India

ਜ਼ਿੰਦਗੀ ‘ਚ ਇਸ ਸਖਸ਼ ਨੇ ਕਦੀ ਨਹੀਂ ਸੋਚਿਆ ਹੋਣਾ-‘ਮੇਰੀ ਲਾਸ਼ ਦੀ ਇੰਨੀ ਦੁਰਗਤੀ ਹੋਵੇਗੀ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਵਾਇਰਸ ਨੇ ਸਿਹਤ ਸਹੂਲਤਾਂ ਦਾ ਜੋ ਹਾਲ ਕੀਤਾ ਹੈ, ਉਸ ‘ਤੇ ਹੁਣ ਕੋਈ ਪਰਦਾ ਨਹੀਂ ਰਿਹਾ ਹੈ। ਹਸਪਤਾਲਾਂ ਵਿੱਚ ਮਰੀਜ਼ ਭੇਡਾਂ ਬੱਕਰੀਆਂ ਵਾਂਗ ਭਰੇ ਹੋਏ ਹਨ। ਤਿਲ ਸੁੱਟਣ ਨੂੰ ਥਾਂ ਨਹੀਂ ਹੈ। ਆਕਸੀਜਨ ਦੀ ਲੋੜ, ਦਵਾਈਆਂ ਦੀ ਘਾਟ ਤੇ ਹਸਪਤਾਲ ਦਾ ਹੋਰ ਸਿਹਤ ਸਹੂਲਤਾਂ ਵਾਲਾ ਸਾਮਾਨ ਵੱਡੇ ਪੱਧਰ ‘ਤੇ ਘਾਟਾਂ ਮਹਿਸੂਸ ਕਰ ਰਿਹਾ ਹੈ। ਜਿਉਂਦੇ-ਜੀਅ ਇਲਾਜ ਨੂੰ ਤਰਸਦੇ ਲੋਕ ਤੇ ਬਾਅਦ ਵਿੱਚ ਕੂੜੇ ਵਾਂਗ ਸੜਦੀਆਂ ਲਾਸ਼ਾਂ ਦੇ ਇਹ ਦਿਨ ਸ਼ਾਇਦ ਹੀ ਇਨਸਾਨੀਅਤ ਭੁੱਲ ਸਕੇਗੀ।


ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਸੋਲਨ ਜਿਲ੍ਹੇ ਦੇ ਬੱਦੀ-ਬਰੋਟੀਵਾਲਾ ਅਤੇ ਨਾਲਾਗੜ ਤੋਂ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਕੋਰੋਨਾ ਮਰੀਜ਼ ਦੀ ਲਾਸ਼ ਨੂੰ ਸ਼ਮਸ਼ਾਨਘਾਟ ਲਿਜਾਣ ਲਈ ਜਦ ਕੋਈ ਐਂਬੂਲੈਂਸ ਜਾਂ ਹੋਰ ਵਾਹਨ ਨਸੀਬ ਨਹੀਂ ਹੋਇਆ ਤਾਂ ਮ੍ਰਿਤਕ ਦੇਹ ਨੂੰ ਇੱਕ ਕੂੜੇ ਲਈ ਵਰਤੀ ਜਾਂਦੀ ਟਰਾਲੀ ਵਿੱਚ ਪਾ ਅੰਤਮ ਸੰਸਕਾਰ ਲਈ ਬੱਦੀ ਸ਼ਮਸ਼ਾਨਘਾਟ ਵੱਲ ਤੋਰ ਦਿੱਤਾ ਗਿਆ।

ਹਾਲਾਂਕਿ ਇਸ ਸਾਰੀ ਘਟਨਾ ਲਈ ਐਸਡੀਐਮ ਨਾਲਾਗੜ ਨੇ ਬੀਐਮਓ ਅਤੇ ਨਗਰ ਕੌਂਸਲ (ਬੱਦੀ) ਦੇ ਕਾਰਜਕਾਰੀ ਅਧਿਕਾਰੀ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਘਡਨਾ ‘ਤੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਬੀਬੀਐਨ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਝਾੜਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਅਰਕੀ ਦੇ ਰਹਿਣ ਵਾਲੇ 54 ਸਾਲਾ ਇਸ ਵਿਅਕਤੀ ਦੀ ਕਾਠਾ ਹਸਪਤਾਲ ਵਿੱਚ ਕੋਰੋਨਾ ਨਾਲ ਜਾਨ ਗਈ ਹੈ। ਹਾਲਾਂਕਿ, ਮ੍ਰਿਤਕ ਨੂੰ ਕਿਸੇ ਹੋਰ ਵਾਹਨ ‘ਤੇ ਨਹੀਂ ਭੇਜਿਆ ਅਤੇ ਇਸ ਨੂੰ ਕੂੜੇ ਲਈ ਵਰਤੀ ਜਾਂਦੀ ਟਰਾਲੀ ‘ਚ ਪਾ ਦਿੱਤਾ ਅਤੇ ਸ਼ੀਤਲਪੁਰ ਦੇ ਸ਼ਮਸ਼ਾਨਘਾਟ ਵਿਚ ਲਿਆਂਦਾ।

ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਗੁੱਸਾ ਜਾਹਿਰ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਲਾਪ੍ਰਵਾਹੀਆਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉੱਧਰ, ਬੱਦੀ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਰਣਵੀਰ ਸਿੰਘ ਨੇ ਕਿਹਾ ਹੈ ਕਿ ਮ੍ਰਿਤਕ ਦੇਹ ਦੇ ਸਸਕਾਰ ਦੀ ਜ਼ਿੰਮੇਵਾਰੀ ਸਿਟੀ ਕੌਂਸਲ ਦੀ ਸੀ, ਜਿਸ ਲਈ ਪ੍ਰਬੰਧ ਕੀਤੇ ਗਏ ਸਨ। ਹਾਲਾਂਕਿ ਇਹ ਨਹੀਂ ਪਤਾ ਕਿ ਇਸ ਤਰ੍ਹਾਂ ਮ੍ਰਿਤਕ ਦੀ ਦੇਹ ਨੂੰ ਟਰਾਲੀ ਵਿਚ ਕਿਉਂ ਲਿਆਂਦਾ ਗਿਆ ਸੀ। ਇਸ ਦੇ ਨਾਲ ਹੀ ਨਾਲਾਗੜ੍ਹ ਦੇ ਐਸਡੀਐਮ ਮਹਿੰਦਰ ਪਾਲ ਗੁਰਜਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।