Punjab

ਹਰਿਆਣਾ ਪੁਲਿਸ ਵੱਲੋਂ ਛੱਡੇ ਜਾ ਰਹੇ ਅੱਥਰੂ ਗੈਸ ਦੇ ਗੋਲਿਆਂ ਨੂੰ ਕਿਸਾਨਾਂ ਨੇ ਕੰਬਲ ਨਾਲ ਕੈਚ ਕਰਕੇ ਦਰਿਆ ‘ਚ ਸੁੱਟਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼ੰਭੂ ਬਾਰਡਰ ‘ਤੇ ਇੱਕ ਵਾਰ ਮੁੜ ਤੋਂ ਸਥਿਤੀ ਤਣਾਅਪੂਰਨ ਅਤੇ ਨਾਜ਼ੁਕ ਬਣੀ ਹੋਈ ਹੈ। ਹਰਿਆਣਾ ਪੁਲਿਸ ਵੱਲੋਂ ਸ਼ੰਭੂ ਬਾਰਡਰ ‘ਤੇ ਮੁੜ ਤੋਂ ਬੈਰੀਕੇਡਿੰਗ ਕੀਤੀ ਗਈ ਹੈ ਤਾਂ ਜੋ ਹੋਰ ਕਿਸਾਨ ਦਿੱਲੀ ਵੱਲ ਨਾ ਵੱਧ ਸਕਣ। ਕਿਸਾਨਾਂ ਨੇ ਅੱਜ ਫਿਰ ਤੋਂ ਬੈਰੀਕੇਡਾਂ ਨੂੰ ਨਦੀ ਵਿੱਚ ਸੁੱਟ ਦਿੱਤਾ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕਿਸਾਨਾਂ ਉੱਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ, ਜਿਸ ਤੋਂ ਬਾਅਦ ਕਿਸਾਨ ਪਿੱਛੇ ਵੱਲ ਨੂੰ ਮੁੜ ਗਏ।

ਥੋੜ੍ਹੇ ਸਮੇਂ ਬਾਅਦ ਕਿਸਾਨ ਫਿਰ ਬੈਰੀਕੇਡਿੰਗ ਦੇ ਕੋਲ ਆਉਣੇ ਸ਼ੁਰੂ ਹੋ ਗਏ ਹਨ। ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲਿਆਂ ਦਾ ਜ਼ਿਆਦਾ ਇਸਤੇਮਾਲ ਕਰਨ ਦੇ ਕਰਕੇ ਕਿਸਾਨ ਦੋ-ਤਿੰਨ ਵਾਰ ਪਿੱਛੇ ਨੂੰ ਮੁੜੇ ਸਨ। ਕਿਸਾਨਾਂ ਵੱਲੋਂ ਲਗਾਤਾਰ ਬੈਰੀਕੇਡਾਂ ਨੂੰ ਤੋੜਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਛੱਡੇ। ਬੈਰੀਕੇਡ ਲੱਗਣ ਕਰਕੇ ਕਿਸਾਨ ਪੁਲ ਤੋਂ ਹੇਠਾਂ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।

ਕਿਸਾਨ ਆਪਣੇ ਕੰਬਲਾਂ ਨੂੰ ਗਿੱਲਾ ਕਰਕੇ ਹਰਿਆਣਾ ਪੁਲਿਸ ਵੱਲੋਂ ਛੱਡੇ ਜਾ ਰਹੇ ਅੱਥਰੂ ਗੈਸ ਦੇ ਗੋਲਿਆਂ ਨੂੰ ਕੈਚ ਕਰਕੇ ਦਰਿਆ ਵਿੱਚ ਸੁੱਟ ਰਹੇ ਹਨ। ਕਿਸਾਨਾਂ ਨੇ ਲੋਕਾਂ ਨੂੰ ਗਿੱਲੇ ਰੁਮਾਲ ਨਾਲ ਲੈ ਕੇ ਆਉਣ ਦੀ ਅਪੀਲ ਕੀਤੀ ਸੀ। ਕਿਸਾਨਾਂ ਨੇ ਬੈਰੀਕੇਡਾਂ ਨੂੰ ਤੋੜ ਕੇ ਅੱਗੇ ਵਧਣ ਦਾ ਰਾਹ ਬਣਾ ਲਿਆ ਹੈ ਅਤੇ ਇਸ ਦੌਰਾਨ ਪੁਲਿਸ ਖੁਦ ਵੀ ਅੱਥਰੂ ਗੈਸ ਦਾ ਸ਼ਿਕਾਰ ਹੋ ਗਈ ਸੀ। ਪੁਲਿਸ ਅੱਜ ਫਿਰ ਕਿਸਾਨਾਂ ਦੇ ਅੱਗੇ ਬੇਬੱਸ ਹੋ ਗਈ ਹੈ। ਕਿਸਾਨ ਸ਼ੰਭੂ ਬਾਰਡਰ ਨੂੰ ਪਾਰ ਕਰਕੇ ਅੱਗੇ ਲਈ ਰਵਾਨਾ ਹੋ ਗਏ ਹਨ।

Comments are closed.