India

ਦਿੱਲੀ-ਐਨਸੀਆਰ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Earthquake shocks felt in Delhi-NCR

ਦਿੱਲੀ-ਐਨਸੀਆਰ, ਪੱਛਮੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.8 ਸੀ।ਭੂਚਾਲ ਦਾ ਕੇਂਦਰ ਨੇਪਾਲ ਦੇ ਜੁਮਲਾ ਤੋਂ 69 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ । ਬੁੱਧਵਾਰ ਦੁਪਹਿਰ ਨੂੰ ਦਿੱਲੀ-ਐਨਸੀਆਰ ਵਿੱਚ ਆਏ ਇਸ ਭੂਚਾਲ ਝਟਕੇ ਬਹੁਤ ਜ਼ਿਆਦਾ ਤੇਜ਼ ਨਹੀਂ ਸਨ ਬਲਕਿ ਹਲਕੇ ਸਨ। ਇਸ ਦੌਰਾਨ ਅਜੇ ਤੱਕ ਕਿਸੇ ਵੀ ਥਾਂ ਤੋਂ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਦੁਪਹਿਰ 1.30 ਵਜੇ ਉੱਤਰਾਖੰਡ ਦੇ ਪਿਥੌਰਾਗੜ੍ਹ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਥੇ ਭੂਚਾਲ ਦੀ ਤੀਬਰਤਾ 4.4 ਮਾਪੀ ਗਈ ਹੈ ।ਇਸ ਭੂਚਾਲ ਦਾ ਕੇਂਦਰ ਪਿਥੌਰਾਗੜ੍ਹ ਤੋਂ 143 ਕਿਲੋਮੀਟਰ ਦੂਰ ਜ਼ਮੀਨ ਤੋਂ 10 ਕਿਲੋਮੀਟਰ ਦੇ ਅੰਦਰ ਦੱਸਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਦਿੱਲੀ-ਐੱਨਸੀਆਰ ‘ਚ ਭੂਚਾਲ ਦੇ ਝਟਕੇ ਅਜਿਹੇ ਸਮੇਂ ‘ਚ ਆਏ ਜਦੋਂ ਇਸ ਮਹੀਨੇ ਤੁਰਕੀ ਅਤੇ ਸੀਰੀਆ ‘ਚ ਭੂਚਾਲ ਨੇ ਤਬਾਹੀ ਮਚਾਈ ਹੋਈ ਹੈ। ਤੁਰਕੀ ਅਤੇ ਸੀਰੀਆ ਵਿੱਚ 6 ਫਰਵਰੀ ਨੂੰ 7.8 ਤੀਬਰਤਾ ਦਾ ਭੂਚਾਲ ਆਇਆ ਜਿਸ ਨੇ ਭਿਆਨਕ ਤਬਾਹੀ ਮਚਾਈ ਸੀ। ਦੋਵਾਂ ਦੇਸ਼ਾਂ ਵਿੱਚ ਹੁਣ ਤੱਕ 46000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਇਕੱਲੇ ਤੁਰਕੀ ਵਿੱਚ ਭੂਚਾਲ ਨਾਲ 2 ਲੱਖ ਤੋਂ ਜ਼ਿਆਦਾ ਅਪਾਰਟਮੈਂਟ ਢਹਿ ਢੇਰੀ ਹੋ ਗਏ ਸਨ।ਇਸ ਭੂਚਾਲ ਦਾ ਕੇਂਦਰ ਤੁਰਕੀ-ਸੀਰੀਆ ਸਰਹੱਦ ‘ਤੇ ਸੀ। ਅਜਿਹੇ ‘ਚ ਸੀਰੀਆ ‘ਚ ਭੂਚਾਲ ਕਾਰਨ ਭਾਰੀ ਤਬਾਹੀ ਹੋਈ ਹੈ। ਹਜ਼ਾਰਾਂ ਲੋਕ ਅਜੇ ਵੀ ਲਾਪਤਾ ਹਨ।ਮਲਬੇ ਦੇ ਵਿੱਚੋਂ ਅਜੇ ਵੀ ਲੋਕਾਂ ਨੂੰ ਜ਼ਿੰਦਾ ਬਾਹਰ ਕੱਢਿਆ ਜਾ ਰਿਹਾ ਹੈ। ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ ।