India Punjab

ਕਿਸਾਨ ਮੋਰਚਾ ਨੇ ਆਪਣਾ ਪ੍ਰੋਗਰਾਮ ਇੱਕ ਦਿਨ ਅੱਗੇ ਪਾਇਆ, ਪੜ੍ਹੋ ਕਿਉਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ ਆਪਣੇ ਤੈਅ ਕੀਤੇ ਪ੍ਰੋਗਰਾਮ ਵਿੱਚ ਥੋੜ੍ਹੀ ਜਿਹੀ ਤਬਦੀਲੀ ਕਰ ਦਿੱਤੀ ਹੈ। ਹੁਣ ਕਿਸਾਨ 15 ਅਕਤੂਬਰ ਦੀ ਜਗ੍ਹਾ 16 ਅਕਤੂਬਰ ਨੂੰ ਸਿਆਸੀ ਲੀਡਰਾਂ ਦੇ ਪੁਤਲੇ ਫੂਕਣਗੇ। ਦੁਸ਼ਹਿਰੇ ਦੇ ਦਿਨ ਕਿਸਾਨ ਪੁਤਲੇ ਨਹੀਂ ਸਾੜਨਗੇ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਅਸੀਂ 15 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਪੁਤਲੇ ਫੂਕਣੇ ਸਨ ਪਰ ਸਾਡੇ ਇਸ ਪ੍ਰੋਗਰਾਮ ਨੂੰ ਕੁੱਝ ਲੋਕਾਂ ਨੇ ਹਿੰਦੂ-ਸਿੱਖ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਤੁਹਾਨੂੰ ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ 15 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਇੱਕ ਹੋਰ ਸਿਆਸੀ ਲੀਡਰ ਜੋ ਸਾਰੇ ਸੂਬੇ ਆਪਣੇ ਅਨੁਸਾਰ ਕਿਸੇ ਵੀ ਮੰਤਰੀ ਦਾ ਨਾਂ ਤੈਅ ਕਰ ਸਕਦੇ ਹਨ, ਦੇ ਪੁਤਲੇ ਫੂਕਣ ਦੀ ਅਪੀਲ ਕੀਤੀ ਗਈ ਸੀ। ਪਰ ਬੀਜੇਪੀ ਵੱਲੋਂ ਕਿਸਾਨਾਂ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਸਵਾਲ ਚੁੱਕੇ ਗਏ ਸਨ ਕਿ ਕਿਸਾਨ ਲੀਡਰ ਹਰ ਵਾਰ ਹਿੰਦੂ ਤਿਉਹਾਰਾਂ ਮੌਕੇ ਹੀ ਅਜਿਹੇ ਫੈਸਲੇ ਦਿੰਦੇ ਹਨ ਅਤੇ ਹਿੰਦੂ ਤਿਉਹਾਰਾਂ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਵੱਲੋਂ ਕਿਸਾਨ ਮੋਰਚੇ ਦੇ ਇਸ ਫੈਸਲੇ ਨੂੰ ਹਿੰਦੂ-ਸਿੱਖ ਦਾ ਰੰਗ ਦਿੱਤਾ ਜਾ ਰਿਹਾ ਸੀ। ਇਸ ਲਈ ਸੰਯੁਕਤ ਕਿਸਾਨ ਮੋਰਚਾ ਨੂੰ ਆਪਣਾ ਇਹ ਪ੍ਰੋਗਰਾਮ ਇੱਕ ਦਿਨ ਅੱਗੇ ਪਾਉਣਾ ਪਿਆ।