ਹਰਿਆਣਾ : ਪੰਚਕੂਲਾ ਦੇ ਗੁਰਦੁਆਰਾ ਨਾਢਾ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਤੇ ਦੁਕਾਨਦਾਰਾਂ ਵਿਚਾਲੇ ਹੋਏ ਵਿਵਾਦ ਵਿੱਚ ਹੁਣ ਸਾਬਕਾ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੀ ਸ਼ਾਮਲ ਹੋ ਗਏ ਹਨ । ਝੀਂਡਾ ਨੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਹੈ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਵਰਦਿਆਂ ਨਾ ਸਿਰਫ ਕਈ ਤਰਾਂ ਦੇ ਇਲਜ਼ਾਮ ਲਗਾਏ ਹਨ,ਸਗੋਂ ਕਮੇਟੀ ਮੈਂਬਰਾਂ ‘ਤੇ ਪਰਚਾ ਦਰਜ ਕਰਨ ਦੀ ਵੀ ਮੰਗ ਕੀਤੀ ਹੈ । ਉਹਨਾਂ ਕਿਹਾ ਹੈ ਕਿ ਉਹਨਾਂ ਦੀ ਡੀਜੀਪੀ ਤੋਂ ਮੰਗ ਹੈ ਕਿ ਵਿਵਾਦ ਕਰਨ ਵਾਲੇ ਕਮੇਟੀ ਮੈਂਬਰਾਂ ਤੇ ਦਫਾ 394,395 ਡਕੈਤੀ ਦੇ ਕੇਸ ਦਰਜ ਕੀਤੇ ਜਾਣ। ਵਿਵਾਦ ਵੇਲੇ ਬੀਬੀਆਂ ਨਾਲ ਧੱਕਾ ਮੁੱਕੀ ਕਰਨ ਇਲਜ਼ਾਮ ਵੀ ਉਹਨਾਂ ਕਮੇਟੀ ਮੈਂਬਰਾਂ ‘ਤੇ ਲਾਇਆ ਹੈ।
ਕਮੇਟੀ ਮੈਂਬਰਾਂ ਨੂੰ ਸਰਕਾਰੀ ਗੁੰਡੇ ਤੇ ਬਦਮਾਸ਼ ਦੱਸਦਿਆਂ ਝੀਂਡਾ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਤੰਗ ਸਿਰਫ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਝੀਂਡਾ ਸਮਰਥਕ ਹਨ। ਗੁਰੂਘਰਾਂ ਦਾ ਪ੍ਰਬੰਧ ਇਸ ਤਰਾਂ ਨਹੀਂ ਹੁੰਦਾ,ਜਿਵੇਂ ਇਹ ਕਰਨ ਲੱਗੇ ਹੋਏ ਹਨ। ਉਹਨਾਂ ਸਵਾਲ ਕੀਤਾ ਕਿ ਗੁੰਡਾਗਰਦੀ ਤੇ ਬਦਮਾਸ਼ੀ ਕਰਨੀ,ਕੀ ਇਹ ਗੁਰੂ ਘਰ ਦਾ ਪ੍ਰਬੰਧ ਹੈ ? ਇਸ ਤਰਾਂ ਇਹ ਵਿਵਾਦ ਇੱਕ ਤਰਾਂ ਨਾਲ ਹੁਣ ਦੁਕਾਨਦਾਰਾਂ ਤੇ ਕਮੇਟੀ ਵਿਚਾਲੇ ਹੁੰਦਾ ਹੋਇਆ ਹੁਣ ਕਮੇਟੀ ਬਨਾਮ ਪੁਰਾਣੇ ਪ੍ਰਧਾਨ ਬਣਦਾ ਨਜ਼ਰ ਆ ਰਿਹਾ ਹੈ ਤੇ ਆਉਂਦੇ ਦਿਨਾਂ ਵਿੱਚ ਇਸ ਦੇ ਹੋਰ ਗਹਿਰਾਉਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਪੰਚਕੂਲਾ ਦੇ ਗੁਰਦੁਆਰਾ ਸ਼੍ਰੀ ਨਾਢਾ ਸਾਹਿਬ ਵਿਖੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਸੀ,ਜਦੋਂ ਨਵੀਂ ਬਣੀ HSGP ਕਮੇਟੀ ਮੈਂਬਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਹੱਦ ਦੇ ਅੰਦਰ ਬਣੀਆਂ ਦੁਕਾਨਾਂ ਨੂੰ ਹਟਾਉਣ ਦੀ ਕਾਰਵਾਈ ਨੂੰ ਲੈ ਕੇ ਕਮੇਟੀ ਦਾ ਦੁਕਾਨਦਾਰਾਂ ਨਾਲ ਵਿਵਾਦ ਖੜਾ ਹੋ ਗਿਆ ਤੇ ਇਸ ਦੌਰਾਨ ਦੁਕਾਨਦਾਰਾਂ ਤੇ ਕਮੇਟੀ ਮੈਂਬਰਾਂ ਵਿਚਾਲੇ ਹੱਥੋਪਾਈ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਸੀ । ਗੁਰਦੁਆਰਾ ਸਾਹਿਬ ਦੇ COMPLEX ਦੇ ਅੰਦਰ ਕਾਫੀ ਸਮਾਂ ਪਹਿਲਾਂ ਤੋਂ ਬਣੀਆਂ ਇਹਨਾਂ ਦੁਕਾਨਾਂ ਨੂੰ ਹਟਾਉਣ ਦੇ ਲਈ ਨਵੀਂ ਬਣੀ ਕਮੇਟੀ ਨੇ ਕਿਹਾ ਸੀ,ਜਿਹਨਾਂ ਦਾ ਇਹਨਾਂ ਦੁਕਾਨਦਾਰਾਂ ਨੇ ਸਖ਼ਤ ਵਿਰੋਧ ਕੀਤਾ ਸੀ ਤੇ ਇਸ ਦੌਰਾਨ ਹੀ ਇਹਨਾਂ ਦੋਹਾਂ ਧਿਰਾਂ ਵਿੱਚ ਹਲਕੀ ਜਿਹੀ ਝੜਪ ਵੀ ਹੋਈ ਤੇ ਵਿਵਾਦ ਵਧਣ ਤੋਂ ਬਾਅਦ ਪੁਲਿਸ ਨੇ ਆ ਕੇ ਮਾਮਲੇ ਨੂੰ ਸ਼ਾਂਤ ਕਰਵਾਉਣਾ ਪਿਆ।