India

ਆਖਰਕਾਰ ਮਿਲ ਹੀ ਗਿਆ ਦੇਸ਼ ਦੀ ਰਾਜਧਾਨੀ ਨੂੰ ਨਵਾਂ ਮੇਅਰ,150 ਵੋਟਾਂ ਨਾਲ ਜਿੱਤ ਹਾਸਲ ਕਰ ਇਸ ਮਹਿਲਾ ਉਮੀਦਵਾਰ ਨੇ ਜਿੱਤ ਦੇ ਗੱਡੇ ਝੰਡੇ

ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੇਅਰ ਦੀ ਚੋਣ ਸੰਬੰਧੀ ਚੱਲ ਰਿਹਾ ਵਿਵਾਦ ਖ਼ਤਮ ਹੋ ਗਿਆ ਹੈ ਤੇ ਨਵੇਂ ਮੇਅਰ ਦੀ ਚੋਣ ਅੱਜ ਹੋ ਗਈ ਹੈ। ਆਮ ਆਦਮੀ ਪਾਰਟੀ ਦੀ ਸ਼ੈਲੀ ਉਬਰਾਏ ਦੀ ਦਿੱਲੀ ਦੀ ਨਵੀਂ ਮੇਅਰ ਬਣੀ ਹੈ। ਮੇਅਰ ਦੇ ਅਹੁਦੇ ਲਈ ਹੋਈ ਚੋਣ ਵਿੱਚ ਸ਼ੈਲੀ ਓਬਰਾਏ ਨੂੰ 150 ਅਤੇ ਭਾਜਪਾ ਉਮੀਦਵਾਰ ਰੇਖਾ ਗੁਪਤਾ ਨੂੰ 116 ਵੋਟਾਂ ਮਿਲੀਆਂ। ਇਸ ਤੋਂ ਪਹਿਲਾਂ ਦਿੱਲੀ ਦੇ ਮੇਅਰ ਦੀ ਚੋਣ ਲਈ ਤਿੰਨ ਵਾਰ ਯਤਨ ਕੀਤੇ ਗਏ ਪਰ ਤਿੰਨੋ ਵਾਰ ਕੋਸ਼ਿਸ਼ਾਂ ਅਸਫਲ ਕੋਸ਼ਿਸ਼ਾਂ ਅਸਫਲ ਰਹੀਆਂ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਅੱਜ 22 ਫਰਵਰੀ ਨੂੰ ਦਿੱਲੀ ਮੇਅਰ ਦੀ ਚੋਣ ਲਈ ਵੋਟਿੰਗ ਹੋਈ।ਜਿਸ ਮਗਰੋਂ ਸ਼ੈਲੀ ਓਬਰਾਏ ਨੇ ਜਿੱਤ ਹਾਸਲ ਕੀਤੀ। ਹਾਲਾਂਕਿ ਕਾਂਗਰਸ ਦੇ ਸਾਰੇ ਕੌਂਸਲਰਾਂ ਨੇ ਵੋਟਿੰਗ ਦਾ ਬਾਈਕਾਟ ਕੀਤਾ ।

ਆਪ ਨੇਤਾ ਤੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕੇ ਇਹ ਖੁਸ਼ਖਬਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ।ਆਪਣੇ ਟਵੀਟ ਵਿੱਚ ਉਹਨਾਂ ਲਿੱਖਿਆ ਹੈ ਕਿ ਗੁੰਡੇ ਹਾਰ ਗਏ ਹਨ ਤੇ ਜਨਤਾ ਜਿੱਤ ਗਈ। ਆਪਣੇ ਟਵੀਟ ਵਿੱਚ ਸਿਸੋਦੀਆ ਨੇ ਇਹ ਵੀ ਲਿੱਖਿਆ ਹੈ ਕਿ ਦਿੱਲੀ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੇ ਮੇਅਰ ਬਣਨ ਤੇ ਸਾਰੇ ਵਰਕਰਾਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਇੱਕ ਵਾਰ ਫਿਰ ਦਿੱਲੀ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ।

 

ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ  ਇਸ ਜਿੱਤ ਦੀ ਖੁਸ਼ੀ ਇੱਕ ਟਵੀਟ ਰਾਹੀਂ ਸਾਰਿਆਂ ਨਾਲ ਸਾਂਝੀ ਕੀਤੀ ਹੈ।

ਜ਼ਿਕਰਯੋਗ ਹੈ ਕਿ ‘ਆਪ’ ਨੇ 4 ਦਸੰਬਰ ਨੂੰ ਹੋਈਆਂ ਐਮਸੀਡੀ ਚੋਣਾਂ ‘ਚ 134 ਵਾਰਡਾਂ ‘ਤੇ ਜਿੱਤ ਹਾਸਲ ਕਰ ਕੇ ਨਗਰ ਨਿਗਮ ‘ਚ ਭਾਜਪਾ ਦੇ 15 ਸਾਲ ਪੁਰਾਣੇ ਸ਼ਾਸਨ ਨੂੰ ਖਤਮ ਕੀਤਾ ਸੀ। ਭਾਜਪਾ 104 ਵਾਰਡਾਂ ਵਿੱਚ ਜਿੱਤ ਨਾਲ ਦੂਜੇ ਸਥਾਨ ’ਤੇ ਰਹੀ। 250 ਮੈਂਬਰੀ ਨਿਗਮ ਹਾਊਸ ਵਿੱਚ ਕਾਂਗਰਸ ਨੇ ਨੌਂ ਸੀਟਾਂ ਜਿੱਤੀਆਂ ਸਨ।

ਪਰ ਹਾਲਾਤ ਉਦੋਂ ਖਰਾਬ ਹੋ ਗਏ ਜਦੋਂ ਦਿੱਲੀ ਵਿੱਚ ਨਵੇਂ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੀ ਚੋਣ ਸਮੇਂ ਹੰਗਾਮਾਂ ਸ਼ੁਰੂ ਹੋ ਗਿਆ ਤੇ ਆਪ ਤੇ ਬੀਜੇਪੀ ਦੇ ਕੌਂਸਲਰਾਂ ਵਿੱਚ ਤਲਖੀ ਵੱਧ ਗਈ।ਇਸ ਤੋਂ ਬਾਅਦ ਦੋ ਵਾਰ ਹੋਰ ਇਹੋ ਹਾਲਾਤ ਰਹੇ । ਜਿਸ ਮਗਰੋਂ ਮੇਅਰ ਦੀ ਚੋਣ ਲਈ ਆਪ ਉਮੀਦਵਾਰ ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ ਵਿੱਚ ਇਸ ਸੰਬੰਧੀ ਪਟੀਸ਼ਨ ਪਾਈ।

ਜਿਸ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ 17 ਫਰਵਰੀ ਨੂੰ ਦਿੱਲੀ ਨਗਰ ਨਿਗਮ (ਐੱਮਸੀਡੀ) ਨੂੰ ਮੇਅਰ, ਡਿਪਟੀ ਮੇਅਰ ਅਤੇ ਨਗਰ ਨਿਗਮ ਦੀ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਦੀ ਤਰੀਕ ਤੈਅ ਕਰਨ ਲਈ ਪਹਿਲੀ ਮੀਟਿੰਗ ਬੁਲਾਉਣ ਲਈ 24 ਘੰਟਿਆਂ ਦੇ ਅੰਦਰ ਨੋਟਿਸ ਜਾਰੀ ਕਰਨ ਦਾ ਹੁਕਮ ਦਿੱਤਾ ਸੀ। ਆਪਣੇ ਹੁਕਮ ਵਿੱਚ ਸੁਪਰੀਮ ਕੋਰਟ ਨੇ ਇਹ ਵੀ ਸਪਸ਼ਟ ਕੀਤਾ ਸੀ ਕਿ ਐਮਸੀਡੀ ਲਈ ਲੈਫਟੀਨੈਂਟ ਗਵਰਨਰ ਦੁਆਰਾ ਨਾਮਜ਼ਦ ਕੀਤੇ ਗਏ ਮੈਂਬਰ ਮੇਅਰ ਦੀ ਚੋਣ ਲਈ ਵੋਟ ਨਹੀਂ ਕਰ ਸਕਦੇ।
ਅਦਾਲਤ ਦੇ ਹੁਕਮਾਂ ਤੋਂ ਬਾਅਦ 22 ਫਰਵਰੀ ਯਾਨੀ ਕਿ ਅੱਜ ਮੇਅਰ ਦੀ ਚੋਣ ਹੋਈ ਹੈ ਤੇ ਆਪ ਉਮੀਦਵਾਰ ਸ਼ੈਲੀ ਓਬਰਾਏ ਨੇ ਭਾਜਪਾ ਉਮੀਦਵਾਰ ਰੇਖਾ ਗੁਪਤਾ ਦੇ ਮੁਕਾਬਲੇ 150 ਵੋਟਾਂ ਲੈ ਕੇ ਇਹ ਚੋਣ ਜਿੱਤ ਲਈ ਹੈ।