Punjab

ਮੋਰਿੰਡਾ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਬਣਿਆ ਪੁਲਿਸ ਲਈ ਡਬਲ ਸਿਰਦਰਦ !

ਬਿਊਰੋ ਰਿਪੋਰਟ : ਮੋਰਿੰਡਾ ਦੇ ਇਤਿਹਾਸਰ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਬੇਅਦਬੀ ਦੇ ਮੁੱਖ ਮੁਲਜ਼ਮ ਜਸਵੀਰ ਜੱਸੀ ਦੀ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਛਾਤੀ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਤਕਲੀਫ ਦੀ ਵਜ੍ਹਾ ਕਰਕੇ ਸੋਮਵਾਰ ਰਾਤ ਨੂੰ ਮੌਤ ਹੋ ਗਈ ਸੀ । ਪੋਸਟਮਾਰਟਮ ਦੇ ਲਈ ਜਦੋਂ ਉਸ ਨੂੰ ਪਟਿਆਲਾ ਲਿਆਇਆ ਜਾਣਾ ਸੀ ਤਾਂ ਮਾਨਸਾ ਸ਼ਹਿਰ ਦੇ ਸਾਰੇ ਐਬੂਲੈਂਸ ਡਰਾਈਵਰਾਂ ਨੇ ਉਸ ਦੀ ਲਾਸ਼ ਨੂੰ ਲਿਜਾਉਣ ਤੋਂ ਸਾਫ ਇਨਕਾਰ ਕਰ ਦਿੱਤਾ । ਸਾਰਿਆਂ ਨੇ ਮਿਲਕੇ ਬੇਅਦਬੀ ਦੇ ਮੁਲਜ਼ਮ ਜਸਵੀਰ ਜੱਸੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਹ ਬੇਅਦਬੀ ਵਰਗੇ ਘਿਨੌਣੇ ਅਪਰਾਧ ਦੇ ਗੁਨਾਹਗਾਰ ਦੀ ਲਾਸ਼ ਨੂੰ ਹੱਥ ਨਹੀਂ ਲਗਾਉਣਗੇ । ਜਿਸ ਤੋਂ ਬਾਅਦ ਮਾਨਸਾ ਪੁਲਿਸ ਲਈ ਮੁਸੀਬਤ ਪੈਦਾ ਹੋ ਗਈ । ਪੁਲਿਸ ਨੇ ਕਈ ਘੰਟੇ ਇੰਤਜ਼ਾਰ ਕੀਤਾ ਅਤੇ ਬਹੁਤ ਕੋਸ਼ਿਸ਼ ਕੀਤੀ ਕਿ ਕੋਈ ਐਂਬੂਲੈਂਸ ਦਾ ਡਰਾਈਵਰ ਅਤੇ ਮਾਲਿਕ ਲਾਸ਼ ਨੂੰ ਲਿਜਾਉਣ ਲਈ ਮੰਨ ਜਾਵੇ ਪਰ ਜਦੋਂ ਕੋਈ ਫਾਇਦਾ ਨਹੀਂ ਹੋਇਆ। ਤਾਂ ਪੁਲਿਸ ਆਪਣੀ ਗੱਡੀ ਵਿੱਚ ਜਸਵੀਰ ਜੱਸੀ ਦੀ ਲਾਸ਼ ਨੂੰ ਪਟਿਆਲਾ ਲੈਕੇ ਆਈ ਹੈ । ਇਸ ਤੋਂ ਪਹਿਲਾਂ ਰੋਪੜ ਬਾਰ ਐਸੋਸੀਏਸ਼ਨ ਨੇ ਵੀ ਮੁਲਜ਼ਮ ਜਸਵੀਰ ਜੱਸੀ ਦਾ ਕੇਸ ਲੜਨ ਤੋਂ ਇਨਕਾਰ ਕੀਤਾ ਸੀ । ਉਧਰ ਪਰਿਵਾਰ ਵੀ ਮਾਨਸਾ ਦੇ ਸਿਵਿਲ ਹਸਪਤਾਲ ਜਸਵੀਰ ਜੱਸੀ ਦੀ ਪਛਾਣ ਕਰਨ ਦੇ ਲਈ ਨਹੀਂ ਪਹੁੰਚਿਆ ਹੈ ।

ਸਸਕਾਰ ‘ਤੇ SSP ਨਾਨਕ ਸਿੰਘ ਦਾ ਬਿਆਨ

ਬੇਅਦਬੀ ਦੇ ਮੁੱਖ ਮੁਲਜ਼ਮ ਜਸਵੀਰ ਜੱਸੀ ਦੀ ਮੌਤ ਤੋਂ ਬਾਅਦ ਹੀ ਪਰਿਵਾਰ ਨੂੰ ਇਤਹਾਲ ਦਿੱਤੀ ਗਈ ਸੀ । ਪਰ ਇਸ ਦੇ ਬਾਵਜੂਦ ਪਰਿਵਾਰ ਡਰ ਦੇ ਮਾਰੇ ਮਾਨਸਾ ਨਹੀਂ ਪਹੁੰਚਿਆ । ਮਾਨਸਾ ਦੇ ਐੱਸਐੱਸਪੀ ਨਾਨਕ ਸਿੰਘ ਨੇ ਦੱਸਿਆ ਹੈ ਕਿ ਹੋ ਸਕਦਾ ਹੈ ਕਿ ਪਰਿਵਾਰ ਸਿੱਧਾ ਪਟਿਆਲਾ ਪਹੁੰਚੇ ਜਿੱਥੇ ਪੋਸਟਮਾਰਟਮ ਹੋਣਾ ਹੈ । ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ ਲਾਸ਼ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਦੀ ਪਛਾਣ ਕਰਵਾ ਕੇ ਜਸਵੀਰ ਜੱਸੀ ਦਾ ਸਸਕਾਰ ਕਰ ਦਿੱਤਾ ਜਾਵੇਗਾ । ਇਸ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਸ ਦਾ ਸਸਕਾਰ ਮੋਰਿੰਡਾ ਵਿੱਚ ਨਾ ਕੀਤਾ ਜਾਵੇਂ ।

ਅੱਠੇ ਪਹਿਰ ਟਹਿਲ ਜਥੇਬੰਦੀ ਦੀ ਅਪੀਲ

ਅੱਠੇ ਪਹਿਰ ਟਹਿਲ ਸੇਵਾ ਜਥੇਬੰਦੀ ਨੇ ਬੇਅਦਬੀ ਦੇ ਮੁੱਖ ਮੁਲਜ਼ਮ ਜਸਵੀਰ ਜੱਸੀ ਦਾ ਸਸਕਾਰ ਮੋਰਿੰਡਾ ਵਿੱਚ ਨਾ ਕਰਨ ਦੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ । ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ‘ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਮਿਲ ਗਈ ਹੈ ਪਰ ਮੁਰਿੰਡੇ ਦੀ ਧਰਤੀ ‘ਤੇ ਬੇਅਦਬੀ ਦੇ ਮੁੱਖ ਮੁਲਜ਼ਮ ਜਸਵੀਰ ਜੱਸੀ ਦਾ ਸਸਕਾਰ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਉਂਝ ਤਾਂ ਪੰਜਾਬ ਦੀ ਧਰਤੀ ‘ਤੇ ਉਸ ਦੇ ਸਸਕਾਰ ਦੀ ਰਸਮ ਦੀ ਅਦਾਇਗੀ ਨਹੀਂ ਹੋਣ ਚਾਹੀਦੀ ਪਰ ਘੱਟੋ-ਘੱਟ ਮੁਰਿੰਡੇ ਵਿੱਚ ਤਾਂ ਇਹ ਬਿਲਕੁੱਲ ਨਹੀਂ ਹੋਣਾ ਚਾਹੀਦਾ।

ਇਸ ਤੋਂ ਇਲਾਵਾ ਟਹਿਲ ਸੇਵਾ ਜਥੇਬੰਦੀ ਦੇ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਬੇਅਦਬੀ ਦੇ ਦੋਸ਼ੀ ਜਸਵੀਰ ਦਾ ਅੰਤਿਮ ਸਸਕਾਰ ਸਿੱਖ ਰਸਮਾਂ ਦੇ ਨਾਲ ਨਾ ਕੀਤਾ ਜਾਵੇਂ। ਉੁਨ੍ਹਾਂ ਨੇ ਗ੍ਰੰਥੀ ਸਿੰਘਾਂ, ਪਾਠੀ ਸਿੰਘਾਂ ਅਤੇ ਕੀਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਸਵੀਰ ਸਿੰਘ ਦੀ ਕਿਸੇ ਵੀ ਅੰਤਿਮ ਵਿਦਾਈ ਦੀ ਰਸਮ ਵਿੱਚ ਸ਼ਾਮਲ ਨਾ ਹੋਣ। ਟਹਿਲ ਸੇਵਾ ਜਥੇਬੰਦੀ ਨੇ ਕਿਹਾ ਕਿ ਜੇਕਰ ਇਸ ਦੇ ਬਾਵਜੂਦ ਕਿਸੇ ਗੁਰਦੁਆਰੇ ਵਿੱਚ ਜਸਵੀਰ ਸਿੰਘ ਦੀ ਅੰਤਿਮ ਰਸਮ ਹੁੰਦੀ ਹੈ ਤਾਂ ਇਹ ਕਿਸੇ ਬੇਅਦਬੀ ਤੋਂ ਘੱਟ ਨਹੀਂ ਹੋਵੇਗੀ। ਉਨ੍ਹਾਂ ਕਿਹਾ ਇਸ ਵਿੱਚ ਸ਼ਾਮਲ ਹਰ ਇੱਕ ਸ਼ਖਸ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਮੁਰਿੰਡੇ ਵਿੱਚ ਹੋਈ ਬੇਅਦਬੀ ਦੀ ਘਟਨਾ ਨੇ ਹਰ ਇੱਕ ਸਿੱਖ ਦਾ ਹਿਰਦਾ ਵਲੂੰਧਰਿਆ ਹੈ। ਇਸ ਦੇ ਲਈ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਪਛਚਾਤਾਪ ਦੇ ਪਾਠ ਕਰਵਾਏ ਗਏ ਸਨ, ਜੇਕਰ ਇਸ ਦੇ ਬਾਵਜੂਦ ਜਸਵੀਰ ਦਾ ਸਿੱਖ ਮਰਿਆਦਾ ਦੇ ਨਾਲ ਸਸਕਾਰ ਕੀਤਾ ਜਾਵੇਗਾ ਤਾਂ ਇਸ ਦਾ ਕੀ ਫਾਇਦਾ ਹੋਵੇਗਾ ?