Khetibadi Punjab

CM ਮਾਨ ਅਬੋਹਰ ‘ਚ ਕਿਸਾਨਾਂ ਨਾਲ ਕਰਨਗੇ ਗੱਲਬਾਤ, ਮੁਆਵਜ਼ਾ ਰਾਸ਼ੀ ਦੇ ਦੇਣਗੇ ਚੈੱਕ

CM Mann will talk to farmers in Abohar, will give checks for compensation

ਚੰਡੀਗੜ੍ਹ : ਮਾਰਚ ਵਿੱਚ ਪਏ ਬੇਮੌਸਮੇ ਮੀਂਹ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪੀੜਤ ਕਿਸਾਨਾਂ ਨੂੰ ਅੱਜ ਮੁਆਵਜ਼ੇ ਦੀ ਰਾਸ਼ੀ ਦੇ ਚੈੱਕ ਦੇਣਗੇ। ਉਹ ਅੱਜ ਅਬੋਹਰ ਜਾ ਕੇ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ ਨੁਕਸਾਨ ਦੇ ਹਿਸਾਬ ਨਾਲ ਮੁਆਵਜ਼ਾ ਰਾਸ਼ੀ ਦੇ ਚੈੱਕ ਪ੍ਰਭਾਵਿਤ ਸੌਂਪਣਗੇ।

ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ। ਉਨ੍ਹਾਂ ਲਿਖਿਆ ਕਿ ਮੀਂਹ ਅਤੇ ਗੜੇਮਾਰੀ ਕਾਰਨ ਖਰਾਬ ਹੋਈ ਫਸਲ ਦਾ ਮੁਆਵਜ਼ਾ ਅੱਜ ਤੋਂ 20 ਦਿਨਾਂ ਦੇ ਅੰਦਰ ਮਿਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਲਿਖਿਆ ਕਿ ਖ਼ਰਾਬ ਫ਼ਸਲ ਅਜੇ ਵੀ ਖੇਤਾਂ ਵਿੱਚ ਪਈ ਹੈ ਪਰ ਮੁਆਵਜ਼ੇ ਦੀ ਰਾਸ਼ੀ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋਣ ਲੱਗੀ ਹੈ।

ਹਾਲਾਂਕਿ ਸੀਐਮ ਮਾਨ ਸਾਰੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਨਹੀਂ ਦੇ ਸਕਣਗੇ। ਕਿਉਂਕਿ ਜ਼ਿਆਦਾਤਰ ਜ਼ਿਲ੍ਹਿਆਂ ਦੇ ਕਿਸਾਨਾਂ ਦੀ ਗਿਰਦਾਵਰੀ ਪਟਵਾਰੀ ਸਮੇਤ ਹੋਰ ਅਧਿਕਾਰੀ ਨਹੀਂ ਕਰ ਸਕੇ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਦੇ ਅਬੋਹਰ ਆਉਣ ਤੋਂ ਇੱਕ ਦਿਨ ਪਹਿਲਾਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਵੀਡੀਓ ਜਾਰੀ ਕਰਕੇ ਕਿਸਾਨਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ।

ਦਰਅਸਲ, ਮਾਨ ਸਰਕਾਰ ਨੇ ਫਸਲਾਂ ਦੇ ਨੁਕਸਾਨ ਤੋਂ ਬਾਅਦ ਗਿਰਦਾਵਰੀ ਦੀ ਪ੍ਰਕਿਰਿਆ ਇਕ ਹਫਤੇ ਵਿਚ ਪੂਰੀ ਕਰਨ ਦਾ ਐਲਾਨ ਕੀਤਾ ਸੀ। ਪਰ ਹਾਲੇ ਤੱਕ ਬਹੁਤੇ ਜ਼ਿਲ੍ਹਿਆਂ ਦੇ ਕਿਸਾਨਾਂ ਦੀ ਗਿਰਦਾਵਰੀ ਲਈ ਕੋਈ ਅਧਿਕਾਰੀ ਨਹੀਂ ਪਹੁੰਚਿਆ।

16 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ

ਪੰਜਾਬ ਦੇ ਬਹੁਤੇ ਕਿਸਾਨ ਗਿਰਦਾਵਰੀ ਨਾ ਹੋਣ ਕਾਰਨ ਪਰੇਸ਼ਾਨ ਹਨ। ਇਹੀ ਕਾਰਨ ਹੈ ਕਿ ਦੋ ਦਿਨਾਂ ਵਿੱਚ ਹੀ 16 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਕਿਸਾਨਾਂ ਨੇ ਮੰਤਰੀ ਦੇ ਵਟਸਐਪ ਨੰਬਰ (93093-88088) ‘ਤੇ ਸ਼ਿਕਾਇਤਾਂ ਭੇਜੀਆਂ ਹਨ। ਪਰ ਅੱਜ ਕਿਸਾਨਾਂ ਨੂੰ ਮੁਆਵਜ਼ੇ ਦੀ ਰਾਸ਼ੀ ਦੇ ਚੈੱਕ ਦੇਣ ਲਈ ਸੀਐਮ ਮਾਨ ਦੇ ਅਬੋਹਰ ਵਿੱਚ ਪ੍ਰੋਗਰਾਮ ਹੋਣ ਕਾਰਨ ਖੇਤੀਬਾੜੀ ਮੰਤਰੀ ਧਾਲੀਵਾਲ ਨੂੰ ਇੱਕ ਦਿਨ ਪਹਿਲਾਂ ਹੀ ਵੀਡੀਓ ਜਾਰੀ ਕਰਨੀ ਪਈ। ਉਨ੍ਹਾਂ ਕਿਸਾਨਾਂ ਨੂੰ ਗਿਰਦਾਵਰੀ ਦੀ ਪ੍ਰਕਿਰਿਆ ਜਲਦੀ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਹੈ।

ਇਸ ਤੋਂ ਇਲਾਵਾ ਬੀਤੇ ਕੱਲ ਮਾਨ ਸਰਕਾਰ ਨੇ ਕਿਸਾਨ ਉਤੇ ਕੇਂਦਰ ਨੇ ਕੋਈ ਕੱਟ ਲਾਈ ਤਾਂ ਕੱਟੀ ਗਈ ਰਕਮ ਪੰਜਾਬ ਸਰਕਾਰ ਦੇਵੇਗੀ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਟਵੀਟ ਕੀਤਾ ਸੀ ਕਿ ‘ਕੇਂਦਰ ਸਰਕਾਰ ਵੱਲੋਂ ਕਣਕ ਦੇ ਦਾਣੇ ‘ਚ ਨਮੀ ਅਤੇ ਦਾਣਾ ਛੋਟਾ ਹੋਣ ਕਰਕੇ ਕਣਕ ਦੇ ਭਾਅ ‘ਚ ਜੋ ਕੱਟ ਲਾਇਆ ਗਿਆ ਹੈ ਉਸਦਾ ਖ਼ਰਚਾ ਪੰਜਾਬ ਸਰਕਾਰ ਆਪਣੇ ਪੱਲਿਓਂ ਕਰੇਗੀ…ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ…ਅਸੀਂ ਹਰ ਮੁਸ਼ਕਿਲ ਸਮੇਂ ‘ਚ ਨਾਲ ਖੜ੍ਹੇ ਹਾਂ…’