India Punjab

ਗੁਰੂ ਨਾਨਕ ਸਾਹਿਬ ਜੀ ਤੋਂ ਵਿਰਾਸਤ ‘ਚ ਮਿਲੀ ਕਿਸਾਨੀ ਸਾਂਭਣ ਲਈ ਰੇਲਾਂ ਭਰ ਕੇ ਚੱਲੀਆਂ ਦਿੱਲੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਪਿਛਲੇ 6 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਕਿਸਾਨ ਅੰਦੋਲਨ ਨੂੰ ਭਾਰਤ ਦੇ ਲੋਕਾਂ ਸਮੇਤ ਵਿਦੇਸ਼ ਤੋਂ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਕਰੋਨਾ ਮਹਾਂਮਾਰੀ ਦੌਰਾਨ ਵੀ ਦਿੱਲੀ ਮੋਰਚਿਆਂ ‘ਤੇ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਅੰਮ੍ਰਿਤਸਰ ਦੇ ਇੱਕ ਰੇਲਵੇ ਸਟੇਸ਼ਨ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਜਥਾ ਦਿੱਲੀ ਮੋਰਚਿਆਂ ਲਈ ਰਵਾਨਾ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਉਹ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਆਉਣਗੇ। ਕਿਸਾਨਾਂ ਨੇ ਕਿਹਾ ਕਿ ਕਿਸਾਨੀ, ਖੇਤੀ ਸਾਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਵਿਰਾਸਤ ਵਿੱਚ ਦਿੱਤੀ ਹੈ, ਇਸਨੂੰ ਅਸੀਂ ਖਤਮ ਨਹੀਂ ਹੋਣ ਦਿਆਂਗੇ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ। ਉਨ੍ਹਾਂ ਕਿਹਾ ਕਿ ਅਸੀਂ ਜਿੱਤ ਕੇ ਹੀ ਆਵਾਂਗੇ।

ਪੰਜਾਬ ਤੋਂ ਕਿਸਾਨਾਂ ਦੇ ਕਾਫਲੇ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚ ਰਹੇ ਹਨ। ਦਿੱਲੀ ਮੋਰਚਿਆਂ ‘ਤੇ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕਿਸਾਨਾਂ ਵੱਲੋਂ ਕਿਸਾਨ ਮੋਰਚਿਆਂ ‘ਤੇ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਮੋਰਚਿਆਂ ‘ਤੇ ਕਿਸਾਨਾਂ ਨੂੰ ਰੋਜ਼ ਸਵੇਰੇ ਕਾੜਾ ਪਿਆਇਆ ਜਾਂਦਾ ਹੈ। ਧਰਨਿਆਂ ਵਾਲੀਆਂ ਥਾਂਵਾਂ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ, ਕਿਸਾਨਾਂ ਨੂੰ ਵਿਟਾਮਿਨ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਕਿਸਾਨ ਮੋਰਚਿਆਂ ‘ਤੇ ਹਸਪਤਾਲਾਂ ਦਾ ਵੀ ਪੂਰਾ ਪ੍ਰਬੰਧ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਨੂੰ ਦਿੱਲੀ ਮੋਰਚਿਆਂ ‘ਤੇ ਜਿੰਨਾ ਵੀ ਸਮਾਂ ਲੱਗ ਜਾਵੇ, ਉਹ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਘਰ ਵਾਪਸ ਨਹੀਂ ਜਾਣਗੇ।