India

ਕਾਂਗਰਸੀ ਲੀਡਰ ਥਰੂਰ ਨੂੰ ਯਾਦ ਆਏ ਆਪਣੇ ਦੋ ਸਾਲ ਪੁਰਾਣੇ ਹਿੰਦੂ ਧਰਮ ਬਾਰੇ ਟਵੀਟ

‘ਦ ਖ਼ਾਲਸ ਬਿਊਰੋ : ਕਾਂਗਰਸ ਲੀਡਰ ਸ਼ਸ਼ੀ ਥਰੂਰ ਨੇ ਹਿੰਦੂ ਧਰਮ ਅਤੇ ਹਿੰਦੂਤਵ ਦੀ ਤੁਲਨਾ ‘ਤੇ ਆਪਣੇ ਲਗਭਗ ਦੋ ਸਾਲ ਪੁਰਾਣੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ ਹੈ ਕਿ ਇਹ “ਅਜੇ ਵੀ ਪ੍ਰਸੰਗਿਕ” ਹੈ। ਉਨ੍ਹਾਂ ਨੇ ਇਸ ਟਵੀਟ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਪਾਰਟੀ ਨੂੰ ਵੀ ਟੈਗ ਕੀਤਾ ਹੈ।

ਸ਼ਸ਼ੀ ਥਰੂਰ ਦੀ ਪੋਸਟ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ‘ਹਿੰਦੂ ਧਰਮ ਵੱਖ-ਵੱਖ ਭਾਰਤੀ ਸੰਸਕ੍ਰਿਤੀਆਂ, ਪਰੰਪਰਾਵਾਂ ਅਤੇ ਵਿਭਿੰਨਤਾ ਦਾ ਸੁਮੇਲ ਹੈ ਜਦੋਂ ਕਿ ਹਿੰਦੂਤਵ ਸਾਵਰਕਰ ਦੁਆਰਾ ਪ੍ਰਮੋਟ ਕੀਤਾ ਗਿਆ ਇੱਕ ਸਮਰੂਪ-ਨਸਲੀ-ਖੇਤਰੀ ਸ਼੍ਰੇਣੀ ਹੈ।’ ਹਿੰਦੂ ਧਰਮ ਅਤੇ ਹਿੰਦੂਤਵ ਦੀ ਤੁਲਨਾ ਕਰਨ ਵਾਲੇ ਇਸ ਟਵੀਟ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ‘ਹਿੰਦੂ ਧਰਮ ਹਜ਼ਾਰਾਂ ਸਾਲ ਪੁਰਾਣਾ ਹੈ, ਜਦਕਿ ਹਿੰਦੂਤਵ ਨੂੰ ਪਹਿਲੀ ਵਾਰ 1923 ਵਿੱਚ ਸਾਵਰਕਰ ਦੁਆਰਾ ਇੱਕ ਸਿਆਸੀ ਵਿਚਾਰ ਵਜੋਂ ਪੇਸ਼ ਕੀਤਾ ਗਿਆ ਸੀ।

ਥਰੂਰ ਨੇ ਦੱਸਿਆ ਕਿ ‘ਹਿੰਦੂ ਧਰਮ ਵਿੱਚ ਵੇਦਾਂ, ਪੁਰਾਣਾਂ ਵਰਗੇ ਗ੍ਰੰਥ ਸ਼ਾਮਲ ਹਨ, ਜਦਕਿ ਹਿੰਦੂਤਵ ਦਾ ਸਿਰਫ਼ ਇੱਕ ਕੇਂਦਰੀ ਸਿਆਸੀ ਪੈਂਫਲੈਟ ਹੈ – ‘ਹਿੰਦੂਤਵ : ਹਿੰਦੂ ਕੌਣ ਹੈ?’ ਜੋ 1928 ਵਿੱਚ ਪ੍ਰਕਾਸ਼ਿਤ ਹੋਇਆ ਸੀ।