Punjab

ਬਾਰਡਰ ’ਤੇ ਇਕ ਹੋਰ ‘ਸੰਘਰਸ਼ਸ਼ੀਲ ਅੰਨਦਾਤਾ’ ਦਾ ‘ਅੰਤ!’ ਹੁਣ ਤੱਕ 20 ਕਿਸਾਨ ਫ਼ੌਤ

Farmer Jaswant Singh Died at Shambhu Border

ਸ਼ੰਭੂ ਬਾਰਡਰ ’ਤੇ ਕਿਸਾਨਾਂ ਨੇ ਆਪਣੇ ਹੱਕਾਂ ਲਈ ਮੋਰਚਾ ਲਾਇਆ ਹੋਇਆ ਹੈ। ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਮੋਰਚੇ ਵਿੱਚ ਬੈਠੇ ਹਨ, ਮੀਂਹ, ਹਨ੍ਹੇਰੀ, ਝੱਖੜ ਤੇ ਤਪਦੀ ਧੁੱਪ ਝੱਲ ਰਹੇ ਹਨ। ਅਜਿਹੇ ਵਿੱਚ ਕਈ ਬਜ਼ੁਰਗ ਕਿਸਾਨਾਂ ਦੀ ਸਿਹਤ ਖ਼ਰਾਬ ਹੋ ਰਹੀ ਹੈ। ਅੱਜ ਸਵੇਰੇ ਇੱਕ ਹੋਰ ਕਿਸਾਨ ਨੇ ਇਸ ਦੁਨੀਆ ਨੂੰ ਅਲਵਿਦਾ ਆਖ਼ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਤਕ ਮੋਰਚੇ ਅੰਦਰ ਜਾਨ ਗਵਾਉਣ ਵਾਲੇ ਕਿਸਾਨਾਂ ਦੀ ਗਿਣਤੀ 20 ਤੱਕ ਪਹੁੰਚ ਗਈ ਹੈ।

ਅੱਜ ਸਵੇਰੇ ਤਰਨ ਤਰਨ ਨਾਲ ਸਬੰਧਿਤ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਕਿਸਾਨ ਆਗੂ ਤਜਿੰਦਰ ਸਿੰਘ ਲੀਲਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਸਰਕਾਰਾਂ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਯਾਦ ਦਵਾਇਆ ਕਿ ਪਹਿਲਾਂ ਵੀ ਜਦੋਂ ਦਿੱਲੀ ਦੇ ਅੰਦਰ ਅੰਦੋਲਨ ਹੋਇਆ ਸੀ ਤਾਂ ਉਸ ਵੇਲੇ 750 ਤੋਂ ਵੱਧ ਕਿਸਾਨ ਫ਼ੌਤ ਹੋਏ ਸਨ। ਤੇ ਹੁਣ ਵੀ ਸਰਕਾਰ ਕਿਸਾਨਾਂ ਦਾ ਇਮਤਿਹਾਨ ਲੈ ਰਹੀ ਹੈ।

ਦੱਸ ਦੇਈਏ ਬਠਿੰਡਾ ਦੇ ਪਿੰਡ ਬੱਲ੍ਹੋ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੀ ਵੀ ਜਾਂਚ ਚੱਲ ਰਹੀ ਹੈ। ਇਸ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਾਬਕਾ ਜੱਜ ਜੈਸ੍ਰੀ ਠਾਕੁਰ ਦੀ ਅਗਵਾਈ ਹੇਠ ਬਣਾਈ ਕਮੇਟੀ ਨੇ ਸੋਮਵਾਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਬਿਆਨ ਦਰਜ ਕਰ ਲਏ ਹਨ।

ਜਾਂਚ ਕਮੇਟੀ ਨੇ ਕਿਸਾਨ ਆਗੂ ਅਭਿਮੰਨਿਊ ਕੋਹਾੜ ਤੇ ਪਿੰਡ ਬੱਲ੍ਹੋ ਦੇ ਗੁਰਪ੍ਰੀਤ ਸਿੰਘ ਦੇ ਬਿਆਨ ਲਏ ਹਨ। ਕਮੇਟੀ ਨੇ ਕਿਸਾਨਾਂ ਨੂੰ 20 ਮਈ ਨੂੰ ਮੁੜ ਸੱਦਿਆ ਹੈ।

ਇਹ ਵੀ ਪੜ੍ਹੋ – ਪੰਨੂ ਕਤਲ ਦੀ ਨਾਕਾਮ ਸਾਜਿਸ਼ ਕੇਸ ’ਚ ਅਮਰੀਕਾ ਨੂੰ ਵੱਡਾ ਝਟਕਾ! ਹੁਣ ਸੱਚ ਕਿਵੇਂ ਆਏਗਾ ਸਾਹਮਣੇ?