India Punjab

ਵਾਹ ਚੰਨੀ ਸਾਹਿਬ ! ਤੁਹਾਡੇ ਰਾਜ ‘ਚ ਮੰਤਰੀਆਂ ਨੂੰ ਗੱਫੇ, ਕਿਸਾਨਾਂ ਨੂੰ ਧੱਫੇ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਮੁੱਖ ਮੰਤਰੀ ਚੰਨੀ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਨਰਮੇ ਦਾ ਬਣਦਾ ਮੁਆਵਜ਼ਾ ਦੇਣ ਤੋਂ ਦੋ ਟੁੱਕ ਨਾ ਕਰ ਦਿੱਤੀ ਗਈ ਹੈ। ਸਰਕਾਰ ਨੇ 12 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਉਂਦਿਆਂ ਕਹਿ ਦਿੱਤਾ ਕਿ 60 ਹਜ਼ਾਰ ਦੀ ਆਸ ਛੱਡ ਦੇਣ। ਸਰਕਾਰ ਦਾ ਕਹਿਣਾ ਹੈ ਕਿ ਜੇ ਇੱਕ ਵਾਰ ਏਨਾ ਮੁਆਵਜ਼ਾ ਦੇ ਦਿੱਤਾ ਗਿਆ ਤਾਂ ਭਵਿੱਖ ਲਈ ਰੀਤ ਬਣ ਜਾਵੇਗੀ। ਦੂਜੇ ਪਾਸੇ ਸਰਕਾਰ ਕੋਲ ਮੰਤਰੀਆਂ ਨੂੰ ਨਵੀਆਂ ਗੱਡੀਆਂ ਲੈ ਕੇ ਦੇਣ ਲਈ ਖ਼ਜ਼ਾਨਾ ਮੂੰਹੋਂ-ਮੂੰਹ ਭਰਿਆ ਪਿਆ ਹੈ। ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਵਾ ਚਾਰ ਕਰੋੜ ਰੁਪਏ ਨਾਲ 26 ਵਿਧਾਇਕਾਂ ਵਾਸਤੇ ਨਵੀਆਂ ਗੱਡੀਆਂ ਖਰੀਦ ਲਈਆਂ ਗਈਆਂ ਹਨ। ਵਿੱਤ ਵਿਭਾਗ ਨੇ ਨਵੀਆਂ ਗੱਡੀਆਂ ਖਰੀਦਣ ਦਾ ਪ੍ਰਸਤਾਵ ਰੱਦ ਕਰ ਦਿੱਤਾ ਗਿਆ ਸੀ ਪਰ ਮੁੱਖ ਮੰਤਰੀ ਨੇ ਨਿੱਜੀ ਦਿਲਚਸਪੀ ਲੈ ਕੇ ਰਕਮ ਰਿਲੀਜ਼ ਕਰਵਾ ਲਈ।

ਮੁਹਾਲੀ ਦੇ ਇੱਕ ਸ਼ੋਅਰੂਮ ਖਰੀਦੀਆਂ ਇਨ੍ਹਾਂ ਗੱਡੀਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਹੈ। ਅਸਲ ਵਿੱਚ ਪੰਜਾਬ ਦੀ ਵਿੱਤੀ ਹਾਲਤ ਡਗਮਗਾ ਰਹੀ ਹੈ। ਪਿਛਲੇ 10 ਸਾਲਾਂ ਵਿੱਚ ਪੰਜਾਬ ਸਿਰ ਪੌਣੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ ਚੁੱਕਿਆ ਹੈ। ਸਾਲ 2020-21 ਵਿੱਚ ਹੀ 20823 ਕਰੋੜ ਰੁਪਏ ਦਾ ਕਰਜ਼ਾ ਹੋਰ ਲੈਣਾ ਪੈ ਗਿਆ ਸੀ।

ਪੰਜਾਬ ਸਰਕਾਰ ਦੇ ਬਣਦੇ ਮੁਆਵਜ਼ੇ ਨੂੰ ਦੇਣ ਤੋਂ ਮੂੰਹ ਵੱਟਣ ਤੋਂ ਬਾਅਦ ਕਿਸਾਨਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਰ ਲਗਾਤਾਰ ਘੇਰਿਆ ਹੋਇਆ ਹੈ। ਦੂਜੇ ਪਾਸੇ ਉੱਚ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਮੁਆਵਜ਼ੇ ਦੀ 12 ਹਜ਼ਾਰ ਰਕਮ ਵਧਾ ਕੇ 16 ਹਜ਼ਾਰ ਕਰਨ ਦੇ ਰੌਂਅ ਵਿੱਚ ਹੈ। ਮੁੱਖ ਮੰਤਰੀ ਨੇ ਇਸ ਲਈ ਇੱਕ ਮੀਟਿੰਗ ਵੀ ਸੱਦ ਲਈ ਹੈ, ਜਿਸ ਵਿੱਚ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਨਾਲ ਮੰਤਰੀ ਅਰੁਣਾ ਚੌਧਰੀ ਮੌਜੂਦ ਰਹਿਣਗੇ। ਨਰਮਾ ਪੱਟੀ ਵਜੋਂ ਜਾਣੇ ਜਾਂਦੇ ਚਾਰ ਜ਼ਿਲ੍ਹਿਆਂ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਅਤੇ ਫਾਜ਼ਿਲਕਾ ਵਿੱਚ ਗੁਲਾਬੀ ਸੁੰਡੀ ਨਾਲ ਨਰਮੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਸੀ।

ਚੰਨੀ ਨੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਆਪ ਹੈਲੀਕਾਪਟਰ ‘ਤੇ ਗੇੜਾ ਲਾਇਆ ਅਤੇ ਮੌਕੇ ‘ਤੇ ਚੰਗਾ ਮੁਆਵਜ਼ਾ ਦੇਣ ਦਾ ਐਲਾਨ ਕਰ ਦਿੱਤਾ ਪਰ ਹੁਣ ਜਦੋਂ ਗਿਰਦਾਵਰੀ ਤੋਂ ਬਾਅਦ ਪੈਸੇ ਰਿਲੀਫ਼ ਕਰਨ ਦੀ ਗੱਲ ਆਈ ਤਾਂ ਸੂਈ 12 ਹਜ਼ਾਰ ‘ਤੇ ਅੜ ਗਈ। ਕਿਸਾਨ 60 ਹਜ਼ਾਰ ਤੋਂ ਘੱਟ ਲੈਣ ਨੂੰ ਤਿਆਰ ਨਹੀਂ। ਦੂਜੇ ਪਾਸੇ ਸਰਕਾਰ ਬਜ਼ਿੱਦ ਹੈ ਕਿ 16 ਹਜ਼ਾਰ ਤੋਂ ਵੱਧ ਮੁਆਵਜ਼ਾ ਨਹੀਂ ਦੇਣਾ ਨਹੀਂ ਤਾਂ ਭਵਿੱਖ ਵਿੱਚ ਰੀਤ ਬਣ ਜਾਵੇਗੀ। ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਦਾ ਕਹਿਣਾ ਹੈ ਕਿ 60 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਨਿਯਮਾਂ ਅਨੁਸਾਰ ਰਕਮ 12 ਹਜ਼ਾਰ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਇਸ ਵਾਰ ਕਿਸਾਨਾਂ ਦੀ ਗੱਲ ਮੰਨ ਲਈ ਤਾਂ ਸਭ ਦਾ ਮੂੰਹ ਸਦਾ ਲਈ ਖੁੱਲ੍ਹ ਜਾਵੇਗਾ।

ਕਹਿਣਾ ਪਵੇਗਾ ਕਿ ਪੰਜਾਬ ਵਿੱਚ ਸਰਕਾਰ ਬਦਲੀ ਹੈ। ਨੀਤੀ ਅਤੇ ਨੀਅਤ ਵਿੱਚ ਕੋਈ ਫਰਕ ਨਹੀਂ ਪਿਆ। ਮਹਿਲਾਂ ਵਿੱਚ ਬੈਠ ਕੇ ਫੈਸਲੇ ਲੈਣ ਵਾਲੇ ਅਮਰਿੰਦਰ ਸਿੰਘ ਹੋਣ ਜਾਂ ਫਿਰ ਸੜਕਾਂ ‘ਤੇ ਖੜ੍ਹ ਕੇ ਲੋਕਾਂ ਦੇ ਕੰਮਾਂ ਲਈ ਫੋਨ ਕਰਕੇ ਚਰਨਜੀਤ ਸਿੰਘ ਚੰਨੀ ਦੀ ਗੱਲ ਕਰੀਏ ਤਾਂ ਇੰਝ ਲੱਗਦਾ ਹੈ ਕਿ ਜਨਤਾ ਲਈ ਸਭ ਦੀ ਪਹੁੰਚ ਇੱਕੋ ਜਿੰਨੀ ਮਾਰੂ ਹੈ।