Punjab

SP-DSP ਸਣੇ 5 ਜਣਿਆ ‘ਤੇ ਕੇਸ, ਬਾਬਾ ਦਿਆਲ ਦਾਸ ਮਾਮਲੇ ‘ਚ IG ਦੇ ਨਾਂ ‘ਤੇ 50 ਲੱਖ ਰਿਸ਼ਵਤ ਮੰਗਣ ਦਾ ਦੋਸ਼

Faridkot: Case against 5 including SP-DSP, accused of demanding 50 lakh bribe in the name of IG in Baba Dayal Das murder case

ਫਰੀਦਕੋਟ ਵਿਚ ਕੋਟਕਪੂਰਾ ਸਦਰ ਥਾਣੇ ਵਿਚ ਐੱਸਪੀ ਇਨਵੈਸਟੀਗੇਸ਼ਨ ਗਗਨੇਸ਼ ਕੁਮਾਰ ਸਣੇ 5 ਲੋਕਾਂ ‘ਤੇ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ‘ਤੇ ਕਤਲ ਦੇ ਮਾਮਲੇ ਵਿਚ ਫਰੀਦਕੋਟ ਰੇਂਜ ਦੇ ਆਈਜੀ ਪ੍ਰਦੀਪ ਕੁਮਾਰ ਦੇ ਨਾਂ ‘ਤੇ ਲੱਖਾਂ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਹੈ। ਇਸ ਵਿਚ ਐੱਸਪੀ ਇਨਵੈਸਟੀਗੇਸ਼ਨ ਦੇ ਨਾਲ ਡੀਐੱਸਪੀ ਸੁਸ਼ੀਲ ਕੁਮਾਰ, ਆਈਜੀ ਦਫਤਰ ਫਰੀਦਕੋਟ ਦੀ ਆਰਟੀਆਈ ਸ਼ਾਖਾ ਦੇ ਇੰਚਾਰਜ ਐੱਸਆਈ ਖੇਮਚੰਦ ਪਰਾਸ਼ਰ ਤੇ 2 ਲੋਕਾਂ ਦੇ ਨਾਂ ਸ਼ਾਮਲ ਹਨ।

ਅਮਰ ਉਜਾਲਾ ਦੀ ਖ਼ਬਰ ਮੁਤਾਬਕ 7 ਨਵੰਬਰ 2019 ਨੂੰ ਗਊਸ਼ਾਲਾ ਕੋਟਸੁਖੀਆ ਦੇ ਸੰਤ ਬਾਬਾ ਦਿਆਲ ਦਾਸ ਦਾ ਕਤਲ ਹੋਇਆ ਸੀ। ਦੋਸ਼ ਹੈ ਕਿ ਇਸੇ ਮਾਮਲੇ ਵਿਚ ਹਰਕਾ ਦਾਸ ਡੇਰੇ ਦੇ ਮੁਖੀ ਬਾਬਾ ਗਗਨ ਦਾਸ ਨੂੰ ਡਰਾ ਧਮਕਾ ਕੇ ਅਧਿਕਾਰੀਆਂ ਵੱਲੋਂ ਆਈਜੀ ਪ੍ਰਦੀਪ ਕੁਮਾਰ ਦੇ ਨਾਂ ‘ਤੇ 50 ਲੱਖ ਰੁਪਏ ਰਿਸ਼ਵਤ ਮੰਗੀ ਗਈ ਪਰ ਡੀਲ 35 ਲੱਖ ਰੁਪਏ ਵਿਚ ਹੋਈ ਸੀ।

ਇਸ ਵਿਚੋਂ 20 ਲੱਖ ਰੁਪਏ ਲੈ ਲਏ ਗਏ ਹਨ ਅਤੇ ਹੁਣ 15 ਲੱਖ ਲੈਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਪਰ ਇਸ ਦੀ ਭਣਕ ਆਈਜੀ ਨੂੰ ਲੱਗ ਗਈ। ਉਨ੍ਹਾਂ ਨੇ ਤੁਰੰਤ ਜਾਂਚ ਰੋਕ ਕੇ ਮਾਮਲਾ ਵਿਜੀਲੈਂਸ ਦੇ ਧਿਆਨ ਵਿਚ ਲਿਆਂਦਾ।

ਇਸ ਦੇ ਬਾਅਦ ਚੰਡੀਗੜ੍ਹ ਤੇ ਫਿਰੋਜ਼ਪੁਰ ਤੋਂ ਵਿਜੀਲੈਂਸ ਅਧਿਕਾਰੀ ਫਰੀਦਕੋਟ ਪਹੁੰਚੇ। ਇਥੇ ਉਨ੍ਹਾਂ ਨੇ ਐੱਸਪੀ ਆਫਿਸ ਵਿਚ ਦੋ ਘੰਟੇ ਤੱਕ ਪੁੱਛਗਿਛ ਕੀਤੀ। ਇਸ ਦੇ ਬਾਅਦ ਰਾਤ ਨੂੰ 5 ਮੁਲਜ਼ਮਾਂ ਖਿਲਾਫ਼ ਕੋਟਕਪੂਰਾ ਸਦਰ ਥਾਣੇ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ।

ਫਰੀਦਕੋਟ ਦੇ ਪਿੰਡ ਕੋਟਸੁਖੀਆ ਵਿਚ ਸਥਿਤ ਹਰਕਾ ਦਾਸ ਡੇਰਾ ਦੇ ਪ੍ਰਧਾਨ ਅਹੁਦੇ ਲਈ ਕਈ ਸਾਲਾਂ ਤੋਂ ਸੰਘਰਸ਼ ਹੋ ਰਿਹਾ ਹੈ। ਇਸੇ ਸੰਘਰਸ਼ ਵਿਚ 1986 ਵਿਚ ਤਤਕਾਲੀਨ ਡੇਰਾ ਮੁਖੀ ਸੰਤ ਮੋਹਨ ਦਾਸ ਦੀ ਵੀ ਅਣਪਛਾਤੇ ਲੋਕਾਂ ਨੇ ਹੱਤਿਆ ਕਰ ਦਿੱਤੀ ਸੀ। 14 ਸਾਲ ਪਹਿਲਾਂ ਜਦੋਂ ਬਾਬਾ ਹਰਿ ਦਾਸ ਨੂੰ ਡੇਰਾ ਮੁਖੀ ਨਿਯੁਕਤ ਕੀਤਾ ਗਿਆ ਸੀ ਤਾਂ ਉਨ੍ਹਾਂ ਨੂੰ ਵੀ ਇਕ ਵਿਅਕਤੀ ਨਾਲ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਸੀ।

ਡੇਰੇ ਦੀਆ 2 ਸੂਬਿਆਂ ਵਿਚ 12 ਬ੍ਰਾਂਚਾਂ ਡੇਰਾ ਦੀ ਪੰਜਾਬ ਵਿਚ 12 ਤੇ ਉਤਰਾਖੰਡ ਵਿਚ ਹਰਿਦੁਆਰ ਵਿਚ 12 ਬ੍ਰਾਂਚਾਂ ਹਨ। ਇਸ ਲਈ ਕੋਟਸੁਖੀਆ ਵਿਚ ਡੇਰਾ ਦੇ ਪ੍ਰਧਾਨ ਅਹੁਦੇ ਲਈ ਕੁਝ ਬ੍ਰਾਂਚਾਂ ਦੇ ਮੁਖੀਆਂ ਵਿਚ ਝਗੜਾ ਹੈ ਕਿਉਂਕਿ ਡੇਰੇ ਕੋਲ ਕਾਫੀ ਖੇਤੀਯੋਗ ਜ਼ਮੀਨ ਹੈ। ਪ੍ਰਧਾਨ ਅਹੁਦੇ ਲਈ ਸੰਘਰਸ਼ ਤੋਂ ਇਲਾਵਾ ਡੇਰਾ ਨਿੱਜੀ ਵਿਅਕਤੀਆਂ ਨਾਲ ਵਿਵਾਦਾਂ ਵਿਚ ਵੀ ਸ਼ਾਮਲ ਹੈ ਜੋ ਇਸ ਦੀ ਕੁਝ ਜ਼ਮੀਨ ‘ਤੇ ਕਥਿਤ ਤੌਰ ‘ਤੇ ਕਬਜ਼ਾ ਕਰ ਰਹੇ ਹਨ।