‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਮਸੀਹੀਂ ਮਹਾਂ ਸਭਾ ਪੰਜਾਬ, ਕੈਥਿਲਕ ਚਰਚ ਆਫ਼ ਇੰਡੀਆ, ਚਰਚ ਆਫ਼ ਨੋਰਥ ਇੰਡੀਆ ਅਤੇ ਹੋਰ ਸੱਤ ਚਰਚਾਂ ਦਾ ਸਾਂਝਾ ਇੱਕ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਸਿੱਖ ਚਿੰਤਕਾਂ ਨੂੰ ਮਿਲਿਆ। ਨਕਲੀ ਪਾਸਟਰਾਂ ਵੱਲੋਂ ਪੰਜਾਬ ਵਿੱਚ ਲਗਾਤਾਰ ਸਿੱਖ ਸਿਧਾਂਤਾਂ ਨੂੰ ਚੁਣੌਤੀ ਦਿੰਦਿਆਂ ਝੂਠ ਅੰਧਵਿਸ਼ਵਾਸ ਦੇ ਭਰਮ ਜਾਲ ਰਾਹੀਂ ਕਰਵਾਏ ਜਾ ਰਹੇ ਧਰਮ ਪਰਿਵਰਤਨ, ਗੁਰਬਾਣੀ ਦੀ ਬੇਅਦਬੀ, ਗੁਰੂ ਸਾਹਿਬਾਨ ਉੱਤੇ ਸਿੱਖ ਸਿਧਾਂਤਾਂ ਬਾਰੇ ਕੂੜ ਪ੍ਰਚਾਰ ਅਤੇ ਭੋਲੇ ਭਾਲੇ ਲੋਕਾਂ ਦਾ ਸਰੀਰਕ, ਮਾਨਸਿਕ ਅਤੇ ਆਰਥਿਕ ਸ਼ੋਸ਼ਣ ਵਰਗੇ ਗੰਭੀਰ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ।

ਬਿਸ਼ਪ ਅੰਜਲੀਨੋ ਰਾਫੀਨੋ ਗਰਾਸ਼ੀਅਸ, ਡਾਇਸੇਸ ਆਫ਼ ਜਲੰਧਰ ਨੇ ਕਿਹਾ ਕਿ ਨਕਲੀ ਪਾਸਟਰਾਂ ਦਾ ਇਸਾਈਅਤ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਵੱਲੋਂ ਫੈਲਾਏ ਜਾਂਦੇ ਵਹਿਮ ਭਰਮ ਅਤੇ ਪਾਖੰਡ ਬਾਈਹਲ ਅਨੁਸਾਰ ਨਹੀਂ ਹਨ। ਉਨ੍ਹਾਂ ਨੇ ਨਕਲੀ ਪਾਸਟਰਾਂ ਦੀ ਪਹਿਚਾਣ ਲਈ ਇੱਕ ਸਰਕੂਲਰ ਜਾਰੀ ਕਰਨ ਦਾ ਦਾਅਵਾ ਕੀਤਾ, ਜਿਸ ਵਿੱਚ ਈਸਾਈ ਪਾਸਟਰ ਬਣਨ ਦਾ ਵਿਧੀ ਵਿਧਾਨ ਜਨਤਕ ਕੀਤਾ ਜਾਵੇਗਾ ਅਤੇ ਨਕਲੀ ਪਾਸਟਰਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਿਸ਼ਪ ਡੇਂਜਲ  ਪੀਓਪਲ ਡਾਇਸੇਸ ਆਫ਼ ਚੰਡੀਗੜ੍ਹ ਨੇ ਸਰਕਾਰ ਵੱਲੋਂ ਨਕਲੀ ਪਾਸਟਰਾਂ ਦੇ ਫੰਡਿੰਗ ਦੇ ਸਰੋਤਾਂ ਦੀ ਜਾਂਚ ਕਰਨ ਦੀ ਅਪੀਲ ਕੀਤੀ। ਵਫ਼ਦ ਨੇ ਨਕਲੀ ਪਾਸਟਰਾਂ ਖਿਲਾਫ਼ ਸਿੱਖਾਂ ਨਾਲ ਤਾਲਮੇਲ ਕਰਕੇ ਕਾਨੂੰਨੀ ਕਾਰਵਾਈ ਕਰਨ ਦਾ ਦਾਅਵਾ ਕੀਤਾ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਈਸਾਈ ਆਗੂਆਂ ਨੂੰ ਅਜਿਹੇ ਨਕਲੀ ਪਾਸਟਰਾਂ ਖਿਲਾਫ਼ ਸਖ਼ਤ ਫੈਸਲੇ ਲੈਣ ਲਈ ਕਿਹਾ ਅਤੇ ਜਲਦ ਤੋਂ ਜਲਦ ਨਕਲੀ ਪਾਸਟਰਾਂ ਨੂੰ ਆਪਣੇ ਤੋਂ ਵੱਖ ਕਰਕੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਨੇ ਇਸ ਕੰਮ ਲਈ ਸਿੱਖ ਕੌਮ ਦਾ ਸਹਿਯੋਗ ਵੀ ਮੰਗਿਆ। ਜਥੇਦਾਰ ਸਾਹਿਬਾਨਾਂ ਵੱਲੋਂ ਆਏ ਹੋਏ ਈਸਾਨ ਵਫ਼ਦ ਦਾ ਸਨਮਾਨ ਵੀ ਕੀਤਾ ਗਿਆ ਅਤੇ ਈਸਾਈ ਵਫ਼ਦ ਵੱਲੋਂ ਵੀ ਸਿੰਘ ਸਾਹਿਬਾਨ ਨੂੰ ਸਤਿਕਾਰ ਭੇਟ ਕੀਤਾ ਗਿਆ।