Punjab

“ਆਪਣੇ ਭੇਦ ਖੁਲਣ ਦੇ ਡਰੋਂ ਸਰਕਾਰ ਨੇ ਗੈਂਗਸਟਰ ਜੇਲ੍ਹ ਵਿੱਚ ਹੀ ਮਰਵਾਏ”,ਮਜੀਠੀਆ ਦਾ ਪੰਜਾਬ ਸਰਕਾਰ ‘ਤੇ ਵੱਡਾ ਇਲਜ਼ਾਮ

ਚੰਡੀਗੜ੍ਹ :  ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪ ਸਰਕਾਰ ‘ਤੇ ਵਰਦਿਆਂ ਵੱਡੇ ਤੇ ਗੰਭੀਰ ਇਲਜ਼ਾਮ ਪੰਜਾਬ ਸਰਕਾਰ ‘ਤੇ ਲਾਏ ਹਨ। ਉਹਨਾਂ ਅਜਨਾਲਾ ਘਟਨਾ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਭੂਮਿਕਾ ਬਾਰੇ ਸਵਾਲ ਖੜੇ ਕੀਤੇ ਹਨ ਤੇ ਚਿੰਤਾ ਜ਼ਾਹਿਰ ਕੀਤੀ ਹੈ। ਮਜੀਠੀਆ ਨੇ ਇਹ ਵੀ ਕਿਹਾ ਹੈ ਕਿ ਥਾਣੇ ਵਿੱਚ ਜੋ ਕੁੱਝ ਹੋਇਆ ,ਉਸ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਹੋਇਆ ਹੈ। ਇਸ ਤੋਂ ਇਲਾਵਾ ਦਿੱਲੀ ਵਿੱਖੇ ਸੀਬੀਆਈ ਵੱਲੋਂ ਆਪ ਲੀਡਰ ‘ਤੇ ਕੀਤੀ ਕਾਰਵਾਈ ਬਾਰੇ ਵੀ ਸਰਕਾਰ ਤੋਂ ਸਵਾਲ ਪੁੱਛੇ ਹਨ ।

ਮਾਨ ਸਰਕਾਰ ਦੇ ਸਮੇਂ ਹੋਈਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਮਜੀਠੀਆ ਨੇ ਇਲਜ਼ਾਮ ਲਗਾਇਆ ਹੈ ਕਿ ਦਿੱਲੀ ਪੁਲਿਸ ਨੇ ਸਖ਼ਤ ਮੁਸ਼ਕਤ ਕਰਕੇ ਅਪਰਾਧੀਆਂ ਨੂੰ ਫੜਿਆ ਹੈ ਤੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਪਰ ਇਹਨਾਂ ਨੂੰ ਪੰਜਾਬ ਸਰਕਾਰ ਨੇ ਜੇਲ੍ਹ ਵਿੱਚ ਹੀ ਮਰਵਾ ਦਿੱਤਾ ਹੈ ਤਾਂ ਜੋ ਸੱਚ ਸਾਹਮਣੇ ਨਾ ਆ ਸਕੇ ਤੇ ਇਹਨਾਂ ਨੂੰ ਮਾਰਨ ਦੀ ਜਿੰਮੇਵਾਰੀ ਵੀ ਗੋਲਡੀ ਬਰਾੜ ਨੇ ਲਈ ਹੈ,ਜਿਸ ਬਾਰੇ ਮਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਹ ਗ੍ਰਿਫਤਾਰ ਹੋ ਚੁੱਕਾ ਹੈ। ਅੱਜ ਪਟਿਆਲਾ,ਤਰਨਤਾਰਨ ਵਿੱਚ ਕਤਲ ਹੋਏ ਹਨ ਤੇ ਜੇਲ੍ਹ ਵਿੱਚ ਵਾਪਰੀ ਘਟਨਾ ਕਾਰਨ ਮਾਹੌਲ ਹੋਰ ਖਰਾਬ ਹੋ ਗਿਆ ਹੈ। ਇਸ ਤੋਂ ਪਹਿਲਾਂ ਅਜਾਨਾਲਾ ਵਿੱਚ ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ ਪਰ ਮੁੱਖ ਮੰਤਰੀ ਸਾਹਿਬ ਸੂਬੇ ਤੋਂ ਬਾਹਰ ਹੀ ਘੁੰਮ ਰਹੇ ਹਨ। ਮਜੀਠੀਆ ਨੇ ਮਾਨ ਸਰਕਾਰ ‘ਤੇ ਭ੍ਰਿਸ਼ਟਾਚਾਰ ਦਾ ਵੀ ਇਲਜ਼ਾਮ ਲਗਾਇਆ ਹੈ।

ਅਕਾਲੀ ਦਲ ਆਗੂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਦਿੱਲੀ ਵਿੱਚ ਸ਼ਰਾਬ ਦੇ ਠੇਕਿਆਂ ਰਾਹੀਂ ਕੁੱਝ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਪਹੁੰਚਾਇਆ ਗਿਆ,ਜਿਹਨਾਂ ਵਿੱਚ ਜ਼ੀਰਾ ਫੈਕਟਰੀ ਵਾਲਾ ਦੀਪ ਮਲਹੋਤਰਾ ਵੀ ਸੀ। ਜਿਸ ਨੇ ਸਰਕਾਰ ਦੀ ਸ਼ਹਿ ‘ਤੇ ਘੱਪਲਾ ਕਰ ਕੇ ਪੈਸੇ ਕਮਾਏ ਹਨ। ਇਹੀ ਕਾਰਨ ਹੈ ਕਿ ਸਰਕਾਰ ਹਾਲੇ ਤੱਕ ਇਸ ਦੀ ਫੈਕਟਰੀ ਨੂੰ ਬੰਦ ਨਹੀਂ ਕਰ ਸਕੀ ਹੈ ਕਿਉਂਕਿ ਸਰਕਾਰ ਨੂੰ ਆਪਣਾ ਭੇਦ ਖੁਲਣ ਦਾ ਡਰ ਹੈ। ਦਿੱਲੀ ਦੀ ਪਾਲਿਸੀ ਵਾਂਗ ਪੰਜਾਬ ਦੀ ਪਾਲਿਸੀ ਵੀ ਦਿੱਲੀ ਹੀ ਬਣਾਈ ਗਈ ਹੈ ,ਜਿਸ ਦਾ ਦਾਅਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁੱਦ ਕੀਤਾ ਹੈ।ਇਸ ਪਾਲਿਸੀ ਰਾਹੀਂ ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਖਰਚਿਆ ਜਾ ਰਿਹਾ ਹੈ ।

ਮਜੀਠੀਆ ਨੇ ਇਹ ਵੀ ਗੱਲ ਆਖੀ ਕਿ ਦਿੱਲੀ ਦੀ ਪੁਲਿਸ ਦਿੱਲੀ ਸਰਕਾਰ ਹੇਠ ਹੈ। ਇਸ ਲਈ ਦਿੱਲੀ ਦੀਆਂ ਜੇਲ੍ਹਾਂ ਵਿੱਚ ਅਪਰਾਧੀਆਂ ਤੇ ਦਿੱਲੀ ਸਰਕਾਰ ਮੰਤਰੀਆਂ ਨੂੰ ਸਹੂਲਤਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ।

ਮਜੀਠੀਆ ਨੇ ਸੀਬੀਆਈ ਨੂੰ ਬੇਨਤੀ ਕੀਤੀ ਕਿ ਦਿੱਲੀ ਸ਼ਰਾਬ ਮਾਮਲੇ ਦੀ ਚੰਗੀ ਤਰਾਂ ਜਾਂਚ ਕੀਤੀ ਜਾਵੇ ਤੇ ਪੰਜਾਬ ਦੇ ਜਿਹੜੇ ਵੀ ਅਫਸਰ ਇਸ ਵਿੱਚ ਸ਼ਾਮਲ ਹਨ,ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ। ਆਪ ਪਾਰਟੀ ਵਿੱਚ ਆ ਕੇ ਸਾਰੇ ਧੋਣੇ ਧੋ ਹੋ ਜਾਂਦੇ ਮਤਲਬ ਆਪ ਵਿੱਚ ਆਉਣ ਵਾਲਿਆਂ ਦੇ ਸਾਰੇ ਗੁਨਾਹ ਮਾਫ ਹੋ ਜਾਂਦੇ ਹਨ। ਆਪ ਲੀਡਰਾਂ ਨੇ ਸੁਰੱਖਿਆ ਲੈਣ ਤੋਂ ਮਨਾ ਕੀਤਾ ਸੀ ਪਰ ਹੁਣ ਸਾਰਿਆਂ ਤੋਂ ਵੱਧ ਸੁਰੱਖਿਆ ਇਹਨਾਂ ਦੇ ਪਰਿਵਾਰਾਂ ਕੋਲ ਹੈ।ਇਸ ਲਈ ਆਪ ਦੀ ਭਰੋਸੇਯੋਗਤਾ ਹੁਣ ਖ਼ਤਮ ਹੋ ਚੁੱਕੀ ਹੈ ।

ਰਾਜਪਾਲ ਨਾਲ ਮਾਨ ਸਰਕਾਰ ਦੇ ਚੱਲ ਰਹੇ ਵਿਵਾਦ ‘ਤੇ ਵੀ ਮਜੀਠੀਆ ਨੇ ਗੱਲ ਕੀਤੀ ਹੈ ਤੇ ਕਿਹਾ ਹੈ ਕਿ ਪੰਜਾਬ ਵਿੱਚ ਚੁਣੀ ਹੋਈ ਸਰਕਾਰ ਹੈ ਪਰ ਬੇਨਿਯਮੀਆਂ ਕਾਰਨ ਸਾਰਾ ਮਾਹੌਲ ਵਿਗੜ ਚੁੱਕਾ ਹੈ।ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਵਿੱਚ ਸੁਰੱਖਿਆ ਇੱਕ ਵੱਡਾ ਮੁੱਦਾ ਹੈ ਪਰ ਮਾਨ ਸਰਕਾਰ ਸੁੱਤੀ ਪਈ ਹੈ ।ਅਜਨਾਲਾ ਘਟਨਾ ਵੀ ਸਰਕਾਰ ਦੀ ਮਿਲੀਭੁਗਤ ਨਾਲ ਹੋਈ ਹੈ। ਮਜੀਠੀਆ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਜਨਾਲਾ ਘਟਨਾ ਤੋਂ ਬਾਅਦ ਅੰਮ੍ਰਿਤਸਰ ਦੇ ਹੋਟਲਾਂ ਵਿੱਚ 45 ਫੀਸਦੀ ਬੁਕਿੰਗ ਕੈਂਸਲ ਹੋਈ ਹੈ,ਜਿਸ ਨਾਲ ਕਿੰਨੇ ਲੋਕਾਂ ਦਾ ਰੁਜ਼ਗਾਰ ਪ੍ਰਭਾਵਿਤ ਹੋਇਆ ਹੈ ।

ਮਾਨ ਨੇ ਸੂਬੇ ਦੇ ਮੁੱਖ ਮੰਤਰੀ ਤੇ ਤੰਜ ਕਸਦਿਆਂ ਕਿਹਾ ਹੈ ਕਿ ਇਹ ਕਿਦਾਂ ਦਾ ਮੁੱਖ ਮੰਤਰੀ ਹੈ ,ਜੋ ਹਰ ਜਗਾ ਬੇਇਜ਼ਤੀ ਕਰਵਾਉਣ ‘ਤੇ ਰਹਿੰਦਾ ਹੈ। ਮਾਨ ਦੇ ਇੱਕ ਸੰਬੋਧਨ ਦੀ ਵੀਡੀਓ ਦਿਖਾਉਂਦੇ ਹੋਏ ਕਿਹਾ ਹੈ ਕਿ ਹਾਰਵਰਡ ਯੂਨੀਵਰਸਿਟੀ ਨੂੰ ਹੇਅਵਰਡਸ ਦੱਸੀ ਜਾਂਦਾ ਹੈ,ਜੋ ਕਿ ਇੱਕ ਸ਼ਰਾਬ ਦਾ ਬਰਾਂਡ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੀ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਹੈ ਕਿ ਉਸ ਨੇ ਅਜਨਾਲਾ ਜਾਣ ਦਾ ਐਲਾਨ ਪਹਿਲਾਂ ਹੀ ਕੀਤਾ ਸੀ ਤਾਂ ਸਰਕਾਰ ਨੇ ਉਸ ਨੂੰ ਉਥੇ ਜਾਣ ਕਿਵੇਂ ਦੇ ਦਿੱਤਾ?