India

ਰਾਘਵ ਚੱਢਾ ਨੇ ਦੱਸਿਆ ਚਾਰਜਸ਼ੀਟ ‘ਚ ਨਾਂ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਤੱਥਹੀਣ ਤੇ ਬੇਬੁਨਿਆਦ,ਭਾਜਪਾ ਨੂੰ ਦਿੱਤੀ ਚੁਣੌਤੀ

ਦਿੱਲੀ : ਆਪ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਨੇ ਆਪਣੇ ‘ਤੇ ਲੱਗੇ ਇਲਜ਼ਾਮਾਂ ਤੇ ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਈਡੀ ਵੱਲੋਂ ਦਾਇਰ ਚਾਰਜਸ਼ੀਟ ‘ਚ ਨਾਂ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਤੱਥਹੀਣ ਤੇ ਬੇਬੁਨਿਆਦ ਦੱਸਿਆ ਹੈ ਤੇ ਕਿਹਾ ਹੈ ਕਿ ਇਹ ਸਭ ਉਹਨਾਂ ਦਾ ਅਕਸ ਵਿਗਾੜਨ ਲਈ ਕੀਤਾ ਜਾ ਰਿਹਾ ਹੈ ਤੇ ਰਾਜਨੀਤੀ ਤੋਂ ਪ੍ਰੇਰਤ ਹੈ।

ਉਹਨਾਂ ਦਾਅਵਾ ਕੀਤਾ ਹੈ ਕਿ ਮੁਲਜ਼ਮ ਜਾਂ ਸ਼ੱਕੀ ਦੇ ਤੌਰ ‘ਤੇ ਤਾਂ ਕੀ ਹੋਣਾ ਹੈ,ਇਕ ਗਵਾਹ ਦੇ ਤੌਰ ‘ਤੇ ਵੀ ਉਹਨਾਂ ਦਾ ਨਾਂ ਕਿਸੇ ਵੀ ਕਾਰਵਾਈ ‘ਚ ਸ਼ਾਮਿਲ ਨਹੀਂ ਹੈ।ਉਹਨਾਂ ਵੱਖੋ ਵੱਖ ਮੀਡੀਆ ਅਦਾਰਿਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਨਾਲ ਸੰਬੰਧਿਤ ਕਿਸੇ ਵੀ ਖ਼ਬਰ ਨੂੰ ਗਲਤ ਤਰੀਕੇ ਨਾਲ ਨਾ ਚਲਾਇਆ ਜਾਵੇ ਨਹੀਂ ਤਾਂ ਉਹਨਾਂ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਰਾਘਵ ਚੱਢਾ ਨੇ ਭਾਜਪਾ ‘ਤੇ ਸਿੱਧਾ ਇਲਜ਼ਾਮ ਲਗਾਇਆ ਹੈ ਕਿ ਆਪ ਦੀ ਵੱਧਦੀ ਹੋਈ ਲੋਕਪ੍ਰਿਅਤਾ ਤੇ ਦਿਨੋਂ ਦਿਨ ਜਿੱਤ ਵੱਲ ਵੱਧ ਰਹੇ ਕਦਮਾਂ ਕਾਰਨ ਉਹ ਇਸ ਤਰਾਂ ਦੀਆਂ ਹਰਕਤਾਂ ‘ਤੇ ਉੱਤਰ ਆਈ ਹੈ । ਏਜੰਸੀਆਂ ਵੱਲੋਂ ਲਗਾਤਾਰ ਕਾਰਵਾਈ ਜਾਰੀ ਹੈ ਤੇ ਆਪ ਨੇਤਾਵਾਂ ਨੂੰ ਅੰਦਰ ਕੀਤਾ ਜਾ ਰਿਹਾ ਹੈ ਪਰ ਅੱਜ ਤੱਕ ਕਿਸੇ ਕੋਲੋਂ ਇੱਕ ਰੁਪਇਆ ਵੀ ਨਾਜਾਇਜ਼ ਬਰਾਮਦ ਨਹੀਂ ਹੋਇਆ ਹੈ।

ਉਹਨਾਂ ਭਾਰਤੀ ਜਨਤਾ ਪਾਰਟੀ ਨੂੰ ਸਿੱਧੀ ਚੁਣੌਤੀ ਦਿੱਤੀ ਹੈ ਕਿ 1000 ਕਰੋੜ ਦੇ ਘੁਟਾਲੇ ਦੀ ਗੱਲ ਉਹ ਕਰਦੀ ਹੈ ਪਰ  ਇੱਕ ਰੁਪਏ ਦਾ ਵੀ ਘਪਲਾ ਸਾਬਿਤ ਕਰ ਕੇ ਦਿਖਾਵੇ।