Punjab

CM ਮਾਨ ਵੱਲੋਂ ਪੰਜਾਬ ਪੁਲਿਸ ਦੀ ਭਰਤੀ ਲਈ ਪ੍ਰੀਖਿਆ ਦਾ ਐਲਾਨ

CM Mann announced the exam for the recruitment of Punjab Police

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ, ਦੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪੰਜਾਬ ਪੁਲਿਸ ਵਿੱਚ ਕੱਢੀਆਂ ਨੌਕਰੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਨੌਕਰੀਆਂ ਬਿਨਾਂ ਰਿਸ਼ਵਤ ਅਤੇ ਬਿਨਾਂ ਕਿਸੇ ਸਿਫਾਰਸ਼ ਤੋਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਵਚਨਬੱਧ ਹੈ ਅਤੇ ਇਸ ਲਈ ਉਹ ਹਰ ਸੰਭਵ ਕਦਮ ਚੁੱਕਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਵੀ 20 ਹਜ਼ਾਰ ਨੌਕਰੀਆਂ ਕੱਢੀਆਂ ਹਨ ਅਤੇ ਹੁਣ ਇਹ ਪੰਜਾਬ ਪੁਲਿਸ ਦੀਆਂ ਨੌਕਰੀਆਂ ‘ਤੇ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਪਹਿਲਾ ਟੀਚਾ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਭਰਤੀਆਂ ਲਈ 14, 15 ਅਤੇ 16 ਅਕਤੂਬਰ ਨੂੰ ਭਰਤੀ ਪ੍ਰੀਖਿਆ ਲਈ ਜਾਵੇਗੀ ਅਤੇ ਨਿਰੋਲ ਮੈਰਿਟ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਜਾਣਗੀਆਂ।

ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਸਾਡਾ ਪਹਿਲਾ ਟੀਚਾ ਹੈ .. ਪਿਛਲੇ ਦਿਨੀਂ 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਸੀ ਤੇ ਹੁਣ ਪੁਲਿਸ ਮਹਿਕਮੇ ‘ਚ ਨਵੀਆਂ ਭਰਤੀਆਂ ਕਰਨ ਜਾ ਰਹੇ ਹਾਂ…ਜਿਸਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਿਹਾਂ…ਇੱਕ ਗਰੰਟੀ ਐ ਕਿ ਸਾਰੀ ਭਰਤੀ ਮੈਰਿਟ ਅਤੇ ਬਿਨਾਂ ਰਿਸ਼ਵਤ ਜਾਂ ਕਿਸੇ ਦੀ ਸਿਫਰਾਸ਼ ਤੋਂ ਹੋਵੇਗੀ।

ਮੁੱਖ ਮੰਤਰੀ ਵੱਲੋਂ ਟਵਿੱਟਰ ਰਾਹੀਂ 2503 ਪੋਸਟਾਂ ਪੰਜਾਬ ਪੁਲਿਸ ਦੀ ਭਰਤੀ ਲਈ ਕੱਢੀਆਂ ਦੱਸੀਆਂ ਗਈਆਂ ਹਨ, ਇਨ੍ਹਾਂ ਵਿੱਚ ਕਾਂਸਟੇਬਲ ਦੀਆਂ 1156 ਪੋਸਟਾਂ ਲਈ 14 ਅਕਤੂਬਰ ਨੂੰ ਭਰਤੀ ਪ੍ਰੀਖਿਆ ਹੋਵੇਗੀ, ਜਦਕਿ 787 ਹੈਡ ਕਾਂਸਟੇਬਲਾਂ ਦੀਆਂ ਨੌਕਰੀਆਂ ਲਈ 15 ਅਕਤੂਬਰ ਨੂੰ ਭਰਤੀ ਪ੍ਰੀਖਿਆ ਹੈ। ਇਸਤੋਂ ਇਲਾਵਾ 560 ਪੋਸਟਾਂ ਸਬ ਇੰਸਪੈਕਟਰ ਦੀਆਂ ਹਨ, ਜਿਨ੍ਹਾਂ ਦੀ ਪ੍ਰੀਖਿਆ 16 ਅਕਤੂਬਰ ਨਿਸਚਿਤ ਕੀਤੀ ਗਈ ਹੈ।