India Punjab

ਜਦੋਂ ਤੱਕ ਖੇਤੀ ਕਾਨੂੰਨ ਹਨ ਜਾਰੀ, ਬੀਜੇਪੀ ਦਾ ਵਿਰੋਧ ਰਹੇਗਾ ਭਾਰੀ – ਕਿਸਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨੌਜਵਾਨਾਂ ਨੇ ਕੇਐੱਫਸੀ ਤੋਂ ਸਿੰਘੂ ਬਾਰਡਰ ਦੀ ਮੁੱਖ ਸਟੇਜ ਤੱਕ ਪੈਦਲ ਮਾਰਚ ਕੱਢਿਆ। ਨੌਜਵਾਨਾਂ ਨੇ ਇਸ ਮਾਰਚ ਵਿੱਚ ਸਾਰੇ ਬਜ਼ੁਰਗ ਕਿਸਾਨਾਂ ਦੀ ਸਰਗਰਮ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਇਸ ਲਹਿਰ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਦਾ ਵਾਅਦਾ ਕੀਤਾ। ਕਿਸਾਨ ਲੀਡਰਾਂ ਨੇ ਦਿੱਲੀ ਬਾਰਡਰਾਂ ‘ਤੇ ਚੱਲ ਰਹੇ ਕਿਸਾਨ ਮੋਰਚਿਆਂ ਵਿੱਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਹੈ।

ਕੱਲ੍ਹ ਹਰਿਆਣਾ ਦੇ ਚਰਖੀ ਦਾਦਰੀ ਦੇ ਇੱਕ ਪਿੰਡ ਵਿੱਚ ਕਿਸਾਨਾਂ ਨੇ ਭਾਜਪਾ ਲੀਡਰ ਬਬੀਤਾ ਫੋਗਾਟ ਦੇ ਪਹੁੰਚਣ ਤੋਂ ਬਾਅਦ ਕਾਲੇ ਝੰਡੇ ਵਿਖਾ ਕੇ ਅਤੇ ਕਾਰ ਰੋਕ ਕੇ ਵਿਰੋਧ ਪ੍ਰਦਰਸ਼ਨ ਕੀਤਾ। ਕਿਸਾਨ ਲੀਡਰਾਂ ਨੇ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਭਾਜਪਾ ਅਤੇ ਜੇਜੇਪੀ ਲੀਡਰਾਂ ਦੇ ਸਮਾਜਿਕ ਬਾਈਕਾਟ ਦੇ ਸੱਦੇ ਦਾ ਲਗਾਤਾਰ ਸਮਰਥਨ ਕੀਤਾ ਹੈ। ਕਿਸਾਨਾਂ ਨੇ ਭਾਜਪਾ ਅਤੇ ਜੇਜਪੀ ਲੀਡਰਾਂ ਨੂੰ ਪਿੰਡਾਂ ਵਿੱਚ ਨਾ ਵੜਨ ਦੀ ਚਿਤਾਵਨੀ ਦਿੱਤੀ ਹੈ।

ਕਿਸਾਨ ਲੀਡਰਾਂ ਨੇ ਕਿਹਾ ਕਿ ‘ਸਰਕਾਰ ਹਰ ਸਾਲ ਐੱਮਐੱਸਪੀ ਦਾ ਐਲਾਨ ਕਰਦੇ ਸਮੇਂ ਸਾਰੇ ਖਰਚਿਆਂ ਨੂੰ ਧਿਆਨ ਵਿੱਚ ਰੱਖਦੀ ਹੈ, ਪਰ ਪਿਛਲੇ ਕੁੱਝ ਸਾਲਾਂ ਤੋਂ ਐੱਮਐੱਸਪੀ ਵਿੱਚ ਕੋਈ ਮਹੱਤਵਪੂਰਨ ਵਾਧਾ ਨਾ ਹੋਣਾ ਸਰਕਾਰ ਦੀ ਅਣਗਹਿਲੀ ਦਾ ਨਤੀਜਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਦਿਨੋਂ-ਦਿਨ ਵੱਧ ਰਹੀਆਂ ਡੀਜ਼ਲ ਦੀਆਂ ਕੀਮਤਾਂ ਅਤੇ ਹੋਰ ਖਰਚੇ ਸਰਕਾਰ ਦੇ ਹਿਸਾਬ ਤੋਂ ਬਾਹਰ ਹਨ ਅਤੇ ਅਸਲ ਵਿੱਚ ਕਿਸਾਨਾਂ ਦੇ ਖਰਚੇ ਦਿਨੋ-ਦਿਨ ਵੱਧਦੇ ਜਾ ਰਹੇ ਹਨ।  ਇੱਕ ਪਾਸੇ ਸਰਕਾਰ ਮੀਡੀਆ ਵਿੱਚ ਕਹਿੰਦੀ ਹੈ ਕਿ ਐੱਮਐੱਸਪੀ ਜਾਰੀ ਰਹੇਗੀ, ਪਰ ਸਰਕਾਰ ਇਹ ਦੱਸਣ ਵਿਚ ਅਸਫਲ ਹੈ ਕਿ ਕੀ ਐੱਮਐੱਸਪੀ ਸਾਰੀਆਂ ਫਸਲਾਂ ‘ਤੇ ਜਾਰੀ ਰਹੇਗੀ?