Punjab

ਕੱਚੇ ਮੁਲਾਜ਼ਮਾਂ ‘ਤੇ ਮਾਨ ਸਰਕਾਰ ਦਾ ‘U TURN’! ਖਹਿਰਾ ਨੇ ਪੁੱਛਿਆ ਕੀ ਇਹੀ ਬਦਲਾਅ ਹੈ ?

ਬਿਊਰੋ ਰਿਪੋਰਟ : ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮਾਨ ਸਰਕਾਰ ਦੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਦਾਅਵੇ ‘ਤੇ ਸਵਾਲ ਖੜੇ ਕੀਤੇ ਹਨ । ਕੁਝ ਦਿਨ ਪਹਿਲਾਂ ਹੀ ਮਾਨ ਕੈਬਨਿਟ ਨੇ 14 ਹਜ਼ਾਰ ਤੋਂ ਵੱਧ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਨੂੰ ਮਨਜ਼ੂਰੀ ਦਿੱਤੀ ਸੀ । ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਸੀ ‘ਕੱਚਾ ਸ਼ਬਦ’ ਅਸੀਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਸ਼ਬਦ ਕੋਸ਼ ਤੋਂ ਕੱਢ ਦੇਵਾਂਗੇ। ਉਨ੍ਹਾਂ ਕਿਹਾ ਸੀ ਕਿ ਮੁਲਾਜ਼ਮ ਕੱਚਾ-ਪੱਕਾ ਨਹੀਂ ਹੁੰਦਾ ਹੈ । ਜਦਕਿ ਹੁਣ ਮਾਨ ਸਰਕਾਰ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਡੇਲੀ ਵੇਜ ‘ਤੇ ਰੱਖਣ ਦੀ ਗੱਲ ਕਹਿ ਰਹੀ ਹੈ । ਇਸੇ ਨੂੰ ਲੈਕੇ ਸੁਖਪਾਲ ਸਿੰਘ ਖਹਿਰਾ ਨੇ ਸਵਾਲ ਚੁੱਕੇ ਹਨ ।

ਸੁਖਪਾਲ ਸਿੰਘ ਖਹਿਰਾ ਨੇ ਤੰਜ ਕੱਸ ਦੇ ਹੋਏ ਲਿਖਿਆ ‘ਕੀ ਇਹ ਹੀ ਬਦਲਾਅ ਹੈ । ਪੰਜਾਬ ਸਰਕਾਰ ਦੇ ਮੈਡੀਕਲ ਅਫਸਰ (MBBS), ਫਾਰਮਾਸਿਸਟ ਅਤੇ ਕਲੀਨਿਕ ਅਸਿਸਟੈਂਟ ਦੇ 83-83 ਅਹੁਦਿਆਂ ‘ਤੇ ਡੇਲੀਵੇਜ ਨਿਯੁਕਤ ਕਰਨ ਸਬੰਧੀ ਇਸ਼ਤਿਆਰ ਕੱਢਿਆ ਗਿਆ ਹੈ । ਇਹ ਹੀ ਕਾਰਨ ਹੈ ਕਿ ਕਾਂਗਰਸੀ ਵਿਧਾਇਕ ਨੇ ਮਾਨ ਸਰਕਾਰ ਦੇ ਰੈਗੂਲਰ ਨੌਕਰੀ ਦੇਣ ਦੇ ਦਾਅਵੇ ‘ਤੇ ਸਵਾਲ ਖੜੇ ਕੀਤੇ ਹਨ।

NHM ਦੇ ਤਹਿਤ ਹੋਣੀ ਹੈ ਨਿਯੁਕਤੀ

ਕੌਮੀ ਸਿਹਤ ਮਿਸ਼ਨ (NHM) ਦੇ ਤਹਿਤ ਡਾਕਟਰ ਅਤੇ ਮੈਡੀਕਲ ਸਟਾਫ ਦੀ ਨਿਯੁਕਤੀ ਕੀਤੀ ਜਾਵੇਗੀ । ਇਸ ਦੇ ਸਬੰਧ ਵਿੱਚ ਸਾਰੀਆਂ ਸ਼ਰਤਾਂ ਅਤੇ ਜਾਣਕਾਰੀ https://nhm.punjab.gov.in ‘ਤੇ ਦਿੱਤੀ ਗਈ ਹੈ । ਪੰਜਾਬ ਸਰਕਾਰ ਨੇ ਡੇਲੀ ਵੇਜ ‘ਤੇ ਇੰਨਾਂ ਭਰਤੀਆਂ ਲਈ ਅਰਜ਼ੀਆਂ ਦੇਣ ਦੀ ਅਖੀਰਲੀ ਤਰੀਕ 10 ਮਾਰਚ ਰੱਖੀ ਹੈ ।

ਇੱਕ ਮਰੀਜ਼ ਨੂੰ ਵੇਖਣ ਲਈ 50 ਰੁਪਏ ਦਿੱਤੇ ਜਾਣਗੇ

ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ ਇੱਕ ਮੈਡੀਕਲ ਅਫਸਰ (MBBS) ਨੂੰ ਰੋਜ਼ਾਨਾ ਘੱਟੋ-ਘੱਟ 50 ਮਰੀਜ਼ ਵੇਖਣੇ ਹੋਣਗੇ ਅਤੇ ਇੱਕ ਮਰੀਜ਼ ਦੇ 50 ਰੁਪਏ ਦਿੱਤੇ ਜਾਣਗੇ । ਹਰ ਮਰੀਜ਼ ਨੂੰ ਅਟੈਂਡ ਕਰਨ ਦੇ ਲਈ 12 ਰੁਪਏ ਦਿੱਤੇ ਜਾਣਗੇ । ਇਸ ਤੋਂ ਇਲਾਵਾ ਕਲੀਨਿਕ ਸਹਾਇਕ ਨੂੰ 11 ਰੁਪਏ ਪ੍ਰਤੀ ਮਰੀਜ਼ ਦਿੱਤਾ ਜਾਵੇਗਾ ਉਸ ਨੂੰ ਵੀ ਘੱਟੋ-ਘੱਟ 50 ਮਰੀਜ਼ਾਂ ਨੂੰ ਅਟੈਂਡ ਕਰਨਾ ਹੋਵੇਗਾ ।

ਪੰਜ ਜ਼ਿਲ੍ਹਿਆਂ ਵਿੱਚ ਨਿਯੁਕਤੀ ਕੀਤੇ ਜਾਣਗੇ MO ਅਤੇ ਸਟਾਫ

ਡੇਲੀ ਵੇਜ ‘ਤੇ ਨਿਯੁਕਤ ਕੀਤੇ ਜਾਣ ਵਾਲੇ ਮੈਡੀਕਲ ਅਫਸਰ,ਫਾਰਮਾਸਿਸਟ ਅਤੇ ਕਲੀਨਿਕ ਅਸਿਸਟੈਂਟ ਨੂੰ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਨਿਯੁਕਤ ਕੀਤਾ ਜਾਏਗਾ । ਇੰਨਾਂ ਨੂੰ ਅੰਮ੍ਰਿਤਸਰ,ਜਲੰਧਰ,ਲੁਧਿਆਣਾ,ਪਟਿਆਲਾ,ਫਗਵਾੜਾ,ਕਪੂਰਥਲਾ ਵਿੱਚ ਨਿਯੁਕਤ ਕੀਾਤ ਜਾਵੇਗਾ ।