India Punjab

ਚੰਨੀ ਨੇ ਕੇਜਰੀਵਾਲ ਨੂੰ ਲਿਆ ਆੜੇ ਹੱਥੀਂ, ਅਦਾਲਤ ‘ਚ ਕਰਨਗੇ ਹੱਤਕ ਦਾ ਕੇਸ ਦਾਇਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲਿਆ ਹੈ। ਚੰਨੀ ਨੇ ਕੇਜਰੀਵਾਲ ਦੇ ਤਾਜ਼ਾ ਟਵੀਟ ‘ਤੇ ਗੁੱਸੇ ਦਾ ਇਜ਼ਹਾਰ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੂੰ ਬੇਈਮਾਨ ਦੱਸਿਆ ਹੈ। ਉਨ੍ਹਾਂ ਨੇ ਅੱਜ ਬੜੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਇਲਜ਼ਾਮ ਲਾਉਣ ਦੀ ਵੀ ਕੋਈ ਹੱਦ ਹੁੰਦੀ ਹੈ ਅਤੇ ਕੇਜਰੀਵਾਲ ਸਾਰੀਆਂ ਹੱਦਾਂ ਪਾਰ ਕਰ ਗਏ ਹਨ ਜਿਸ ਕਰਕੇ ਉਹ ਕੇਜਰੀਵਾਲ ਦੇ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨਗੇ।

ਚੰਨੀ ਨੇ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਿਰਫ਼ ਇੱਕ ਵਾਰ ਗੋਰੇ ਅਤੇ ਕਾਲੇ ਅੰਗਰੇਜ਼ ਦੇ ਦਿੱਤੇ ਬਿਆਨ ਤੋਂ ਬਾਅਦ ਕੇਜਰੀਵਾਲ ਉਨ੍ਹਾਂ ਦੇ ਮਗਰ ਪੈ ਗਏ ਹਨ। ਉਨ੍ਹਾਂ ਨੇ ਕੇਜਰੀਵਾਲ ਨੂੰ ਸਲਾਹ ਵੀ ਦਿੱਤੀ ਕਿ ਜਦੋਂ ਉਹ ਸਾਬਕਾ ਕੇਂਦਰੀ ਮੰਤਰੀ ਮਰਹੂਮ ਅਰੁਣ ਜੇਤਲੀ ਅਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਉੱਤੇ ਨਸ਼ਾ ਤਸਕਰੀ ਦਾ ਇਲਜ਼ਾਮ ਲਗਾ ਕੇ ਮੁਆਫੀ ਮੰਗ ਚੁੱਕੇ ਹਨ ਤਾਂ ਉਨ੍ਹਾਂ ਨੂੰ ਆਪਣੀ ਜ਼ੁਬਾਨ ‘ਤੇ ਲਗਾਮ ਰੱਖਣੀ ਚਾਹੀਦੀ ਸੀ। ਮੁੱਖ ਮੰਤਰੀ ਨੇ ਕੇਜਰੀਵਾਲ ਵੱਲੋਂ ਉਨ੍ਹਾਂ ‘ਤੇ ਵਾਰ-ਵਾਰ ਝੂਠੇ ਇਲਜ਼ਾਮ ਲਾਉਣ ‘ਤੇ ਵੀ ਹਿਰਖ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਆਪਣੇ ਸੋਸ਼ਲ ਮੀਡੀਆ ‘ਤੇ ਮੇਰੀ ਫੋਟੋ ਲਗਾ ਕੇ ਵਾਰ-ਵਾਰ ਬਦਨਾਮ ਕਰ ਰਹੇ ਹਨ। ਜਿਸਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਈਡੀ ਦੀ ਛਾਪੇਮਾਰੀ ਦੌਰਾਨ ਜਿਹੜੀ ਰਕਮ ਉਨ੍ਹਾਂ ਦੇ ਭਾਣਜੇ ਘਰੋਂ ਮਿਲੀ ਹੈ, ਉਸ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ। ਉਹ ਪਹਿਲਾਂ ਵੀ ਇਹ ਮੀਡੀਆ ਰਾਹੀਂ ਸਪੱਸ਼ਟ ਕਰ ਚੁੱਕੇ ਹਨ। ਚੰਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ‘ਤੇ ਮਾਣਹਾਨੀ ਦਾ ਕੇਸ ਦਰਜ ਕਰਨ ਲਈ ਕਾਂਗਰਸ ਪਾਰਟੀ ਤੋਂ ਪ੍ਰਵਾਨਗੀ ਮੰਗੀ ਹੈ। ਪ੍ਰਵਾਨਗੀ ਮਿਲਣ ‘ਤੇ ਉਹ ਕੇਸ ਦਾਇਰ ਕਰਨ ਤੋਂ ਪਿੱਛੇ ਨਹੀਂ ਹਟਣਗੇ।

ਦਰਅਸਲ, ਕੇਜਰੀਵਾਲ ਨੇ ਈਡੀ ਦੇ ਛਾਪਿਆਂ ‘ਤੇ ਚੰਨੀ ਨੂੰ ਸਿੱਧੇ ਹੱਥੀਂ ਲੈਂਦਿਆਂ ਟਵੀਟ ਕੀਤਾ ਸੀ ਕਿ ਸਾਡੇ ਸਰਵੇ ਦੱਸਦੇ ਹਨ ਕਿ ਸ਼੍ਰੀ ਚਮਕੌਰ ਸਾਹਿਬ ਤੋਂ ਚੰਨੀ ਹਾਰ ਰਹੇ ਹਨ। ਟੀਵੀ ‘ਤੇ ਈਡੀ ਦੇ ਅਫਸਰਾਂ ਵੱਲੋਂ ਮੋਟੇ-ਮੋਟੇ ਨੋਟਾਂ ਦੀਆਂ ਗੁੱਥੀਆਂ ਗਿਣਦੇ ਦੇਖ ਕੇ ਲੋਕ ਸਦਮੇ ਵਿੱਚ ਹਨ। ਚੰਨੀ ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੀ ਚਮਕੌਰ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ।