Punjab

ਸਿੱਧੂ ਮੂਸੇ ਵਾਲੇ ਦੇ ਘਰ ਜਾਣਗੇ ਸਿੱਧੂ,ਰਿਹਾਈ ਵੇਲੇ ਇੰਤਜ਼ਾਰ ਕਰਨ ਵਾਲੇ ਲੋਕਾਂ ਦਾ ਵੀ ਕੀਤਾ ਧੰਨਵਾਦ

ਪਟਿਆਲਾ : ਰੋਡ ਰੇਜ ਮਾਮਲੇ ਵਿੱਚ ਸਜ਼ਾ ਭੁਗਤ ਕੇ ਰਿਹਾਅ ਹੋਏ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਕੱਲ ਪਿੰਡ ਮੂਸਾ,ਮਾਨਸਾ ਵਿੱਖੇ ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਦੇ ਘਰ ਜਾਣਗੇ।

ਆਪਣੇ ਟਵਿਟਰ ਖਾਤੇ ਤੋਂ ਸਾਂਝੀ ਕੀਤੀ ਗਈ ਪੋਸਟ ਵਿੱਚ ਉਹਨਾਂ ਇਹ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ। ਆਪਣੇ ਟਵੀਟ ਵਿੱਚ ਉਹਨਾਂ ਲਿੱਖਿਆ ਹੈ ਕਿ ਉਹ ਕੱਲ੍ਹ ਦੁਪਹਿਰ 2 ਵਜੇ ਪਿੰਡ ਮੂਸਾ ਪਹੁੰਚ ਕੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਜੀ ਨਾਲ ਦੁੱਖ ਸਾਂਝਾ ਕਰਨਗੇ। ਇਸ ਤੋਂ ਇਲਾਵਾ ਕਲ ਸ਼ਾਮ 4:15 ਵਜੇ ਦੇ ਕਰੀਬ ਅਮਨ ਕਾਨੂੰਨ ਦੀ ਸਥਿਤੀ ਬਾਰੇ ਉਨ੍ਹਾਂ ਦੇ ਗ੍ਰਹਿ ਵਿਖੇ ਮੀਡੀਆ ਨੂੰ ਵੀ  ਸੰਬੋਧਨ ਕਰਨਗੇ।

ਇਸ ਤੋਂ ਪਹਿਲਾਂ ਕੀਤੇ ਗਏ ਹੋਰ ਇੱਕ ਟਵੀਟ ਵਿੱਚ ਉਹਨਾਂ ਕੱਲ ਜੇਲ੍ਹ ਦੇ ਬਾਹਰ ਉਡੀਕ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ।ਆਪਣੇ ਟਵੀਟ ਵਿੱਚ ਇੱਕ ਵੀਡੀਓ ਸਾਂਝੀ ਕਰਦੇ ਹੋਏ ਉਹਨਾਂ ਲਿੱਖਿਆ ਹੈ ਕਿ ਸ਼ੁਕਰਗੁਜ਼ਾਰ ਹਾਂ ਉਹਨਾਂ ਸਾਰਿਆਂ ਲਈ ਜੋ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ, ਹਰ ਤਰ੍ਹਾਂ ਦੇ ਔਕੜਾਂ ਦੇ ਬਾਵਜੂਦ ਉਡੀਕ ਕਰਦੇ ਰਹੇ।

ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਰੋਡ-ਰੇਜ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਹੋਈ ਸੀ। ਪਿਛਲੇ ਸਾਲ 20 ਮਈ ਨੂੰ ਉਹਨਾਂ ਆਤਮ-ਸਮਰਪਣ ਕੀਤਾ ਸੀ ਤੇ ਇਸ ਸਾਲ ਪਹਿਲਾਂ 26 ਜਨਵਰੀ ਨੂੰ ਉਹਨਾਂ ਦੇ ਬਾਹਰ ਆਉਣ ਦੀਆਂ ਅਟਕਲਾਂ ਵੀ ਲਗਦੀਆਂ ਰਹੀਆਂ ਪਰ 31 ਮਾਰਚ ਨੂੰ ਉਹਨਾਂ ਦੀ ਸਜ਼ਾ ਪੂਰੀ ਹੋਈ ਤੇ 1 ਅਪ੍ਰੈਲ ਨੂੰ ਪਟਿਆਲਾ ਜੇਲ੍ਹ ਤੋਂ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ।