Punjab

ਪੰਜਾਬ ਦੇ ਸਕੂਲਾਂ ਲਈ ‘ਮਾਨ’ ਦਾ ਵੱਡਾ ਐਲਾਨ

Big announcement of 'Maan' for schools in Punjab

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ,ਮਨਮੋਹਨ ਸਟੇਡੀਅਮ ਵਿਖੇ ਆਯੋਜਿਤ ਇੱਕ ਪ੍ਰੋਗਰਾਮ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਾਸਟਰ ਕਾਡਰ ਦੇ 3910 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਹਨ। ਮੁੱਖ ਮੰਤਰੀ ਮਾਨ ਨੇ ਇਸ ਨਵੇਂ ਸਾਲ ‘ਚ ਰੁਜ਼ਗਾਰ, ਸਿਹਤ, ਸਿੱਖਿਆ ਤੇ ਵਪਾਰ ਨੂੰ ਪਹਿਲ ਦੇਣ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ, ਉਨ੍ਹਾਂ ਵਿੱਚ ਸਾਇੰਸ ਦੇ 854 , ਅੰਗਰੇਜ਼ੀ ਦੇ 754 , ਗਣਿਤ ਦੇ 906 , ਸ਼ੋਸ਼ਲ ਸਾਇੰਸ ਦੇ 630 , ਪੰਜਾਬੀ ਦੇ 531 , ਹਿੰਦੀ ਦੇ 235 ਅਧਿਆਪਕ ਸ਼ਾਮਲ ਹਨ।

ਮੁੱਖ ਮੰਤਰੀ ਮਾਨ ਨੇ ਨਿਯੁਕਤੀ ਪੱਤਰ ਹਾਸਲ ਕਰਨ ਵਾਲਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਮਾਨ ਨੇ ਕਿਹਾ ਕਿ ਅੱਜ ਕਰਮਚਾਰੀਆਂ ਨੂੰ ਦਿੱਤੀ ਨੌਕਰੀ ਠੇਕੇ ਉੱਤੇ ਨਹੀਂ ਬਲਕਿ ਪੱਕੀ ਨੌਕਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕ ਮਾਪੇ ਮਿਲਣੀ ਪਹਿਲਾਂ ਪ੍ਰਾਈਵੇਟ ਸਕੂਲਾਂ ਵਿੱਚ ਹੁੰਦੀ ਸੀ। ਉਨ੍ਹਾਂ ਕਿਹਾ ਕਿ ਹੁਣ ਜ਼ਮਾਨਾ ਬਦਲ ਗਿਆ ਹੈ ਮਾਪੇ ਅਤੇ ਅਧਿਆਪਕਾਂ ਦੀ ਮਿਲਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 117 ਸਕੂਲ ਪੰਜਾਬ ਵਿੱਚ ਐਂਮੀਨੈਂਸ ਬਣਨੇ ਹਨ ਜਿਹੜੇ ਸਕੂਲਾਂ ਵਾਸਤੇ ਤੁਸੀਂ ਅਧਿਆਪਕਾਂ ਨੇ ਬੱਚੇ ਦੇਣੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਬੱਚਿਆਂ ਨੂੰ ਸੋਨਾ ਬਣਾਉਣਾ ਹੈ, ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ, ਸਭ ਨੂੰ ਇੱਥੇ ਹੀ ਰੁਜ਼ਗਾਰ ਮਿਲੇਗਾ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬੇ ’ਚ ਅਧਿਆਪਕਾਂ ਦੀ ਕਾਫੀ ਕਮੀ ਹੈ, ਉਸ ਨੂੰ ਪੂਰਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸੂਬੇ ’ਚ ਸਿੱਖਿਆ ਢਾਂਚੇ ਨੂੰ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ ਤੇ ਆਉਣ ਵਾਲੇ ਦਿਨਾਂ ’ਚ ਸੂਬੇ ’ਚ ਸਿੱਖਿਆ ਦਾ ਪੱਧਰ ਕਾਫੀ ਉੱਚ ਹੋਵੇਗਾ।

ਉਨ੍ਹਾਂ ਨਵੇਂ ਨਿਯੁਕਤ ਹੋਏ ਅਧਿਆਪਕਾਂ ਨੂੰ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਸਕੂਲ ਤੁਹਾਡੀ ਉਡੀਕ ਕਰ ਰਹੇ ਹਨ। ਪਿੰਡਾਂ ਦੇ ਸਕੂਲਾਂ ਵਿੱਚ ਬੱਚੇ ਆਉਂਦੇ ਹਨ ਅਤੇ ਖਾਲੀ ਮੁੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਤੁਹਾਨੂੰ ਦੋ-ਤਿੰਨ ਮਹੀਨੇ ਪਿੰਡਾਂ ਵਿੱਚ ਜਾ ਕੇ ਮਿਹਨਤ ਕਰਨੀ ਪਵੇਗਾ ਕਿ ਬੱਚੇ ਨੂੰ ਸਾਡੇ ਕੋਲ ਸਕੂਲ ਵਿੱਚ ਲਾਓ ਜੀ ਅਸੀਂ ਵਧੀਆ ਪੜ੍ਹਾਂਗੇ।

ਉਨ੍ਹਾਂ ਕਿਹਾ ਕਿ ਅਸੀਂ ਬਦਲੀਆਂ ਦੀ ਇਹ ਨੀਤੀ ਬਣਾ ਦਿੱਤੀ ਹੈ ਕਿ ਜਿਉਂ ਜਿਉਂ ਤੁਹਾਡਾ ਤਜ਼ਰਾਬਾ ਹੁੰਦਾ ਜਾਵੇਗਾ ਅਸੀਂ ਤੁਹਾਡੇ ਘਰ ਦੇ ਨੇੜੇ ਆਪਣੇ ਆਪ ਹੀ ਕਰੀ ਜਾਵਾਂਗੇ। ਉਨ੍ਹਾਂ ਕਿਹਾ ਕਿਤੇ ਹੁਣ ਇਹ ਨਾ ਹੋਵੇ ਕਿ ਤੁਸੀਂ ਬਦਲੀਆਂ ਲਈ ਐਮਐਲਏ ਭਾਲਣੇ ਸ਼ੁਰੂ ਕਰ ਦਿਓ। ਈਟੀਟੀ ਅਧਿਆਪਕਾਂ ਕੇਡਰ ਅਧਿਆਪਕਾਂ ਦੇ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਹਨ। ਇਕ ਹੋਰ ਇਸ਼ਤਿਹਾਰ ਜਾਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਿਯੁਕਤੀਆਂ ਲਈ ਇਕ ਵੀ ਸਿਫਾਰਸ਼ ਨਹੀਂ ਚਲੇਗੀ, ਨਾ ਹੀ ਰਿਸ਼ਵਤ ਚੱਲੇਗੀ।

ਮਾਨ ਨੇ ਕਿਹਾ ਕਿ ਬਾਕੀ ਰਹਿ ਗਏ ਉਮੀਦਵਾਰਾਂ ਨੂੰ ਵੀ ਜਲਦ ਹੀ ਨਿਯੁਕਤੀ ਪੱਤਰ ਵੰਡੇ ਜਾਣਗੇ। ਹੁਣ ਕਿਸੇ ਦੀ ਕੋਈ ਸਿਫ਼ਾਰਸ਼ ਨਹੀਂ ਚੱਲੇਗੀ , ਕੋਈ ਰਿਸ਼ਵਤ ਨਹੀਂ ਚੱਲੇਗੀ। ਮਾਨ ਨੇ ਕਿਹਾ ਕੇ ਵੱਖ –ਵੱਖ ਵਿਸ਼ਿਆਂ ਦੇ ਲਈ 343 ਲੈਕਚਆਰਾਂ ਦੀ ਭਰਤੀ ਲਈ ਵੀ ਮਾਨ ਸਰਕਾਰ ਨੇ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ ਅਤੇ 19 ਮਾਰਚ 2023 ਅਤੇ 26ਮਾਰਚ 2023 ਨੂੰ ਉਨ੍ਹਾਂ ਦਾ ਲਿਖਤੀ ਟੈਸਟ ਹੋਵੇਗਾ।

ਮੁੱਖ ਮੰਤਰੀ ਮਾਨ ਨੇ ਸਕੂਲਾਂ ਨੂੰ ਲੈ ਕੇ ਵੀ ਇੱਕ ਵਾਅਦਾ ਕੀਤਾ ਹੈ। ਮਾਨ ਨੇ ਕਿਹਾ ਕਿ ਇੱਕ ਸਾਲ ਦੇ ਅੰਦਰ-ਅੰਦਰ ਪੰਜਾਬ ਦੇ ਹਰ ਸਕੂਲ ਵਿੱਚ ਕੋਈ ਵੀ ਬੱਚਾ ਦਰੀਆਂ ‘ਤੇ ਨਹੀਂ ਬੈਠੇਗਾ ਸਗੋਂ ਉਨ੍ਹਾਂ ਦੇ ਬੈਠਣ ਲਈ ਹਰ ਸਕੂਲ ਵਿੱਚ ਬੈਂਚਾਂ ਦਾ ਪ੍ਰਬੰਧ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਪੰਜਾਬ ਦੇ ਹਰ ਸਕੂਲ ਦੀ ਦਿੱਖ ਬਦਲੀ ਜਾਵੇਗੀ , ਉਨ੍ਹਾਂ ਦੀ ਪੜ੍ਹਾਈ ਅਤੇ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਤਾਂ ਜੋ ਪਿੰਡਾਂ ਦੇ ਲੋਕ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ।

ਉਨ੍ਹਾਂ ਕਿਹਾ ਕਿ ਸਕੂਲ ਵਿੱਚ ਵਾਚਮੈਨ ਅਤੇ ਮੈਨੇਜਰ ਹੋਣਗੇ। ਪੰਜਾਬ ਦੇ 66 ਪ੍ਰਿੰਸੀਪਲਾਂ ਨੂੰ ਸਰਕਾਰ ਦੇ ਖਰਚੇ ਉਤੇ ਸਿੰਘਾਪੁਰ ਭੇਜਿਆ ਜਾ ਰਿਹਾ ਹੈ, ਜਿਨ੍ਹਾਂ ਦੀ ਲਿਸਟ ਬਣ ਗਈ ਹੈ।