India Punjab

UP ਦੇ ਤਿਕੋਨੀਆ ‘ਚ ਚਾਰੇ ਸ਼ਹੀਦ ਕਿਸਾਨਾਂ ਦੀ ਹੋਵੇਗੀ ਅਰਦਾਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ 6 ਅਕਤੂਬਰ ਨੂੰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਨਿਆਂਇਕ ਆਯੋਗ ਦੀ ਜਾਂਚ ਅਤੇ ਯੂਪੀ ਸਰਕਾਰ ਦੀ ਐੱਸਆਈਟੀ ਨੂੰ ਵੀ ਖਾਰਜ ਕਰ ਦਿੱਤਾ ਹੈ। ਕਿਸਾਨ ਮੋਰਚਾ ਨੇ ਸਿੱਧਾ ਸੁਪਰੀਮ ਕੋਰਟ ਨੂੰ ਰਿਪੋਰਟ ਕਰਨ ਵਾਲੀ ਜਾਂਚ ਦੀ ਮੰਗ ਕੀਤੀ ਹੈ। ਕਿਸਾਨ ਮੋਰਚੇ ਨੇ ਦੋਸ਼ ਲਾਇਆ ਕਿ ਹੋਰ ਵਿਅਕਤੀਆਂ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਸੀ, ਜਿਵੇਂ ਸੁਮਿਤ ਜਾਏਸਵਾਲ ਅਤੇ ਅੰਕਿਤ ਦਾਸ ਨੂੰ ਹਾਲੇ ਤੱਕ ਯੂਪੀ ਸਰਕਾਰ ਨੇ ਗ੍ਰਿਫ਼ਤਾਰ ਨਹੀਂ ਕੀਤਾ ਹੈ। ਯੂਪੀ ਸਰਕਾਰ ਵੱਲੋਂ ਪੇਸ਼ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਵੀ ਸਵੀਕਾਰ ਕੀਤਾ ਹੈ ਕਿ ਆਸ਼ੀਸ਼ ਮਿਸ਼ਰਾ ਅਤੇ ਉਸਦੇ ਸਹਿਯੋਗੀਆਂ ਦੇ ਖ਼ਿਲਾਫ਼ ਦੋਸ਼ ਸਹੀ ਹਨ।

ਕਿਸਾਨ ਲੀਡਰਾਂ ਨੇ 12 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਤਿਕੋਨੀਆ ਵਿੱਚ ਸ਼ਹੀਦ ਕਿਸਾਨ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਐਲਾਨ ਕੀਤਾ। ਸੰਯੁਕਤ ਕਿਸਾਨ ਮੋਰਚਾ ਨੇ ਪੂਰੇ ਉੱਤਰ ਪ੍ਰਦੇਸ਼ ਅਤੇ ਭਾਰਤ ਦੇ ਕਿਸਾਨਾਂ ਨੂੰ 12 ਅਕਤੂਬਰ ਨੂੰ ਲਖੀਮਪੁਰ ਖੀਰੀ ਕਿਸਾਨ ਹੱ ਤਿਆ ਕਾਂ ਡ ਵਿੱਚ ਪੰਜ ਸ਼ਹੀਦ ਕਿਸਾਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਕਿਸਾਨ ਲੀਡਰਾਂ ਨੇ 12 ਅਕਤੂਬਰ ਨੂੰ ਗੁਰਦੁਆਰਿਆਂ, ਮੰਦਿਰਾਂ, ਚਰਚ, ਮਸਜਿਦਾਂ ਅਤੇ ਕਿਸੇ ਵੀ ਹੋਰ ਸਰਵਜਨਕ ਅਸਥਾਨਾਂ ‘ਤੇ ਪ੍ਰਾਰਥਨਾ ਸਭਾ ਅਤੇ ਸ਼ਰਧਾਂਜਲੀ ਸਭਾ ਆਯੋਜਿਤ ਕਰਨ ਦੀ ਅਪੀਲ ਵੀ ਕੀਤੀ। 12 ਅਕਤੂਬਰ ਦੀ ਸ਼ਾਮ ਨੂੰ ਮੋਮਬੱਤੀ ਜਲੂਸ ਦਾ ਆਯੋਜਨ ਕਰਨ ਦੀ ਵੀ ਅਪੀਲ ਕੀਤੀ ਗਈ। ਜੋ ਮੋਮਬੱਤੀ ਮਾਰਚ ਵਿੱਚ ਸ਼ਾਮਿਲ ਨਹੀਂ ਹੋ ਸਕਦੇ, ਉਨ੍ਹਾਂ ਨੂੰ ਘਰਾਂ ਵਿੱਚ ਹੀ 5 ਮੋਮਬੱਤੀਆਂ ਚਲਾਉਣ ਦੀ ਅਪੀਲ ਕੀਤੀ।

ਲਖੀਮਪੁਰ ਖੀਰੀ ਘਟਨਾ ਮਾਮਲੇ ‘ਚ ਜੇਕਰ 11 ਅਕਤੂਬਰ ਤੱਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਰਾਜ ਮੰਤਰੀ ਦੀ ਬਰਖ਼ਾਸਤਗੀ ਨਹੀਂ ਹੁੰਦੀ ਤਾਂ 18 ਅਕਤੂਬਰ ਨੂੰ ਅਖਿਲ ਭਾਰਤੀ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। ਰੇਲ ਰੋਕੋ ਅੰਦੋਲਨ 18 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਰਹੇਗਾ।

ਸੰਯੁਕਤ ਕਿਸਾਨ ਮੋਰਚਾ ਨੇ ਇਸ ਮਾਮਲੇ ਵਿੱਚ ਨਿਆਂ ਦੇ ਲੰਬਿਤ ਮੁੱਦਿਆਂ ਦੇ ਤਤਕਾਲ ਹੱਲ ਦੇ ਬਿਨਾਂ ਮਾਮਲੇ ਦੀ ਅਗਲੀ ਸੁਣਵਾਈ ਸਿਰਫ਼ 20 ਅਕਤੂਬਰ ਨੂੰ ਹੋਣ ‘ਤੇ ਨਿਰਾਸ਼ਾ ਜਤਾਈ ਹੈ। ਕਿਸਾਨ ਮੋਰਚੇ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ, ਜੋ ਸਿੱਧਾ ਸੁਪਰੀਮ ਕੋਰਟ ਨੂੰ ਰਿਪੋਰਟ ਕਰੇਗੀ।