Punjab

ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਇਕੱਠਾ ਹੋਇਆ ਇਸਾਈ ਭਾਈਚਾਰਾ, ਜਾਣੋ ਪੂਰਾ ਮਾਮਲਾ

Christian community gathered against Amritpal Singh

‘ਦ ਖ਼ਾਲਸ ਬਿਊਰੋ : ਵਾਰਿਸ ਪੰਜਾਬ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਇਸਾਈ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸਾਈ ਭਾਈਚਾਰੇ ਵੱਲੋਂ ਵੱਡੀ ਗਿਣਤੀ ਵਿੱਚ ਅੰਮ੍ਰਿਤਪਾਲ ਦੇ ਖਿਲਾਫ ਜੰਲਧਰ ‘ਚ ਬੀਐੱਸਐੱਫ ਚੌਂਕ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਅੰਮ੍ਰਿਤਪਾਲ ਸਿੰਘ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਹਾਲਾਂਕਿ, ਲੋਕਾਂ ਵੱਲੋਂ ਜਲੰਧਰ ਦੇ ਪੀਏਪੀ ਚੌਂਕ ਉੱਤੇ ਆਵਾਜਾਈ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕੀਤਾ ਗਿਆ। ਦੂਰ ਦੂਰ ਤੱਕ ਲੋਕਾਂ ਦੀ ਭੀੜ ਵੇਖਣ ਨੂੰ ਮਿਲੀ। ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ। ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਵੀ ਲੋਕ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋ ਰਹੇ ਹਨ। ਇਸਾਈ ਭਾਈਚਾਰੇ ਦੇ ਆਗੂਆਂ ਵੱਲੋਂ ਲੋਕਾਂ ਨੂੰ ਸੰਬੋਧਨ ਵੀ ਕੀਤਾ ਜਾ ਰਿਹਾ ਹੈ। ਇਸਾਈ ਭਾਈਚਾਰੇ ਦੇ ਲੋਕਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉੱਤੇ ਲਿਖਿਆ ਹੋਇਆ ਸੀ ਕਿ ਯਿਸੂ ਮਸੀਹ ਹੀ ਪ੍ਰਭੂ ਹੈ, ਇਸਾਈਆਂ ਉੱਤੇ ਅੱਤਿਆਚਾਰ ਬੰਦ ਕਰੋ, ਆਦਿ।

ਇਸਾਈ ਆਗੂਆਂ ਨੇ ਅੰਮ੍ਰਿਤਪਾਲ ਨੂੰ ਕਿਹਾ ਕਿ ਅੱਧਾ ਗਿਆਨ ਹਾਨੀਕਾਰਕ ਹੁੰਦਾ ਹੈ। ਉਨ੍ਹਾਂ ਨੇ ਅੰਮ੍ਰਿਤਪਾਲ ਨੂੰ ਬਾਈਬਲ ਪੜਨ ਦੀ ਨਸੀਹਤ ਦਿੰਦਿਆਂ ਇਤਿਹਾਸ ਦੱਸਿਆ ਕਿ ਯਿਸੂ ਮਸੀਹ ਤੀਜੇ ਦਿਨ ਮੁਰਦਿਆਂ ਵਿੱਚੋਂ ਜੀਅ ਉੱਠੇ ਅਤੇ 40 ਦਿਨ ਲੋਕਾਂ ਨੂੰ ਮਿਲਦੇ ਰਹੇ ਹਨ। ਉਹ ਅੱਜ ਵੀ ਜਿਊਂਦੇ ਹਨ।

ਕਿਉਂ ਹੋ ਰਿਹਾ ਹੈ ਵਿਰੋਧ ?

ਆਖ਼ਰ ਇਸਾਈ ਭਾਈਚਾਰਾ ਅੰਮ੍ਰਿਤਪਾਲ ਦਾ ਵਿਰੋਧ ਕਿਉਂ ਕਰ ਰਿਹਾ ਹੈ ? ਇਸ ਬਾਰੇ ਅਸੀਂ ਜਾਣਦੇ ਹਾਂ। ਦਰਅਸਲ, ਇਸਾਈ ਭਾਈਚਾਰੇ ਵੱਲੋਂ ਅੰਮ੍ਰਿਤਪਾਲ ਸਿੰਘ ਉੱਤੇ ਉਨ੍ਹਾਂ ਦੇ ਪੈਗੰਬਰ ਬਾਰੇ ਗਲਟਤ ਟਿੱਪਣੀ ਕਰਨ ਦੇ ਇਲਜ਼ਾਮ ਲੱਗੇ ਹਨ।  ਪਰ ਅੰਮ੍ਰਿਤਪਾਲ ਸਿੰਘ ਨੇ ਇਸਦਾ ਸਪੱਸ਼ਟੀਕਰਨ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਨੇ ਇਸਾਈ ਭਾਈਚਾਰੇ ਨੂੰ ਜਵਾਬ ਦਿੰਦਿਆਂ ਕਿਹਾ ਕਿ ਮੈਂ ਕਿਸੇ ਦੇ ਵੀ ਪੈਗੰਬਰ ਜਾਂ ਉਨ੍ਹਾਂ ਦੀ ਬਾਣੀ ਨੂੰ ਮਾੜਾ ਨਹੀਂ ਬੋਲਿਆ, ਨਾ ਹੀ ਉਨ੍ਹਾਂ ਦੀ ਬਾਣੀ ਨੂੰ ਸ਼ੈਤਾਨ ਆਖਿਆ ਹੈ। ਜਿਨ੍ਹਾਂ ਨੇ ਆਖਿਆ ਹੈ, ਉਨ੍ਹਾਂ ਪਾਖੰਡੀ ਪਾਸਟਰਾਂ ਬਾਰੇ ਸਾਨੂੰ ਸਭ ਨੂੰ ਪਤਾ ਹੈ, ਜੋ ਆਪਣੀਆਂ ਸਟੇਜਾਂ ਤੋਂ ਕਹਿੰਦੇ ਹਨ ਕਿ ਗੁਰੂ ਦੀ ਬਾਣੀ ਸ਼ੈਤਾਨ ਹੈ, ਗੁਰੂ ਘਰ ਦਾ ਪ੍ਰਸ਼ਾਦ ਨਹੀਂ ਲੈਣਾ ਕਿਉਂਕਿ ਉਹ ਸ਼ੈਤਾਨ ਦੇ ਘਰ ਦਾ ਪ੍ਰਸ਼ਾਦਿ ਹੈ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ (ਪਾਖੰਡੀ ਪਾਸਟਰ) ਸਾਨੂੰ ਇਹ ਗੱਲ ਕਹੀ ਸੀ ਕਿ ਤੁਹਾਡਾ ਗੁਰੂ ਤੁਹਾਨੂੰ ਨਹੀਂ ਬਚਾ ਸਕਦਾ ਤਾਂ ਕਰਕੇ ਉਸਦੇ ਬਦਲੇ ਮੈਂ ਇਹ ਗੱਲ ਕਹੀ ਸੀ ਕਿ ਤਾਂ ਫਿਰ ਤੁਹਾਡਾ ਪੈਗੰਬਰ ਖੁਦ ਨੂੰ ਕਿਉਂ ਨਹੀਂ ਬਚਾ ਪਿਆ।

 

Amritpal Singh
ਅੰਮ੍ਰਿਤਪਾਲ ਸਿੰਘ

ਕੀ ਹੈ ਵਿਵਾਦ ?

ਦਰਅਸਲ, ਅੰਮ੍ਰਿਤਪਾਲ ਸਿੰਘ ਨੇ 11 ਅਕਤੂਬਰ ਨੂੰ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਸੀ ਕਿ ਕਈ ਪਰਿਵਾਰ ਪਾਸਟਰਾਂ ਵੱਲੋਂ ਠੱਗੇ ਗਏ ਹਨ, ਪਾਸਟਰਾਂ ਨੇ ਬਿਮਾਰੀ ਠੀਕ ਕਰਨ ਦਾ ਬਹਾਨਾ ਲਾ ਕੇ ਕਈ ਪਰਿਵਾਰਾਂ ਨੂੰ ਆਪਣੇ ਪਿੱਛੇ ਲਾਇਆ। ਸਾਡਾ ਫਰਜ਼ ਬਣਦਾ ਹੈ ਕਿ ਨੌਜਵਾਨਾਂ ਨੂੰ ਪ੍ਰੇਮ ਪਿਆਰ ਨਾਲ ਸਮਝਾਇਆ ਜਾਵੇ ਕਿ ਜਦੋਂ ਯਿਸੂ ਮਸੀਹ ਨੂੰ ਸੂਲੀ ਉੱਤੇ ਟੰਗਿਆ ਜਾ ਰਿਹਾ ਸੀ ਤਾਂ ਯਿਸੂ ਮਸੀਹ ਆਪਣੇ ਆਪ ਨੂੰ ਨਹੀਂ ਬਚਾ ਸਕੇ ਸੀ ਤਾਂ ਫਿਰ ਤੁਸੀਂ ਦੱਸੋ ਕਿ ਇਹ ਤੁਹਾਡੀ ਕੀ ਰਾਖੀ ਕਰਨਗੇ। ਹੁਣ ਸਵਾਲ ਉੱਠਣਗੇ ਕਿ ਗੁਰੂ ਜੀ ਨੂੰ ਤੱਤੀ ਤਵੀ ਉੱਤੇ ਕਿਉਂ ਬਿਠਾਇਆ ਸੀ ਤਾਂ ਅੰਮ੍ਰਿਤਪਾਲ ਨੇ ਜਵਾਬ ਦਿੱਤਾ ਕਿ ਗੁਰੂ ਸਾਹਿਬ ਜੀ ਨੇ ਤੱਤੀ ਤਵੀ ਦੀ ਆਪ ਸਵੈ ਚੋਣ ਕੀਤੀ ਸੀ, ਪਰਮਾਤਮਾ ਨੂੰ ਕੋਈ ਮਿਹਣਾ ਨਹੀਂ ਸੀ ਮਾਰਿਆ।

ਅੰਮ੍ਰਿਤਪਾਲ ਸਿੰਘ ਨੇ ਪੈਗੰਬਰ ਈਸਾ ਮਸੀਹ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਉਸ ਪੈਗੰਬਰ ਨੂੰ ਜਦੋਂ ਸੂਲੀ ਚਾੜਨ ਲੱਗੇ ਸਨ ਤਾਂ ਪੈਗੰਬਰ ਨੇ ਪਰਮਾਤਮਾ ਨੂੰ ਮਿਹਣਾ ਮਾਰਿਆ ਕਿ ਪਰਮਾਤਮਾ ਤੂੰ ਮੇਰਾ ਸਾਥ ਕਿਉਂ ਛੱਡ ਦਿੱਤਾ। ਪਰ ਦੂਜੇ ਪਾਸੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਵੇਲੇ ਕਹਿੰਦੇ ਹਨ ਕਿ ਤੇਰਾ ਭਾਣਾ ਮੀਠਾ ਲਾਗੈ।। ਅਸੀਂ ਉਨ੍ਹਾਂ ਦੇ ਪੁੱਤਰ ਹਾਂ, ਜਿਨ੍ਹਾਂ ਨੇ ਬੰਦ ਬੰਦ ਕਟਾ ਲਏ, ਖੋਪੜੀਆਂ ਲੁਹਾ ਲਈਆਂ ਸੀਹ ਤੱਕ ਨਹੀਂ ਕੀਤੀ, ਮਿਹਣਾ ਮਾਰਨਾ ਤਾਂ ਦੂਰ ਦੀ ਗੱਲ ਹੈ। ਸਾਲ 1984 ਕਤਲੇਆਮ ਵਿੱਚ ਵੀ ਕਈ ਗੁਰਸਿੱਖਾਂ ਨੇ ਤਸੀਹੇ ਝੱਲਦਿਆਂ ਪਰਮਾਤਮਾ ਦਾ ਸ਼ੁਕਰ ਕੀਤਾ ਹੈ। ਅੰਮ੍ਰਿਤਪਾਲ ਨੇ ਕਿਹਾ ਕਿ 500 ਸਾਲ ਤੋਂ ਅਸੀਂ ਲਹੂ ਡੋਲਿਆ, ਜ਼ੁਲਮ ਦਾ ਟਾਕਰਾ ਸਿੱਖਾਂ ਨੇ ਕੀਤਾ ਹੈ। ਜੇ ਕੋਈ ਸਾਨੂੰ ਆ ਕੇ ਸਾਡੇ ਗੁਰੂ ਨੂੰ ਸ਼ੈਤਾਨ ਕਹੇ, ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਜਿਹੋ ਜਿਹੀਆਂ ਇਹ ਗੱਲਾਂ ਕਰਨਗੇ, ਉਹੋ ਜਿਹੀਆਂ ਹੀ ਇਨ੍ਹਾਂ ਨੂੰ ਸੁਣਨ ਨੂੰ ਮਿਲਣਗੀਆਂ। ਅੰਮ੍ਰਿਤਪਾਲ ਨੇ ਕਿਹਾ ਕਿ ਅਸੀਂ ਸਿੱਖ ਬਣਾਉਣ ਵਾਸਤੇ ਕਿਸੇ ਦੇ ਘਰ ਦਾ ਕੁੰਡਾ ਨਹੀਂ ਖੜਕਾਇਆ, ਸਾਨੂੰ ਕਿਸੇ ਗੱਲ ਦੀ ਘਾਟ ਨਹੀਂ ਪਰ ਤੁਸੀਂ ਘਰਾਂ ਘਰਾਂ ਵਿੱਚ ਜਾ ਕੇ ਪੋਸਟਰ ਵੰਡ ਕੇ ਇਹ ਕਹਿੰਦੇ ਹੋ ਕਿ ਤੁਹਾਡਾ ਗੁਰੂ ਤੁਹਾਨੂੰ ਨਹੀਂ ਬਚਾ ਸਕਦਾ।

Amritpal Singh
ਅੰਮ੍ਰਿਤਪਾਲ ਸਿੰਘ

ਅੰਮ੍ਰਿਤਪਾਲ ਨੇ ਸੀਐੱਨਸੀਐੱਨ ਦੀ ਜਾਰੀ ਇੱਕ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਬਾਹਰ ਕੈਥੋਲਿਕ ਚਰਚਾਂ ਦੇ ਪਾਦਰੀਆਂ ਨੇ ਪਿਛਲੇ 70 ਸਾਲਾਂ ਵਿੱਚ ਦੋ ਲੱਖ ਤੋਂ ਵੱਧ ਬੱਚਿਆਂ ਦਾ ਸਰੀਰਕ ਸ਼ੋਸ਼ਣ ਕੀਤਾ ਹੈ। ਇਹ ਕੈਸੀ ਮਰਿਆਦਾ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਜਿਹੜਾ ਗੁਰੂ ਘਰ ਦੇ ਦਰ ਉੱਤੇ ਆਇਆ ਉਸਨੂੰ ਦੇਗ ਦਿੱਤੀ ਜਾਂਦੀ ਹੈ ਪਰ ਜਿਹੜਾ ਚੜ ਕੇ ਆਇਆ ਉਸਨੂੰ ਤੇਗ ਦਿੱਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕੋਈ ਗੁਰੂ ਦੀ ਬੇਅਦਬੀ ਕਰਨ ਆ ਗਿਆ ਤਾਂ ਉਸਦਾ ਸੋਧਾ ਸਿੱਖ ਲਾਉਣਗੇ, ਉਦੋਂ ਸਭ ਕਾਨੂੰਨ ਭੁੱਲ ਜਾਵਾਂਗੇ।

30 ਅਕਤੂਬਰ ਲਈ ਸੱਦਾ

ਅੰਮ੍ਰਿਤਪਾਲ ਨੇ ਸੰਗਤ ਨੂੰ ਸੱਦਾ ਵੀ ਦਿੱਤਾ ਕਿ 30 ਅਕਤੂਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਛਕ ਕੇ ਘਰੇ ਨਹੀਂ ਬੈਠਣਾ, ਗੁਰੂ ਦਾ ਬਚਨ ਮੰਨਣਾ ਹੈ। ਮਰਨ ਦਾ ਭੈਅ ਖ਼ਤਮ ਕਰਨਾ ਹੈ ਅਤੇ ਜੇ ਕਦੇ ਪੰਥ ਦੀ ਖਾਤਰ ਸ਼ਹਾਦਤ ਦੇਣੀ ਪੈ ਜਾਵੇ ਤਾਂ ਪਿੱਛੇ ਨਹੀਂ ਹਟਣਾ। ਤਿਆਰ ਰਹਿਓ ਕਿਉਂਕਿ ਕੌਮ ਉੱਤੇ ਅੱਗੇ ਸਮਾਂ ਮਾੜਾ ਆਉਣ ਵਾਲਾ ਹੈ।