureau punjab
ਵਿਜੀਲੈਂਸ ਬਿਊਰੋ ਪੰਜਾਬ

ਵਿਜੀਲੈਂਸ ਵੱਲੋਂ ਇਸ ਫਰਜ਼ੀ ਖ਼ਰੀਦ ਮਾਮਲੇ ਵਿਚ ਸਾਬਕਾ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਬਰਖਾਸਤ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਵੇਰਵਿਆਂ ਅਨੁਸਾਰ ਸਾਲ 2020-21 ਵਿਚ ਪੰਜਾਬ ਵਿਚ 164 ਲੱਖ ਮੀਟਰਿਕ ਟਨ ਝੋਨੇ ਦੀ ਪੈਦਾਵਾਰ ਹੋਈ ਸੀ ਪ੍ਰੰਤੂ ਇਸੇ ਵਰ੍ਹੇ ਖ਼ਰੀਦ 202.82 ਲੱਖ ਮੀਟਰਿਕ ਟਨ ਦੀ ਹੋਈ ਸੀ। ਉਸ ਤੋਂ ਪਹਿਲਾਂ ਸਾਲ 2019-20 ਵਿਚ ਸੂਬੇ ਵਿਚ 152 ਲੱਖ ਮੀਟਰਿਕ ਟਨ ਝੋਨੇ ਦੀ ਪੈਦਾਵਾਰ ਹੋਈ ਸੀ ਜਦੋਂ ਕਿ ਖ਼ਰੀਦ 163.82 ਲੱਖ ਮੀਟਰਿਕ ਟਨ ਹੋਈ ਸੀ। ਇਸ ਤੋਂ ਇਲਾਵਾ ਸਾਲ 2018-19 ਵਿਚ ਰਾਜ ਵਿਚ ਪੈਦਾਵਾਰ 169 ਲੱਖ ਮੀਟਰਿਕ ਟਨ ਦੀ ਸੀ ਅਤੇ ਇਸੇ ਵਰ੍ਹੇ ਦੌਰਾਨ ਝੋਨੇ ਦੀ ਖ਼ਰੀਦ 169.16 ਲੱਖ ਮੀਟਰਿਕ ਟਨ ਸੀ।

ਸੂਤਰ ਦੱਸਦੇ ਹਨ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁੱਲਾਂਪੁਰ ਦਾਖਾ ਵਿਚ ਇੱਕ ਆੜ੍ਹਤੀਏ ਕ੍ਰਿਸ਼ਨ ਲਾਲ ਧੋਤੀਵਾਲਾ ਦੀ ਮਾਲਕੀ ਵਾਲੇ ਸ਼ੈਲਰ ਵਿਚ ਇਹ ਅਨਾਜ ਭੰਡਾਰਨ ਕੀਤਾ ਗਿਆ ਸੀ। ਉਹ ਦੂਸਰੇ ਸੂਬਿਆਂ ਤੋਂ ਸਸਤਾ ਅਨਾਜ ਘੱਟ ਰੇਟਾਂ ’ਤੇ ਲਿਆਉਂਦੇ ਸਨ ਅਤੇ ਪੰਜਾਬ ਦੀਆਂ ਮੰਡੀਆਂ ਵਿਚ ਐੱਮਐੱਸਪੀ ’ਤੇ ਵੇਚ ਦਿੰਦੇ ਸਨ।

ਟੈਂਡਰ ਘਪਲਾ : 12 ਲੱਖ ਸਮੇਤ ਚੁੱਕਿਆ ਆੜਤੀਆ, ਸਾਬਕਾ ਮੰਤਰੀ ਆਸ਼ੂ ਦਾ ਸੀ ਕਰੀਬੀ

ਜਿਕਰਯੋਗ ਹੈ ਕਿ ਲੰਘੇ ਕੱਲ੍ਹ ਵਿਜੀਲੈਂਸ ਬਿਊਰੋ(Vigilance Bureau) ਨੇ 2000 ਕਰੋੜ ਦੇ ਅਨਾਜ ਢੋਆ ਢੋਆਈ ਘੋਟਾਲੇ ਦੇ ਮਾਮਲੇ ਵਿੱਚ ਇੱਕ ਕਮਿਸ਼ਨ ਏਜੰਟ (ਆੜ੍ਹਤੀਆ) ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਦੀ ਪਛਾਣ ਕ੍ਰਿਸ਼ਨ ਲਾਲ ਉਰਫ਼ ਧੋਤੀ ਵਾਲਾ ਵਜੋਂ ਹੋਈ ਹੈ, ਜਿਸ ਦੇ ਕਬਜ਼ੇ ਵਿੱਚੋਂ ਕੁੱਲ 12 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਸੀ।