Punjab

“ਸੰਘਰਸ਼ਾਂ ਵਾਲੇ ਆਪਣੇ ਤਿਉਹਾਰ ਸੜਕਾਂ ‘ਤੇ ਹੀ ਮਨਾਉਂਦੇ ਹਨ,” ਸਰਵਣ ਸਿੰਘ ਪੰਧੇਰ

ਅੰਮ੍ਰਿਤਸਰ :  ਇੱਕ ਪਾਸੇ ਜਿਥੇ ਅੱਜ ਹਰ ਪਾਸੇ ਲੋਹੜੀ ਦੀਆਂ ਰੌਣਕਾਂ ਹਨ,ਉਥੇ ਸੂਬੇ ਵਿੱਚ ਚੱਲ ਰਹੇ ਮੋਰਚਿਆਂ ਵਿੱਚ ਸੰਘਰਸ਼ਾਂ ਦੇ ਪਿੜ ਤੋਂ ਕਿਸਾਨਾਂ ਮਜ਼ਦੂਰਾਂ ਨੇ ਅਲੱਗ ਤਰੀਕੇ ਨਾਲ ਇਸ ਤਿਉਹਾਰ ਨੂੰ ਮਨਾਇਆ ਹੈ ।

ਧਰਨੇ ਵਾਲੀ ਥਾਂ ਤੇ ਧਰਨਾਕਾਰੀ ਕਿਸਾਨਾਂ ਨੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦਾ ਭੁੱਗਾ ਫੂਕ ਕੇ ਲੋਹੜੀ ਮਨਾਈ ਹੈ।

ਇਸ ਮੌਕੇ ਬੋਲਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਲੋਹੜੀ ਤੇ ਕਿਸਾਨਾਂ-ਮਜ਼ਦੂਰਾਂ ਨੇ ਹੋਰ ਤਿਉਹਾਰ ਸੜਕਾਂ ‘ਤੇ ਸੰਘਰਸ਼ ਕਰਦਿਆਂ ਹੀ ਮਨਾਏ ਹਨ। ਪੰਜਾਬ ਇੱਕ ਜੁਝਾਰੂ ਕੌਮ ਹੈ ਤੇ ਰਹਿੰਦੀਆਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਰਹਿੰਦੀਆਂ ਮੰਗਾਂ ਜਦੋਂ ਤੱਕ ਮੰਨੀਆਂ ਜਾਂਦੀਆਂ,ਉਦੋਂ ਤੱਕ ਇਹ ਸੰਘਰਸ਼ ਇਸੇ ਤਰਾਂ ਜਾਰੀ ਰਹੇਗਾ।

ਨੈਸ਼ਨਲ ਹਾਈਵੇਅ ਅਥਾਰਿਟੀ ਵਲੋਂ ਹਾਈ ਕੋਰਟ ਵਿੱਚ ਪੇਸ਼ ਕੀਤੀ ਵੀਡੀਓ ਬਾਰੇ ਬੋਲਦਿਆਂ ਉਹਨਾਂ ਸਾਫ ਕੀਤਾ ਹੈ ਕਿ ਇਹ ਸਾਰੇ ਸਬੂਤ ਝੂਠੇ ਹਨ। ਸਰਕਾਰ ਤੇ ਪ੍ਰਸ਼ਾਸਨ ਦੀ ਹਮੇਸ਼ਾ ਕੋਸ਼ਿਸ ਰਹਿੰਦੀ ਹੈ ਕਿ ਇਸ ਤਰਾਂ ਦੇ ਝੂਠੇ ਇਲਜ਼ਾਮ ਲਗਾ ਕੇ ਧਰਨਿਆਂ ਨੂੰ ਬਦਨਾਮ ਕੀਤਾ ਜਾਵੇ। ਅਸਲ ਵਿੱਚ ਇਹਨਾਂ ਇਲਜ਼ਾਮਾਂ ‘ਚ ਕੋਈ ਸਚਾਈ ਨਹੀਂ ਹੈ। ਪੰਧੇਰ ਨੇ ਸਾਰਿਆਂ ਨੂੰ ਲੋਕ ਹਿਤਾਂ ਵਿੱਚ ਕੀਤੇ ਜਾ ਰਹੇ ਸੰਘਰਸ਼ਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।