Khetibadi Punjab

ਪੰਜਾਬ ‘ਚ ਨਰਮੇ ਦੀ ਬਿਜਾਈ ਹੇਠ ਰਕਬਾ ਘਟਿਆ : 10 ਸਾਲਾਂ ‘ਚ ਸਭ ਤੋਂ ਘੱਟ…

Cotton, Punjab news, Cotton Was Sown, agricultural news, ਨਰਮਾ, ਕਪਾਹ, ਪੰਜਾਬੀ ਖ਼ਬਰਾਂ, ਖੇਤੀਬਾੜੀ ਖ਼ਬਰਾਂ, ਪੰਜਾਬ ਨਿਊਜ਼, ਮਾਨਸਾ, ਮਾਲਵਾ

ਚੰਡੀਗੜ੍ਹ : ਖੇਤੀਬਾੜੀ ਵਿਭਾਗ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਇਸ ਵਾਰ ਪੰਜਾਬ ਵਿੱਚ ਨਰਮੇ ਹੇਠ ਰਕਬਾ ਨਹੀਂ ਵਧਿਆ। ਉਲਟਾ ਇਸ ਵਾਰ ਨਰਮੇ ਦੀ ਬਿਜਾਈ ਦਾ ਅੰਕੜਾ ਪਿਛਲੇ 10 ਸਾਲਾਂ ਵਿੱਚ ਸਭ ਤੋਂ ਘੱਟ ਹੋ ਗਿਆ। 31 ਮਈ ਤੱਕ ਸੂਬੇ ਵਿੱਚ ਸਿਰਫ਼ 1.75 ਲੱਖ ਹੈਕਟੇਅਰ ਰਕਬੇ ਵਿੱਚ ਹੀ ਨਰਮੇ ਦੀ ਬਿਜਾਈ ਹੋਈ ਹੈ। ਜਦਕਿ ਸਰਕਾਰ ਵੱਲੋਂ 3 ਲੱਖ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਦਾ ਟੀਚਾ ਸੀ।

ਇਸ ਵਾਰ ਖੇਤੀਬਾੜੀ ਵਿਭਾਗ ਵਾਰੇ ਨਰਮੇ ਦੀ ਬਿਜਾਈ ਵਧਾਉਣ ਦੇ ਮੰਤਵ ਲਈ ਬੀਜਾਂ ’ਤੇ 33 ਫੀਸਦੀ ਸਬਸਿਡੀ ਦਿੱਤੀ ਗਈ ਸੀ ਅਤੇ ਅਪਰੈਲ ਵਿੱਚ ਹੀ ਨਹਿਰੀ ਪਾਣੀ ਆਖਰੀ ਕੋਨੇ ਤੱਕ ਪਹੁੰਚਾ ਦਿੱਤਾ ਗਿਆ ਸੀ ਪਰ ਫੇਰ ਵੀ ਕਿਸਾਨਾਂ ਨੇ ਦਿਲਚਸਪੀ ਨਹੀਂ ਦਿਖਾਈ।

ਜ਼ਿਕਰਯੋਗ ਹੈ ਕਿ ਸਾਲ 2013-14 ਵਿੱਚ 4.45 ਲੱਖ ਹੈਕਟੇਅਰ ਰਿਕਾਰਡ ਨਰਮੇ ਦੀ ਕਾਸ਼ਤ ਹੋਈ ਸੀ। 2021-22 ਵਿੱਚ ਸਿਰਫ਼ 2.50 ਲੱਖ ਹੈਕਟੇਅਰ ਰਕਬਾ ਰਹਿ ਗਿਆ ਪਰ ਇਸ ਵਾਰ ਤਾਂ ਸਥਿਤੀ ਪਹਿਲਾਂ ਨਾਲੋਂ ਕਿਤੇ ਮਾੜੀ ਹੈ।

ਸਭ ਤੋਂ ਘੱਟ ਬਿਜਾਈ ਦੇ 3 ਮੁੱਖ ਕਾਰਨ

-ਪਹਿਲਾਂ 1 ਅਪ੍ਰੈਲ ਤੋਂ 31 ਮਈ ਨਰਮੇ ਦੀ ਬਿਜਾਈ ਦਾ ਸਮਾਂ ਸੀ ਪਰ ਇਸ ਦੌਰਾਨ ਮੀਂਹ ਨਹੀਂ ਪਿਆ। ਕਰੀਬ 25 ਹਜ਼ਾਰ ਏਕੜ ਵਿੱਚ 2 ਤੋਂ 3 ਵਾਰ ਨਰਮੇ ਦੀ ਬਿਜਾਈ ਕਰਨੀ ਪਈ।

-ਦੂਜਾ, ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਨਰਮੇ ਦੀ ਖੇਤੀ ਵੱਲ ਜੋੜਨ ਲਈ ਮਾਲਵੇ ਦੇ 12 ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਕੈਂਪਾਂ ਅਤੇ ਐਲਾਨਾਂ ਰਾਹੀਂ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦਾ ਬਹੁਤਾ ਅਸਰ ਨਹੀਂ ਹੋਇਆ।

-ਤੀਸਰਾ, ਕਿਸਾਨਾਂ ਨੇ ਗੁਲਾਬੀ ਸੁੰਢੀ ਦੇ ਡਰ ਕਾਰਨ ਇਸ ਨੂੰ ਤਰਜੀਹ ਨਹੀਂ ਦਿੱਤੀ।

ਬਿਜਾਈ ਵਧਾਉਣ ਲਈ ਸਰਕਾਰ ਨੇ ਕੀਤੇ ਸਨ ਇਹ ਉਪਰਾਲੇ

ਪਹਿਲੀ ਅਪਰੈਲ ਤੋਂ ਬਾਅਦ ਪੰਜਾਬ ਸਰਕਾਰ ਨੇ ਨਹਿਰਾਂ ਵਿੱਚ ਪਾਣੀ ਛੱਡਿਆ। 15 ਅਪ੍ਰੈਲ ਨੂੰ ਪਾਣੀ ਖੇਤਾਂ ਦੀ ਟੇਲਾਂ ਤੱਕ ਪਹੁੰਚ ਗਿਆ ਸੀ। ਇਹ ਦਾਅਵਾ ਕੀਤਾ ਗਿਆ ਸੀ ਕਿ ਨਰਮੇ ਦੀ ਅਗੇਤੀ ਫ਼ਸਲ ‘ਤੇ ਗੁਲਾਬੀ ਬੋਰ ਕੀੜੇ ਦਾ ਹਮਲਾ ਨਹੀਂ ਹੋਵੇਗਾ। ਪੰਜਾਬ ‘ਚ ਪਹਿਲੀ ਵਾਰ ਖੇਤੀਬਾੜੀ ਵਿਭਾਗ ਨੇ 33 ਫੀਸਦੀ ਸਬਸਿਡੀ ‘ਤੇ ਕਪਾਹ ਦੇ ਬੀਜ ਦੇ 10 ਲੱਖ ਪੈਕੇਟ ਮੁਹੱਈਆ ਕਰਵਾਏ ਹਨ ਤਾਂ ਜੋ ਬਾਹਰਲੇ ਸੂਬਿਆਂ ਤੋਂ ਬੀਜ ਮਾਫੀਆ ਪੰਜਾਬ ‘ਚ ਬਲੈਕ ‘ਚ ਨਾ ਵੇਚ ਸਕੇ। ਇਸ ਦਾ ਉਲਟਾ ਅਸਰ ਵੀ ਹੋਇਆ। ਕਈ ਕਿਸਾਨਾਂ ਨੇ ਆਪਣੇ ਨਾਂ ‘ਤੇ ਬੀਜ ਸਬਸਿਡੀ ਲੈ ਕੇ ਹਰਿਆਣਾ ਅਤੇ ਰਾਜਸਥਾਨ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਭੇਜ ਦਿੱਤਾ। ਇਸ ’ਤੇ ਵਿਭਾਗ ਨੇ ਬਾਰਡਰ ਸੀਲ ਕਰਕੇ ਚੌਕਸੀ ਵਧਾ ਦਿੱਤੀ ਹੈ।

ਖੇਤੀਬਾੜੀ ਵਿਭਾਗ ਦਾ ਕੀ ਕਹਿਣਾ

ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ: ਗੁਰਵਿੰਦਰ ਸਿੰਘ ਨੇ ਕਿਹਾ ਕਿ ਲਗਾਤਾਰ ਮੀਂਹ ਨਰਮੇ ਦੀ ਫ਼ਸਲ ਲਈ ਮੁਸੀਬਤ ਬਣ ਗਿਆ ਹੈ | ਇਸ ਵਾਰ ਵੀ ਅਪਰੈਲ ਵਿੱਚ ਹੀ ਖੇਤਾਂ ਦੇ ਆਖਰੀ ਕਿਨਾਰੇ ਤੱਕ ਨਹਿਰੀ ਪਾਣੀ ਦਿੱਤਾ ਗਿਆ। ਬੀਜਾਂ ‘ਤੇ 33 ਫੀਸਦੀ ਸਬਸਿਡੀ ਵੀ ਦਿੱਤੀ ਗਈ ਪਰ ਰਕਬਾ ਨਹੀਂ ਵਧ ਸਕਿਆ।