Punjab

ਰਾਜਪਾਲ ਦੀ 4 ਸਫਿਆਂ ਦੀ ਚਿੱਠੀ ਦਾ ਜਵਾਬ ਮਾਨ ਨੇ 4 ਲਾਈਨਾਂ ‘ਚ ਦਿੱਤਾ !

ਬਿਉਰੋ ਰਿਪੋਰਟ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਮੁੱਖ ਮੰਤਰ ਭਗਵੰਤ ਮਾਨ ਨੂੰ ਲਿਖੀ ਸਖ਼ਤ ਚਿੱਠੀ ਦਾ ਜਵਾਬ ਸੀਐੱਮ ਨੇ ਉਸੇ ਤਲਖ਼ ਅੰਦਾਜ ਵਿੱਚ ਦਿੱਤਾ ਹੈ । ਉਨ੍ਹਾਂ ਕਿਹਾ ‘ਮਾਨਯੋਗ ਰਾਜਪਾਲ ਸਾਹਿਬ ਤੁਸੀਂ 13 ਫਰਵਰੀ ਦੀ ਚਿੱਠੀ ਵਿੱਚ ਜਿੰਨੇ ਵੀ ਵਿਸ਼ੇ ਲਿਖੇ ਹਨ ਉਹ ਸਾਰੇ ਸੂਬਾ ਸਰਕਾਰ ਦੇ ਵਿਸ਼ੇ ਹਨ । ਇਸ ਸਬੰਧ ਵਿੱਚ ਮੈਂ ਸਪਸ਼ਟ ਕਰਨਾ ਚਹਾਂਗਾ ਕਿ ਭਾਰਤੀ ਸੰਵਿਧਾਨ ਅਨੁਸਾਰ ਮੈਂ ਅਤੇ ਮੇਰੀ ਸਰਕਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੈ। ਤੁਸੀਂ ਪੁੱਛਿਆ ਹੈ ਕਿ ਸਿੰਗਾਪੁਰ ਵਿਖੇ ਟੇਨਿੰਗ ਲਈ ਪ੍ਰਿੰਸੀਪਲਾਂ ਦੀ ਚੋਣ ਕਿਸ ਅਧਾਰ ‘ਤੇ ਕੀਤੀ ਗਈ ਹੈ। ਪੰਜਾਬ ਦੇ ਵਾਸੀ ਇਹ ਪੁੱਛਣਾ ਚਾਉਂਦੇ ਹਨ ਕਿ ਭਾਰਤੀ ਸੰਵਿਧਾਨ ਵਿੱਚ ਕਿਸੇ ਸਪਸ਼ਟ ਯੋਗਤਾ ਦੀ ਅਣਹੋਂਦ ਵਿੱਚ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਰਾਜਾਂ ਵਿੱਚ ਰਾਜਪਾਲ ਕਿਸ ਅਧਾਰ ‘ਤੇ ਚੁਣੇ ਜਾਂਦੇ ਹਨ ? ਕਿਰਪਾ ਕਰਕੇ ਇਹ ਵੀ ਦੱਸਕੇ ਪੰਜਾਬੀਆਂ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਜਾਵੇ।’

ਸਾਫ ਹੈ ਕਿ ਰਾਜਪਾਲ ਦੀ ਲੰਮੀ-ਚੋੜੀ ਚਿੱਠੀ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੇ 4 ਲਾਇਨਾਂ ਵਿੱਚ ਦੇ ਕੇ ਸਾਫ ਕਰ ਦਿੱਤਾ ਹੈ ਆਉਣ ਵਾਲੇ ਦਿਨਾਂ ਵਿੱਚ ਰਾਜਭਵਨ ਅਤੇ ਮੁੱਖ ਮੰਤਰੀ  ਦਫਤਰ  ਵਿਚਾਲੇ ਤਲਖੀ ਹੋਰ ਵਧੇਗੀ । ਰਾਜਪਾਲ ਨੇ ਮੁੱਖ ਮੰਤਰੀ ਤੋਂ 15 ਦਿਨਾਂ ਦੇ ਅੰਦਰ ਜਵਾਬ ਮੰਗਿਆ ਸੀ ਪਰ ਮੁੱਖ ਮੰਤਰੀ ਮਾਨ ਨੇ 20 ਘੰਟਿਆਂ ਦੇ ਅੰਦਰ ਜਵਾਬ ਦੇ ਦਿੱਤਾ ਹੈ । ਹਾਲਾਂਕਿ ਸੀਐੱਮ ਮਾਨ ਦੀ ਚਿੱਠੀ ਵਿੱਚ ਰਾਜਪਾਲ ਵੱਲੋਂ ਪੁੱਛੇ ਗਏ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਉਲਟਾ ਮੁੱਖ ਮੰਤਰੀ ਨੇ ਰਾਜਪਾਲ ਚੁਣਨ ਦੀ ਕਾਬਲੀਅਤ ਨੂੰ ਲੈਕੇ ਸਵਾਲ ਪੁੱਛ ਲਿਆ ਹੈ ।

ਹਰ ਸਾਲ ਵਿਧਾਨਸਭਾ ਦੇ  ਪਹਿਲੇ ਇਜਲਾਸ ਦੀ ਸ਼ੁਰੂਆਤ ਰਾਜਪਾਲ ਦੇ ਭਾਸ਼ਣ  ਨਾਲ ਹੁੰਦੀ ਹੈ ਜੋ ਕਿ ਜਲਦ ਹੀ ਸ਼ੁਰੂ ਹੋਣ ਵਾਲਾ ਹੈ ।  ਅਜਿਹੇ ਵਿੱਚ ਰਾਜਪਾਲ ਸਰਕਾਰ ਵੱਲੋਂ ਲਿਖੇ ਗਏ ਭਾਸ਼ਨ ਨੂੰ ਵਿਧਾਨਸਭਾ ਦੇ ਸਾਹਮਣੇ ਪੜ ਦਾ ਹੈ । ਜਿਸ ਤਰ੍ਹਾਂ ਨਾਲ ਸਰਕਾਰ ਅਤੇ ਰਾਜਭਵਨ ਵਿੱਚ ਟਕਰਾਅ ਚੱਲ ਰਿਹਾ ਹੈ ਹੋ ਸਕਦਾ ਹੈ ਕਿ ਇਹ  ਰਾਜਪਾਲ ਦੇ ਭਾਸ਼ਣ ਦੌਰਾਨ ਵੀ ਨਜ਼ਰ ਆਏ । ਇਸ ਤੋਂ ਪਹਿਲਾਂ ਪਿਛਲੇ ਮਹੀਨੇ ਤਮਿਲਨਾਡੂ ਦੀ ਵਿਧਾਨਸਭਾ ਵਿੱਚ ਇਹ ਵੀ ਅਜਿਹਾ ਨਜ਼ਾਰਾ ਵੇਖਣ ਨੂੰ ਮਿਲਿਆ ਸੀ ਜਦੋਂ ਤਮਿਲਨਾਡੂ ਦੇ ਰਾਜਪਾਲ ਨੇ ਸੂਬਾ ਸਰਕਾਰ ਵੱਲੋਂ ਲਿਖਿਆ ਗਿਆ ਭਾਸ਼ਣ ਨਾ ਪੜ ਕੇ ਆਪਣਾ ਭਾਸ਼ਣ ਪੜਿਆ ਸੀ ਜਿਸ ਤੋਂ ਬਾਅਦ ਸਰਕਾਰ ਨੇ ਰਾਜਪਾਲ ਦਾ ਬਾਇਕਾਟ ਕੀਤਾ ਸੀ ।

ਰਾਜਪਾਲ ਵੱਲੋਂ ਪੁੱਛੇ ਗਏ ਸਵਾਲ

ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਦੇ ਮਾਮਲੇ ‘ਚ ਸ਼ਿਕਾਇਤ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਸੀ ਕਿ ਮੈਨੂੰ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਦੇ ਮਾਮਲੇ ਵਿੱਚ ਸ਼ਿਕਾਇਤ ਮਿਲੀ ਹੈ । ਜਿਸ ਵਿੱਚ ਦੱਸਿਆ ਗਿਆ ਹੈ ਕਿ ਪ੍ਰਿੰਸੀਪਲਾਂ ਦੀ ਚੋਣ ਵਿੱਚ ਗੜਬੜੀ ਹੋਈ ਹੈ ।ਜਿਸ ਵਿੱਚ ਪਿੰਸੀਪਲਾਂ ਦੀ ਚੋਣ ਨਿਰਪੱਖ ਨਾ ਹੋਣ ‘ਤੇ ਸਵਾਲ ਚੁੱਕੇ ਗਏ ਹਨ। ਇਸ ਲਈ ਮੈਂ ਤੂਹਾਨੂੰ ਦਰਖਾਸਤ ਕਰਦਾ ਹਾਂ ਕਿ ਮੈਨੂੰ ਪੂਰਾ ਖਾਕਾ ਭੇਜੋ ਕੀ ਆਖਿਰ ਕਿਵੇਂ ਸਿੰਗਾਪੁਰ ਭੇਜਣ ਵਾਲੇ ਪ੍ਰਿੰਸੀਪਲਾਂ ਦੀ ਚੋਣ ਹੋਈ ਹੈ ? ਕੀ ਇਸ ਦੇ ਲਈ ਪੂਰੇ ਪੰਜਾਬ ਤੋਂ ਪ੍ਰਿੰਸੀਪਲਾਂ ਦੀ ਚੋਣ ਕੀਤੀ ਗਈ ਹੈ ? ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ । ਇਸ ਤੋਂ ਇਲਾਵਾ ਪ੍ਰਿੰਸੀਪਲਾਂ ਨੂੰ ਬਾਹਰ ਭੇਜਣ ‘ਤੇ ਹੋਏ ਖਰਚੇ ਦਾ ਬਿਊਰਾ ਵੀ ਦਿੱਤਾ ਜਾਵੇ ?

ਕਿਡਨੈਪਰ ਨੂੰ ਕਿਵੇਂ ਬੋਰਡ ਦਾ ਚੇਅਰਮੈਨ ਬਣਾਇਆ ਗਿਆ

ਰਾਜਪਾਲ ਨੇ ਗੁਰਿੰਦਰਜੀਤ ਸਿੰਘ ਨੂੰ ਪੰਜਾਬ ਇਨਫੋਮੇਸ਼ਨ ਐਂਡ ਕਮਿਉਨੀਕੇਸ਼ਨ ਐਂਡ ਟੈਕਨਾਲਿਜੀ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕਰਨ ‘ਤੇ ਸਵਾਲ ਚੁੱਕੇ ਸਨ । ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਗੁਰਿੰਦਰਜੀਤ ਸਿੰਘ ਕਿਡਨੈਪਿੰਗ ਅਤੇ ਜ਼ਮੀਨ ਹੜਪਨ ਦੇ ਕੇਸ ਵਿੱਚ ਪੇਸ਼ ਹੋ ਚੁੱਕੇ ਹਨ। ਅਜਿਹੇ ਲੋਕਾਂ ਦੀ ਕਿਵੇਂ ਬੋਰਡ ਦੇ ਚੇਅਰਮੈਨ ਵਜੋ ਨਿਯੁਕਤੀ ਕੀਤੀ ਗਈ ਹੈ। ਇਸ ਬਾਰੇ ਮੈਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ।

ਕੁਲਦੀਪ ਚਾਹਲ ਨੂੰ ਕਿਵੇਂ ਕਮਿਸ਼ਨਰ ਬਣਾਇਆ

ਇਸ ਤੋਂ ਇਲਾਵਾ ਰਾਜਪਾਲ ਨੇ ਮੁੱਖ ਮੰਤਰੀ ਮਾਨ ਨੂੰ ਚੰਡੀਗੜ੍ਹ ਦੇ ਸਾਬਕਾ ਐੱਸਪੀ ਕੁਲਦੀਪ ਚਾਹਲ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਨਿਯੁਕਤ ਕਰਨ ਨੂੰ ਲੈਕੇ ਵੀ ਸਵਾਲ ਚੁੱਕੇ ਸਨ । ਉਨ੍ਹਾਂ ਨੇ ਕਿਹਾ ਚਾਹਲ ਨੂੰ ਚੰਡੀਗੜ੍ਹ ਵਿੱਚ ਗੜਬੜੀ ਦੇ ਲਈ ਹਟਾਇਆ ਗਿਆ ਸੀ ਇਸ ਦੇ ਬਾਵਜੂਦ ਉਸ ਦਾ ਪ੍ਰਮੋਸ਼ਨ ਕਰਕੇ ਉਸ ਨੂੰ ਜਲੰਧਰ ਦਾ ਕਮਿਸ਼ਨ ਬਣਾਇਆ ਗਿਆ,ਉਹ ਵੀ ਉਦੋ ਜਦੋਂ ਤੁਹਾਨੂੰ ਪਤਾ ਸੀ ਕਿ ਮੈਂ ਜਲੰਧਰ ਵਿੱਚ 26 ਜਨਵਰੀ ਨੂੰ ਝੰਡਾ ਫਹਿਰਾਉਣ ਦੀ ਰਸਮ ਅਦਾਇਗੀ ਕਰਨ ਜਾ ਰਿਹਾ ਹਾਂ । ਅਜਿਹਾ ਲੱਗ ਦਾ ਹੈ ਕਿ ਚਾਹਲ ਤੁਹਾਡਾ ਨਜ਼ਦੀਕੀ ਹੈ ਜਿਸ ਦੇ ਸਾਰੇ ਮਾੜੇ ਕੰਮਾਂ ਨੂੰ ਤੁਸੀਂ ਨਜ਼ਰ ਅੰਦਾਜ ਕਰ ਰਹੇ ਹੋ।

ਮੇਰੇ ਪੱਤਰ ਦਾ ਜਵਾਬ ਨਹੀਂ ਦਿੰਦੇ

ਰਾਜਪਾਲ ਪੁਰੋਹਿਤ ਨੇ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਨੂੰ ਲੈਕੇ ਵੀ ਸਵਾਲ ਕੀਤਾ ਸੀ । ਉਨ੍ਹਾਂ ਕਿਹਾ ਮੈਂ ਤੁਹਾਨੂੰ 23 ਨਵੰਬਰ 2022 ਨੂੰ ਚਿੱਠੀ ਲਿੱਖ ਕੇ ਉਸ ਨੂੰ ਹਟਾਉਣ ਲਈ ਕਿਹਾ ਸੀ ਪਰ ਤੁਸੀਂ ਉਸ ‘ਤੇ ਕੋਈ ਜਵਾਬ ਨਹੀਂ ਦਿੱਤਾ । ਰਾਜਪਾਲ ਨੇ ਸੀਐੱਮ ਮਾਨ ਨੂੰ ਕਿਹਾ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਸੂਬੇ ਦੀ ਸੁਰੱਖਿਆ ਨਾਲ ਜੁੜੇ ਮੁੱਦੇ ਮੇਰੇ ਨਾਲ ਵਿਚਾਲੇ ਜਾਣ ਪਰ ਤੁਸੀਂ ਉਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ । ਰਾਜਪਾਲ ਨੇ ਕਿਹਾ ਮੈਂ ਇਸ਼ਤਿਆਰਾਂ ਨੂੰ ਲੈਕੇ ਵੀ ਤੁਹਾਡੇ ਕੋਲੋ ਜਾਣਕਾਰੀ ਮੰਗੀ ਸੀ ਪਰ ਤੁਸੀਂ ਕੋਈ ਜਵਾਬ ਨਹੀਂ ਦਿੱਤਾ । ਉਧਰ ਰਾਜਪਾਲ ਦੇ ਸਾਰੇ ਸਵਾਲਾਂ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੇ 2 ਲਾਈਨਾਂ ਵਿੱਚ ਦਿੱਤਾ ਹੈ ।