India

“ਦੇਸ਼ ਨੂੰ ਵੰਡਣ ਤੇ ਨਫ਼ਰਤ ਵਧਾਉਣ ਵਾਲਾ ਕੰਮ ਹੋ ਰਿਹਾ ਹੈ ਪਰ ਲੋਕ ਸਭ ਸਮਝ ਰਹੇ ਹਨ”ਮੁੱਖ ਮੰਤਰੀ ਮਾਨ

ਗੁਹਾਟੀ : ਪੰਜਾਬ ਤੇ ਦਿੱਲੀ ਵਿੱਚ ਆਪ ਸਰਕਾਰ ਨੇ ਉਹ ਕੰਮ ਕੀਤੇ ਹਨ ,ਜੋ ਅੱਜ ਤੱਕ ਨਹੀਂ ਹੋਏ ਸਨ। ਭਾਜਪਾ ਦੇਸ਼ ਨੂੰ ਵੰਡਣ ਤੇ ਨਫ਼ਰਤ ਵਧਾਉਣ ਵਾਲ ਕੰਮ ਕਰ ਰਹੀ ਹੈ ਪਰ ਲੋਕ ਹੁਣ ਸਮਝ ਚੁੱਕੇ ਹਨ ਤੇ ਉਹ ਇਸ ਵਾਰ ਇਹਨਾਂ ਨੂੰ ਵੋਟ ਨਹੀਂ ਪਾਣਗੇ। ਇਹ ਵਿਚਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਗੁਹਾਟੀ, ਅਸਾਮ ਵਿੱਚ ਕਾਰਜਕਰਤਾ ਸੰਮੇਲਨ ਦੌਰਾਨ ਆਮ ਲੋਕਾਂ ਵਿੱਚ ਰੱਖੇ ਹਨ|

ਮਾਨ ਨੇ ਕਿਹਾ ਕਿ ਅਸਾਮ ਵਿੱਚ ਵੀ ਭ੍ਰਿਸ਼ਟਾਚਾਰ ਦੀਆਂ ਸਮੱਸਿਆਵਾਂ ਹਨ ਜਿਵੇਂ ਦਿੱਲੀ ਅਤੇ ਪੰਜਾਬ ਵਿੱਚ ਹਨ।ਪਾਰਟੀਆਂ 5-5 ਸਾਲ ਬਾਅਦ ਆਪੋ-ਆਪਣੀ ਵਾਰੀ ਆਉਣ ਤੇ ਲੋਕਾਂ ਨੂੰ ਲੁੱਟਦੀਆਂ ਹਨ।

ਇਸ ਵਾਰ ਪੰਜਾਬ ਦੇ ਲੋਕਾਂ ਨੇ ਬਦਲਾਅ ਲਿਆਂਦਾ ਹੈ ਤੇ 117 ਵਿੱਚੋਂ 62 ਸੀਟਾਂ ਜਿਤਾ ਦਿਤੀਆਂ ਹਨ। ਹੁਣ ਪੰਜਾਬ ਵਿੱਚ ਐਨੀ ਤਰੱਕੀ ਹੋਈ ਹੈ ,ਜਿਸ ਦੇ ਸਾਰੇ ਪਾਸੇ ਚਰਚੇ ਹੋ ਰਹੇ ਹਨ। ਸੱਤਾ ਵਿੱਚ ਆਉਂਦੇ ਹੀ ਆਪ ਨੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਹੈਲਪਲਾਈਨ ਜਾਰੀ ਕੀਤੀ ਹੈ ਤੇ ਉਸ ਤੇ ਆਈਆਂ ਸ਼ਿਕਾਇਤਾਂ ਦੇ ਆਧਾਰ ਤੇ ਕਾਰਵਾਈਆਂ ਹੋਈਆਂ ਹਨ ਤੇ ਸਾਰਿਆਂ ਵਿੱਚ ਇਹ ਸੰਦੇਸ਼ ਗਿਆ ਹੈ ਕਿ ਹੁਣ ਰਿਸ਼ਵਤਖੋਰੀ ਬੰਦ ਕਰਨੀ ਪਵੇਗੀ।

ਪੰਜਾਬ ਵਿੱਚ ਆਪ ਨੇ ਬਿਜਲੀ ਮੁਫਤ ਕਰਨ ਦਾ ਵਾਅਦਾ ਨਿਭਾਇਆ ਹੈ। ਪੰਜਾਬ ਵਿੱਚ 80 ਫੀਸਦੀ ਲੋਕਾਂ ਦਾ ਬਿੱਲ ਹੁਣ 0 ਆਉਂਦਾ ਹੈ ਤੇ ਪੰਜਾਬ ਹੁਣ ਵਾਧੂ ਬਿਜਲੀ ਪੈਦਾ ਕਰਦਾ ਹੈ। ਇਸ ਵਾਰ ਟੈਕਸ ਰਹਿਤ ਬਜਟ ਪੇਸ਼ ਕੀਤਾ ਗਿਆ ਹੈ ।

ਇਸ ਤੋਂ ਇਲਾਵਾ ਆਪ ਸਰਕਾਰ ਦੀਆਂ ਹੋਰ ਪ੍ਰਾਪਤੀਆਂ ਗਿਣਾਉਂਦੇ ਹੋਏ ਮੁੱਖ ਮੰਤਰੀ ਮਾਨ ਨੇ  ਦਾਅਵਾ ਕੀਤਾ ਹੈ ਕਿ ਇੱਕ ਸਾਲ ਵਿੱਚ ਸੂਬੇ ਵਿੱਚ 503 ਮੁਹੱਲਾ ਕਲੀਨਿਕ ਖੋਲੇ ਗਏ ਹਨ। ਰੁਜ਼ਗਾਰ ਸੰਬੰਧੀ ਸਮੱਸਿਆ ਨੂੰ ਵੀ ਹੱਲ ਕੀਤਾ ਗਿਆ ਹੈ ਤੇ 28472 ਪੱਕੀਆਂ ਸਰਕਾਰੀ ਨੌਕਰੀਆਂ ਇੱਕ ਸਾਲ ਵਿੱਚ ਦਿੱਤੀਆਂ ਗਈਆਂ ਹਨ।

ਦਿੱਲੀ ਮਾਡਲ ਦੀ ਸਿਫਤ ਕਰਦਿਆਂ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਇਸ ਨੂੰ ਲਾਗੂ ਕੀਤਾ ਗਿਆ ਹੈ। ਦਿੱਲੀ ਵਿੱਚ ਸਕੂਲਾਂ ਦੇ ਚਰਚੇ ਭਾਰਤ ਆਏ ਵਿਦੇਸ਼ੀ ਮਹਿਮਾਨਾਂ ਵਿੱਚ ਵੀ ਹੁੰਦੇ ਹਨ ਤੇ ਇਹਨਾਂ ਨੂੰ ਦੇਖਣ ਵਾਲਿਆਂ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਘਰਵਾਲੀ ਵੀ ਸ਼ਾਮਲ ਹੈ,ਜਿਸ ਨੇ ਮੋਦੀ ਸਰਕਾਰ ਦੇ ਰੋਕਣ ਦੇ ਬਾਵਜੂਦ ਵੀ ਦਿੱਲੀ ਦੇ ਸਰਕਾਰੀ ਸਕੂਲ ਦੇਖੇ।

ਆਸਾਮ ਦੀ ਸੂਬਾ ਸਰਕਾਰ ਤੇ ਨਿਸ਼ਾਨਾ ਲਾਉਂਦੇ ਹੋਏ ਮਾਨ ਨੇ ਕਿਹਾ ਕਿ ਆਮ ਲੋਕ ਕਹਿੰਦੇ ਹਨ ਕਿ ਆਪ ਦਿੱਲੀ ਤੇ ਪੰਜਾਬ ਵਿੱਚ ਸਰਕਾਰੀ ਸਕੂਲ ਬਣਾ ਰਹੇ ਹਨ ਪਰ ਇਥੇ ਮੁੱਖ ਮੰਤਰੀ ਦੀ ਘਰਵਾਲੀ ਨੇ ਆਪਣਾ ਸਕੂਲ ਖੋਲਿਆ ਹੋਇਆ ਹੈ ,ਜਿਥੇ ਬਹੁਤ ਭਾਰੀ ਫੀਸਾਂ ਵਸੂਲੀਆਂ ਜਾ ਰਹੀਆਂ ਹਨ।

ਭਾਜਪਾ ਤੇ ਵਾਰ ਕਰਦਿਆਂ ਮਾਨ ਨੇ ਇਲਜ਼ਾਮ ਲਗਾਇਆ ਹੈ ਕਿ ਇਹ ਧਨਾਢ ਸਰਮਾਏਦਾਰਾਂ ਦਾ ਪੱਖ ਕੂਰਨ ਵਾਲੀ ਪਾਰਟੀ ਹੈ ਤੇ ਦਿੱਲੀ ਵਿੱਚ ਬੱਚਿਆਂ ਨੂੰ ਮਿਆਰੀ ਸਿੱਖਿਆ ਨਾ ਮਿਲ ਸਕੇ,ਇਸ ਲਈ ਸਕੂਲਾਂ ਦਾ ਨਿਰਮਾਣ ਕਰਨ ਵਾਲੇ ਮਨੀਸ਼ ਸਿਸੋਦੀਆ ਨੂੰ ਹੀ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਸਤਿੰਦਰ ਜੈਨ ਦਾ ਵੀ ਜ਼ਿਕਰ ਕਰਦੇ ਹੋਏ ਮਾਨ ਨੇ ਤੰਜ ਕੱਸਿਆ ਕਿ ਹਸਪਤਾਲ ਤੇ ਸਕੂਲ ਬਣਾਉਣ ਵਾਲਿਆਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ ਤੇ ਜਿਹਨਾਂ ਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ ,ਉਹ ਇਹਨਾਂ ਨਾਲ ਰੇਲ ਵਿੱਚ ਹੁੰਦੇ ਹਨ।

ਮਾਨ ਨੇ ਪ੍ਰਧਾਨ ਮੰਤਰੀ ਮੋਦੀ ਤੇ ਅਸਿੱਧੇ ਤੌਰ ਤੇ ਤੰਜ ਕਸਦੇ ਹੋਏ ਕਿਹਾ ਕਿ ਬਚਪਨ ਵਿੱਚ ਰੇਲਵੇ ਸਟੇਸ਼ਨਾਂ ਤੇ ਚਾਹ ਵੇਚਣ ਵਾਲੇ ਨੇ ਹੁਣ ਵੱਡਾ ਹੋ ਕੇ ਰੇਲ ਦੇ ਡੱਬੇ ਤੇ ਦੇਸ਼ ਵੀ ਵੇਚ ਦਿੱਤਾ ਹੈ ਪਰ ਖਰੀਦਿਆ ਸਿਰਫ ਮੀਡੀਆ ਹੈ। ਪਰ ਜਨਤਾ ਸਾਰਾ ਕੁੱਝ ਜਾਣਦੀ ਹੈ।

ਮਾਨ ਨੇ ਕਿਹਾ ਹੈ ਕਿ ਸਰਕਾਰਾਂ ਲੋਕਾਂ ਨੂੰ ਲੁਟਣ ਲਈ ਨਹੀਂ ਬਣਦੀਆਂ ਸਗੋਂ ਦੇਸ਼ ਨੂੰ ਸੁਆਰਨ ਲਈ ਬਣਦੀਆਂ ਹਨ।ਪੰਜਾਬ  ਵਿੱਚ ਇੱਕ ਸਾਲ ਵਿੱਚ ਜੋ ਕੰਮ ਹੋਏ ਹਨ ,ਜੋ ਅੱਜ ਤੱਕ ਨਹੀਂ ਹੋਏ ਹਨ।

ਲੋਕਾਂ ਨੂੰ ਭਾਜਪਾ ਤੋਂ ਬਚਣ ਦੀ ਨਸੀਹਤ ਦਿੰਦੇ ਹੋਏ ਮਾਨ ਨੇ ਜੂਮਲਾ ਪਾਰਟੀ ਤੱਕ ਕਹਿ ਦਿੱਤਾ ਤੇ ਕਿਹਾ ਕਿ ਦੇਸ਼ ਨੂੰ ਵੰਡਣ ਵਾਲੀਆਂ ਤੇ ਨਫ਼ਰਤ ਦੀ ਰਾਜਨੀਤੀ ਕਰਨ ਵਾਲੀਆਂ ਤਾਕਤਾਂ ਨੂੰ ਪਛਾਨਣ ਦੀ ਲੋੜ ਹੈ। ਮਾਨ ਨੇ ਇਹ ਵੀ ਇਲਜ਼ਾਮ ਲਗਾਏ ਹਨ ਕਿ ਇਹ ਪਾਰਟੀ ਸ਼ਹੀਦ ਫੌਜੀਆਂ ਦੇ ਕਫਨ ਤੋਂ ਲੈ ਕੇ ਸਾਰਾ ਦੇਸ਼ ਖਾ ਗਈ ਹੈ। ਡਬਲ ਇੰਜਨ ਦੀ ਲੋੜ ਨਹੀਂ ਹੁਣ ,ਲੋਕਾਂ ਨੂੰ ਨਵਾਂ ਇੰਜਣ ਚਾਹੀਦਾ ਹੈ। ਪੰਜਾਬ ਵਿੱਚ ਤਾਂ ਲੋਕਾਂ ਨੇ ਭਾਜਪਾ ਦਾ ਸਫਾਇਆ ਕਰ ਦਿੱਤਾ ਹੈ ਤੇ ਇਹਨਾਂ ਦੇ ਸਿਰਫ਼ ਦੋ ਵਿਧਾਇਕ ਹਨ।

ਅਸਾਮ ਦੇ ਲੋਕਾਂ ਨੂੰ ਵੋਟ ਪਾ ਕੇ ਬਦਲਾਅ ਲਿਆਉਣ ਲਈ ਕਹਿੰਦੇ ਹੋਏ ਮਾਨ ਨੇ ਪੰਜਾਬ ਵਿੱਚ ਬੰਦ ਕੀਤੇ ਗਏ ਟੋਲ ਪਲਾਜ਼ਿਆਂ ਦਾ ਵੀ ਜ਼ਿਕਰ ਕੀਤਾ ਤੇ ਦਾਅਵਾ ਕੀਤਾ ਕਿ ਇਹਨਾਂ ਦੀ ਮਿਆਦ ਪਹਿਲਾਂ ਹੀ ਖ਼ਤਮ ਹੋ ਗਈ ਸੀ। ਪੰਜਾਬ ਵਿੱਚ ਜਿਸ ਤਰਾਂ ਸਮੱਸਿਆਵਾਂ ਹੋ ਰਹੀਆਂ ਹਨ,ਉਸੇ ਤਰਾਂ ਇਥੇ ਵੀ ਹੋ ਸਕਦੀਆਂ ਹਨ।ਇਸ ਲਈ ਇਸ ਵਾਰ ਸੋਚ-ਸਮਝ ਕੇ ਵੋਟ ਪਾਈ ਜਾਵੇ।